Latest News
ਕਿਸਾਨ ਗੱਲਬਾਤ ਲਈ ਰਾਜ਼ੀ, ਪਰ ਖੇਤੀ ਕਾਨੂੰਨਾਂ 'ਚ ਸੋਧ ਨਹੀਂ, ਵਾਪਸੀ ਚਾਹੁੰਦੇ : ਰਾਜੇਵਾਲ

Published on 06 Mar, 2021 11:03 AM.


ਨਵੀਂ ਦਿੱਲੀ (ਸੁਰਜੀਤ ਢੇਰ)
ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਆਪਣੇ ਅੰਦੋਲਨ ਦੇ 100 ਦਿਨ ਪੂਰੇ ਹੋਣ 'ਤੇ ਸ਼ਨੀਵਾਰ ਨੂੰ ਹਰਿਆਣਾ 'ਚ ਛੇ ਲੇਨ ਵਾਲੇ ਕੁੰਡਲੀ, ਮਾਨੇਸਰ, ਪਲਵਲ (ਕੇ ਐੱਮ ਪੀ) ਐੱਕਸਪ੍ਰੈੱਸ ਵੇ 'ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ | ਇਹ ਪ੍ਰਦਰਸ਼ਨ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਚੱਲਿਆ | ਅੱਜ ਕਿਸਾਨਾਂ ਨੇ 'ਬਲੈਕ ਡੇ' ਮਨਾਇਆ | ਕੇ ਐੱਮ ਪੀ ਐੱਕਸਪ੍ਰੈੱਸ ਵੇਅ 136 ਕਿਲੋਮੀਟਰ ਲੰਮਾ ਹੈ | ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਐੱਕਸਪ੍ਰੈੱਸ ਵੇਅ ਦੇ ਵਿਚਾਲੇ ਖੜਾ ਕਰਕੇ ਜਾਮ ਲਾ ਦਿੱਤਾ | ਸੋਨੀਪਤ 'ਚ ਇੱਕ ਕਿਸਾਨ ਨੇ ਕਿਹਾ, 'ਤਿੰਨੇ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ | ਅਸੀਂ ਪਿੱਛੇ ਨਹੀਂ ਹਟਾਂਗੇ |' ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਖ਼ਤਮ ਨਹੀਂ ਹੋ ਰਿਹਾ, ਬਲਕਿ ਹੋਰ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਲੰਮੇ ਅੰਦੋਲਨ ਨੇ ਏਕਤਾ ਦਾ ਸੰਦੇਸ਼ ਦਿੱਤਾ ਹੈ ਅਤੇ ਇੱਕ ਵਾਰ ਫਿਰ ਕਿਸਾਨਾਂ ਨੂੰ ਸਾਹਮਣੇ ਲੈ ਕੇ ਆਇਆ ਹੈ | ਬੀਤੇ ਕਰੀਬ ਤਿੰਨ ਮਹੀਨਿਆ ਤੋਂ ਦਿੱਲੀ ਦੀਆਂ ਤਿੰਨ ਸਰਹੱਦਾਂ 'ਤੇ ਵੱਡੀ ਗਿਣਤੀ 'ਚ ਕਿਸਾਨ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਨ |
ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੇ ਮਿਲ ਕੇ ਇਹ ਹਾਈਵੇ ਬੰਦ ਕੀਤਾ ਹੈ | ਇੱਥੇ ਸਭ ਕੁਝ ਸ਼ਾਂਤੀਪੂਰਨ ਚੱਲ ਰਿਹਾ ਹੈ | ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਹਾਂ, ਮਹਾਂਪੰਚਾਇਤਾਂ 'ਚ ਭੀੜ ਵਧ ਰਹੀ ਹੈ | ਰਾਜੇਵਾਲ ਨੇ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ, 'ਭਾਜਪਾ ਸਰਕਾਰ ਪੂਰੇ ਦੇਸ਼ ਨੂੰ ਵੇਚਣ ਜਾ ਰਹੀ ਹੈ | ਆਉਣ ਵਾਲੇ ਸਮੇਂ ਵਿੱਚ ਪੂਰਾ ਦੇਸ਼ ਬਾਹਰ ਨਿਕਲੇਗਾ | ਅੱਗੇ ਪੰਜ ਰਾਜਾਂ ਦੀਆਂ ਚੋਣਾਂ ਹਨ, ਸਾਡੀਆਂ ਟੀਮਾਂ ਉਥੇ ਪਹੁੰਚ ਚੁੱਕੀਆਂ ਹਨ ਅਤੇ ਮੈਂ ਵੀ ਜਲਦੀ ਜਾਵਾਂਗਾ ਅਤੇ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕਰਾਂਗਾ | ਅੱਗੇ ਮੀਟਿੰਗ ਕਰਕੇ ਹੋਰ ਫੈਸਲੇ ਲਏ ਜਾਣਗੇ |' ਉਹਨਾ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਅਗਲੇ ਗੇੜ ਦੀ ਗੱਲਬਾਤ ਲਈ ਤਿਆਰ ਹਨ, ਪਰ ਉਹ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਸੋਧਾਂ ਨਾਲ ਸਵੀਕਾਰ ਨਹੀਂ ਕਰਨਗੇ | ਹਰਿਆਣਾ ਦੇ ਕੁੰਡਲੀ ਵਿੱਚ ਪੱਛਮੀ ਪੈਰੀਫਿਰਲ ਐੱਕਸਪ੍ਰੈੱਸ ਵੇਅ 'ਤੇ ਰਾਜੇਵਾਲ ਨੇ ਕਿਹਾ ਕਿ ਜੇ ਸਰਕਾਰ ਸਾਨੂੰ (ਕਿਸਾਨ ਆਗੂ) ਬੁਲਾਉਂਦੀ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਸਾਡੀ ਮੰਗ ਇਕੋ ਹੈ ਕਿ ਅਸੀਂ ਤਿੰਨ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਹਾਂ | ਅਸੀਂ ਸੋਧ ਨੂੰ ਸਵੀਕਾਰ ਨਹੀਂ ਕਰਾਂਗੇ |
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਰਾਜੇਸ਼ ਚੌਹਾਨ ਨੇ ਅੱੈਕਸਪ੍ਰੈੱਸ ਵੇਅ ਜਾਮ ਕਰਨ ਬਾਰੇ ਕਿਹਾ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਸਾਡੇ ਕੋਲ ਇਹੀ ਰਾਹ ਬਚਿਆ ਹੈ | ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਹੋਣ 'ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਸਮਰਥਨ ਦੇਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਦੇ ਨਾਲ ਹੀ ਉਨ੍ਹਾ ਸ਼ਨੀਵਾਰ ਸਵੇਰੇ ਟਵੀਟ ਕਰਕੇ ਕਿਹਾ, 'ਖੇਤੀ ਕਾਨੂੰਨਾਂ ਖਿਲਾਫ਼ ਆਖਰੀ ਸਾਹ ਤੱਕ ਸੰਘਰਸ਼ ਚੱਲੇਗਾ ਅਤੇ ਜਿੱਤਾਂਗੇ |' 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਿਸਾਨ ਔਰਤਾਂ ਨਾ ਕੇਵਲ ਕਿਸਾਨ ਅੰਦੋਲਨ ਦੀ ਪੂਰੀ ਵਾਗਡੋਰ ਸੰਭਾਲਣਗੀਆਂ, ਬਲਕਿ ਨਵੇਂ ਢੰਗ ਨਾਲ ਵਿਰੋਧ ਪ੍ਰਦਰਸ਼ਨ ਵੀ ਕਰਨਗੀਆਂ | ਦਿੱਲੀ ਦੇ ਗਾਜ਼ੀਪੁਰ ਬਾਰਡਰ 'ਤੇ ਵਿਰੋਧ ਵਿੱਚ ਬੈਠੀਆਂ ਔਰਤਾਂ ਦੀ ਹੋਈ ਮੀਟਿੰਗ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਮਹਿੰਦੀ ਲਾ ਕੇ ਵਿਰੋਧ ਪ੍ਰਗਟਾਉਣ ਦਾ ਫੈਸਲਾ ਕੀਤਾ ਗਿਆ | ਹਾਲਾਂਕਿ ਇਹ ਕੋਈ ਸਧਾਰਨ ਮਹਿੰਦੀ ਨਹੀਂ ਹੋਵੇਗੀ | ਕਿਸਾਨ ਔਰਤਾਂ ਦਾ ਕਹਿਣਾ ਹੈ ਕਿ ਇਹ ਇਨਕਲਾਬੀ ਮਹਿੰਦੀ ਹੋਵੇਗੀ |
ਇਸ ਮੌਕੇ ਕਾਂਗਰਸ ਨੇ ਵੀ ਮੋਦੀ ਸਰਕਾਰ 'ਤੇ ਟਵੀਟ ਰਾਹੀਂ ਹਮਲਾ ਬੋਲਿਆ | ਕਾਂਗਰਸ ਨੇ ਵੀਡੀਓ ਸ਼ੇਅਰ ਕਰਕੇ ਕਿਹਾ, 'ਹੰਕਾਰ 'ਚ ਚੂਰ ਹੋ, ਕਿਉਂ ਏਨੇ ਮਗਰੂਰ ਹੋ | ਸਾਹਮਣੇ ਕਿਸਾਨ ਹਨ, ਹਥੇਲੀ 'ਤੇ ਉਨ੍ਹਾਂ ਦੀ ਜਾਨ ਹੈ | ਤੁਸੀਂ ਕੀ ਚਾਹੁੰਦੇ, ਉਹ ਤੁਹਾਡੇ ਹੱਥਕੰਡਿਆਂ ਤੋਂ ਡਰ ਜਾਣਗੇ | ਅੰਨਦਾਤਾ ਹੈ, ਹੰਕਾਰ ਤੁਹਾਡਾ ਚੂਰ ਕਰ ਜਾਵੇਗਾ |' ਕਾਂਗਰਸ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ 100 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਿਹਾ ਹੈ, ਪਰ ਗੂੰਗੀ-ਬਹਿਰੀ ਤਾਨਾਸ਼ਾਹ ਹਕੂਮਤ ਅੰਨਦਾਤਾ ਦੀ ਆਵਾਜ਼ ਨੂੰ ਸੁਣਨ ਲਈ ਤਿਆਰ ਨਹੀਂ | ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ ਯਾਦ ਰੱਖਿਆ ਜਾਵੇਗਾ | ਕਿਸਾਨਾਂ ਦੇ ਹੱਕ ਦੀ ਲੜਾਈ ਨੂੰ ਦਬਾਉਣ ਲਈ ਭਾਜਪਾ ਸਰਕਾਰ ਦੀ ਕਾਰਵਾਈ ਨਿੰਦਣਯੋਗ ਹੈ |
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਵੱਲੋਂ 'ਦੇਸ਼-ਵਿਆਪੀ ਕਾਲਾ ਦਿਵਸ' ਦੇ ਸੱਦੇ ਮੌਕੇ ਪੰਜਾਬ ਭਰ 'ਚ 68 ਥਾਵਾਂ (ਟੋਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ) 'ਤੇ ਚਲਦੇ 32 ਕਿਸਾਨ-ਜਥੇਬੰਦੀਆਂ ਦੇ ਪੱਕੇ ਧਰਨਿਆਂ 'ਚ ਭਰਵਾਂ ਹੁੰਗਾਰਾ ਮਿਲਿਆ | ਕਿਸਾਨਾਂ ਵੱਲੋਂ ਕਾਲੀਆਂ-ਪੱਗਾਂ, ਪੱਟੀਆਂ ਬੰਨ੍ਹ ਕੇ ਅਤੇ ਔਰਤਾਂ ਵੱਲੋਂ ਕਾਲੀਆਂ ਚੁੰਨੀਆਂ ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚਲਦੇ ਕਿਸਾਨ-ਅੰਦੋਲਨ ਨੂੰ 100 ਦਿਨ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਬੇਰੁਖੀ ਧਾਰੀ ਹੋਈ ਹੈ | ਭਾਵੇਂ ਕਿ ਕੌਮਾਂਤਰੀ ਪੱਧਰ 'ਤੇ ਉੱਠੀਆਂ ਆਵਾਜ਼ਾਂ ਕਾਰਨ ਸਰਕਾਰ ਦਬਾਅ ਹੇਠ ਹੈ, ਪਰ ਕਾਰਪੋਰੇਟ ਘਰਾਣਿਆਂ ਅਤੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਦਬਾਅ ਕਾਰਨ ਕਾਨੂੰਨ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ, ਪਰ ਇਤਿਹਾਸਕ ਕਿਸਾਨ ਅੰਦੋਲਨ ਦੀ ਤਾਕਤ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗੀ |
ਇਸ ਚੱਕਾ ਜਾਮ ਵਿੱਚ ਹਜ਼ਾਰਾਂ ਕਿਸਾਨਾਂ ਨੇ ਭਾਗ ਲਿਆ | ਔਰਤਾਂ ਦੀ ਗਿਣਤੀ ਵੀ ਜ਼ਿਆਦਾ ਸੀ | ਹਰਿਆਣਾ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਹਨ, ਇਨ੍ਹਾਂ ਦਾ ਸਮੁੱਚੇ ਦੇਸ਼ ਵਿਚ ਭਾਰੀ ਵਿਰੋਧ ਹੋ ਰਿਹਾ ਹੈ, ਬਲਕਿ ਦੁਨੀਆ ਵਿੱਚ ਵੀ ਇਨ੍ਹਾਂ ਕਾਨੂੰਨਾਂ ਖਿਲਾਫ ਮੁਜ਼ਾਹਰੇ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਹੋਈਆਂ | ਕਲਾਜ ਬਾਈ ਕਲਾਜ ਬਹਿਸ ਹੋ ਚੁੱਕੀ ਹੈ | ਸਰਕਾਰ ਕੋਲ ਕੋਈ ਜਵਾਬ ਨਹੀਂ ਸੀ, ਪਰ ਮੋਦੀ ਸਰਕਾਰ ਕੋਲ ਝੂਠ ਬੋਲਣ ਦਾ ਪੂਰਾ ਤਜਰਬਾ ਹੈ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਬੱਜਟ ਵਿੱਚ, 100 ਸਰਕਾਰੀ ਕੰਪਨੀਆਂ ਨੂੰ ਵੇਚ ਰਹੀ ਹੈ | ਦੇਸ਼ ਲਈ ਖਤਰਾ ਹੈ ਕਿ ਕੁੱਝ ਘਰਾਣੇ ਹੀ ਰਾਜ ਕਰਨਗੇ | ਮਜ਼ਦੂਰ ਨੂੰ ਬੰਧੂਆ ਮਜ਼ਦੂਰ ਬਣਾਇਆ ਜਾਵੇਗਾ | ਅੱਜ ਮੋਦੀ ਸਰਕਾਰ ਖਿਲਾਫ ਸਾਰਾ ਦੇਸ਼ ਇੱਕਮੁੱਠ ਖੜ੍ਹਾ ਹੋ ਗਿਆ ਹੈ | ਆਗੂਆਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਰੋਡ ਪਹਿਲੀ ਵਾਰ ਜਾਮ ਕੀਤੀ ਗਈ ਹੈ | ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਹਾੜ੍ਹੀ ਦੀ ਫਸਲ ਸਾਂਭਣ ਮੌਕੇ ਉਹ ਇਕੱਠ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ | ਅੱਜ ਪੰਜ ਘੰਟੇ ਦਾ ਇਹ ਸਫਲਤਾ-ਪੂਰਵਕ ਨੇਪਰੇ ਚੜ੍ਹ ਗਿਆ | ਇਸ ਇਕੱਠ ਨੂੰ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ, ਮਨਜੀਤ ਸਿੰਘ ਧਨੇਰ, ਕਿ੍ਸ਼ਨਾ ਪ੍ਰਸਾਦ, ਕੰਵਲਜੀਤ ਸਿੰਘ ਪੰਨੂ, ਮੇਜਰ ਸਿੰਘ ਪੁੰਨਾਵਾਲ, ਹਰਮੀਤ ਸਿੰਘ ਕਾਦੀਆਂ, ਰੁਪਿੰਦਰ ਪਾਲ ਕੌਰ, ਰਣਧੀਰ ਸਿੰਘ ਬੇਸਵਾਦ ਹਰਿਆਣਾ, ਅਵਤਾਰ ਸਿੰਘ ਬਹਿਰੂ, ਕਾਕਾ ਸਿੰਘ ਸਿੱਧੂਪੁਰ, ਬਲਦੇਵ ਸਿੰਘ ਸਿਰਸਾ, ਸੁਰੇਸ਼ ਕੈਂਥ ਹਰਿਆਣਾ, ਸਤਨਾਮ ਸਿੰਘ ਬਹਿਰੂ, ਬਲਜੀਤ ਸਿੰਘ ਗਰੇਵਾਲ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ ਸੰਧੂ, ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਮੈਡਮ ਕਵਿਤਾ ਕਰਨਾਟਕਾ, ਇੰਦਰਜੀਤ ਸਿੰਘ ਕੋਟ ਬੁੱਢਾ, ਜਸਵਿੰਦਰ ਸਿੰਘ ਢੇਸੀ, ਰਜਿੰਦਰ ਸਿੰਘ ਦੀਪ ਵਾਲਾ, ਹੰਸ ਰਾਜ ਰਾਣਾ, ਹਰਪਾਲ ਸੰਘਾ, ਅਮਰਜੀਤ ਸਿੰਘ ਛੀਨਾ, ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਨਿਹਾਲਗੜ੍ਹ, ਰਵਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਟਾਂਡਾ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਬਲਦੇਵ ਸਿੰਘ ਲਤਾਲਾ, ਕੁਲਵਿੰਦਰ ਸਿੰਘ ਭੂਦਨ, ਮੋਹਣ ਸਿੰਘ ਧਮਾਣਾ, ਸੁਰਜੀਤ ਸਿੰਘ ਢੇਰ, ਕਾਬਲ ਸਿੰਘ ਅੰਮਿ੍ਤਸਰ, ਦਰਸ਼ਨ ਸਿੰਘ ਕੁਠਾਲਾ, ਹਰਪਾਲ ਸਿੰਘ ਪੁਰਬਾ, ਗੁਰਨਾਇਬ ਸਿੰਘ ਜੈਤੇਵਾਲ, ਗੁਰਿੰਦਰ ਸਿੰਘ ਰੁੜਕੀ, ਸੰਤੋਖ ਸਿੰਘ ਸਰਾਂ, ਬਿੱਕਰ ਸਿੰਘ ਗਿੱਲ ਕਿਸਾਨ ਆਗੂ ਵੀ ਹਾਜ਼ਰ ਸਨ |

351 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper