Latest News
ਇਸ਼ਕ 'ਚ ਝੱਲੀ ਗਹਿਣਾ-ਗੱਟਾ ਲੈ ਕੇ ਚੱਲੀ ਸੀ ਲਾਹੌਰ

Published on 07 Apr, 2021 11:04 AM.


ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)
ਡੇਰਾ ਬਾਬਾ ਨਾਨਕ ਪੁਲਸ ਦੀ  ਇਮਾਨਦਾਰੀ ਨਾਲ ਡਿਊਟੀ ਕਰਨ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ, ਜਦੋਂ ਬੀਤੇ ਦਿਨੀਂ ਉੜੀਸਾ ਦੇ ਭੁਬਨੇਸ਼ਵਰ ਦੀ ਰਹਿਣ ਵਾਲੀ ਨੌਜਵਾਨ ਲੜਕੀ, ਜਿਸ ਦੀ ਉਮਰ ਕਰੀਬ 25 ਸਾਲ ਹੈ, ਡੇਰਾ ਬਾਬਾ ਨਾਨਕ ਪੁਲਸ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਮਿਲੀ | ਇਸ ਨੂੰ ਇੱਕ ਪਾਕਿਸਤਾਨੀ ਨੌਜਵਾਨ ਵੱਲੋਂ ਵਰਗਲਾ ਕੇ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਪਾਕਿਸਤਾਨ ਸੱਦਿਆ ਗਿਆ ਸੀ, ਜਿਸ ਦੀ ਸੂਚਨਾ ਮਿਲਣ 'ਤੇ ਪੁਲਸ ਵੱਲੋਂ ਕੋਰੀਡੋਰ ਤੋਂ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ | ਡੀ ਐੱਸ ਪੀ ਕੰਵਲਪ੍ਰੀਤ ਸਿੰਘ ਨੇ ਬੁੱਧਵਾਰ ਡੇਰਾ ਬਾਬਾ ਨਾਨਕ ਡੀ ਐੱਸ ਪੀ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ ਐੱਚ ਓ ਅਨਿਲ ਪਵਾਰ ਨੂੰ ਕਿਸੇ ਵਿਅਕਤੀ ਨੇ ਫੋਨ 'ਤੇ ਇਤਲਾਹ ਦਿੱਤੀ ਕਿ ਇੱਕ ਨੌਜਵਾਨ ਲੜਕੀ, ਜੋ ਉੜੀਸਾ ਤੋਂ ਆਈ ਹੈ, ਪਾਕਿਸਤਾਨ ਜਾਣ ਦੀ ਤਾਂਘ ਵਿੱਚ ਕੋਰੀਡੋਰ 'ਤੇ ਖੜੀ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਐੱਸ ਐੱਚ ਓ ਲੇਡੀ ਪੁਲਸ ਸਮੇਤ ਮੌਕੇ 'ਤੇ ਪੁੱਜੇ ਤੇ ਉਕਤ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਸ ਦੀ ਪਛਾਣ ਪੂਜਾ ਬਾਨੋ (ਕਾਲਪਨਿਕ ਨਾਂਅ) 25 ਸਾਲ ਪੁਲਸ ਥਾਣਾ ਸਾਸਨ ਜ਼ਿਲ੍ਹਾ ਸੰਬਲਪੁਰ (ਉੜੀਸਾ) ਵਜੋਂ ਹੋਈ ਹੈ, ਜੋ ਸ਼ਾਦੀਸ਼ੁਦਾ ਹੈ ਤੇ ਉਸ ਦੀ ਇੱਕ 5 ਸਾਲ ਦੀ ਬੱਚੀ ਵੀ ਹੈ |  ਲੜਕੀ ਨੇ ਦੱਸਿਆ ਕਿ ਉਸ ਨੇ ਪਿਛਲੇ 2 ਸਾਲ ਪਹਿਲਾਂ ਆਪਣੇ ਫੋਨ 'ਤੇ ਇੱਕ ਅਯਾਰ ਨਾਂਅ ਦੀ ਐਪ ਡਾਊਨਲੋਡ ਕੀਤੀ ਸੀ, ਜਿਸ 'ਤੇ ਇਸਲਾਮਾਬਾਦ ਪਾਕਿਸਤਾਨ ਦੇ ਰਹਿਣ ਵਾਲੇ ਇੱਕ ਮੁਹੰਮਦ ਵਕਾਰ ਨਾਮਕ ਲੜਕੇ ਨਾਲ ਫੋਨਚੈਟ ਹੋਈ, ਜਿਸ ਤੋਂ ਬਾਅਦ ਉਨ੍ਹਾਂ ਇੱਕ-ਦੂਸਰੇ ਨੂੰ ਆਪਣੇ ਮੋਬਾਇਲ ਨੰਬਰ ਦੇ ਦਿੱਤੇ ਤੇ ਉਨ੍ਹਾਂ ਦੀ ਵਟਸਐਪ ਰਾਹੀਂ ਗੱਲਬਾਤ ਹੋਣੀ ਸ਼ੁਰੂ ਹੋ ਗਈ |  ਪਾਕਿਸਤਾਨੀ ਲੜਕੇ ਵੱਲੋਂ ਇਸ ਲੜਕੀ ਨੂੰ ਆਪਣੀਆਂ ਗੱਲਾਂ ਵਿੱਚ ਵਰਗਲਾ ਕੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਪਾਕਿਸਤਾਨ ਆਉਣ ਲਈ ਸਹਿਮਤ ਕਰ ਲਿਆ | ਡੀ ਐੱਸ ਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਲੜਕੀ ਉਕਤ ਪਾਕਿਸਤਾਨੀ ਨੌਜਵਾਨ ਦੀਆਂ ਗੱਲਾਂ ਵਿੱਚ ਆ ਕੇ ਪਾਕਿਸਤਾਨ ਜਾਣ ਲਈ ਸਹਿਮਤ ਹੋ ਗਈ ਤੇ ਉਕਤ ਲੜਕੀ ਆਪਣੇ ਪੇਕੇ ਘਰ ਉੜੀਸਾ ਤੋਂ ਹਵਾਈ ਜਹਾਜ਼ ਰਾਹੀ  ਦਿੱਲੀ ਤੇ ਦਿੱਲੀ ਤੋਂ ਬੱਸ ਰਾਹੀ ਵਾਇਆ ਜਲੰਧਰ ਅੰਮਿ੍ਤਸਰ ਪਹੁੰਚੀ | ਉਨ੍ਹਾ ਦੱਸਿਆ ਕਿ ਉਕਤ ਲੜਕੀ 5 ਅਪ੍ਰੈਲ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਰਹੀ ਤੇ 6 ਅਪ੍ਰੈਲ ਨੂੰ ਅੰਮਿ੍ਤਸਰ ਤੋਂ ਬੱਸ ਰਾਹੀ ਡੇਰਾ ਬਾਬਾ ਨਾਨਕ ਪੁੱਜੀ ਤੇ ਡੇਰਾ ਬਾਬਾ ਨਾਨਕ ਬੱਸ ਸਟੈਂਡ ਤੋ ਰਿਕਸ਼ੇ ਰਾਹੀਂ ਕਰਤਾਰਪੁਰ ਸਾਹਿਬ ਕੋਰੀਡੋਰ ਪੁੱਜੀ, ਜਿੱਥੇ ਬੀ ਐੱਸ ਐਫ ਦੀ ਸਕਿਉਰਟੀ ਨੇ ਇਸ ਨੂੰ ਇਹ ਕਹਿ ਕਿ ਵਾਪਸ ਕਰ ਦਿੱਤਾ ਕਿ ਕੋਰੋਨਾ ਕਰਕੇ ਕੋਰੀਡੋਰ ਬੰਦ ਹੈ ਤੇ ਬਿਨ੍ਹਾਂ ਪਾਸਪੋਰਟ ਪਾਕਿਸਤਾਨ ਜਾਣਾ ਅਸੰਭਵ ਹੈ |  ਉਨ੍ਹਾ ਕਿਹਾ ਕਿ ਜਦ ਇਸ ਬਾਰੇ ਪੁਲਸ ਨੂੰ ਪਤਾ ਚੱਲਿਆ ਤਾਂ ਐੱਸ ਐੱਚ ਓ ਅਨਿਲ ਪਵਾਰ ਨੇ ਉਕਤ ਲੜਕੀ ਨੂੰ ਲੇਡੀ ਪੁਲਸ ਦੀ ਸਹਾਇਤਾ ਨਾਲ ਥਾਣੇ ਲਿਆਂਦਾ ਤੇ ਪੁੱਛਗਿੱਛ ਕਰਨ ਉਪਰੰਤ ਲੜਕੀ ਦੇ ਪਰਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੁਲਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਬੁਲਾਇਆ ਗਿਆ | ਡੀ ਐੱਸ ਪੀ ਨੇ ਦੱਸਿਆ ਕਿ ਉਕਤ ਲੜਕੀ ਕੋਲੋਂ ਬਰਾਮਦ 18 ਆਈਟਮਾਂ ਸੋਨੇ ਦੇ ਗਹਿਣੇ, ਜਿਨ੍ਹਾਂ ਦਾ ਵਜਨ ਕਰੀਬ 25 ਤੋਲੇ ਅਤੇ 3 ਆਈਟਮਾਂ ਚਾਂਦੀ, ਜਿਨ੍ਹਾਂ ਦਾ ਵਜ਼ਨ ਕਰੀਬ 60 ਗ੍ਰਾਮ ਜੋ ਆਪਣੇ ਘਰ ਤੋਂ ਨਾਲ ਲੈ ਕੇ ਆਈ ਸੀ ਲੜਕੀ ਸਮੇਤ ਸਾਰਾ ਸੋਨਾ ਤੇ ਜੇਵਰਾਤ ਉਸ ਦੇ ਪਰਵਾਰ ਨੂੰ ਸੌਂਪ ਦਿੱਤੇ ਹਨ | ਇਸ ਮੌਕੇ ਐੱਸ ਐੱਚ ਓ ਅਨਿਲ ਪਵਾਰ, ਏ ਐੱਸ ਆਈ ਮਨਜੀਤ ਸਿੰਘ, ਏ ਐੱਸ ਆਈ ਸੁਖਦੇਵ ਸਿੰਘ, ਰੀਡਰ ਗੁਰਪਾਲ ਸਿੰਘ ਆਦਿ ਹਾਜ਼ਰ ਸਨ |

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper