ਮਮਦੋਟ (ਜਸਬੀਰ ਸਿੰਘ ਕੰਬੋਜ)
ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਫਿਰੋਜ਼ਪੁਰ ਤੋਂ ਕਰੀਬ 10 ਕਿਲੋਮੀਟਰ ਦੂਰ ਜੰਗਾ ਵਾਲਾ ਮੋੜ (ਮਹਿਲ ਸਿੰਘ ਵਾਲਾ) ਨੇੜੇ ਬਲੈਰੋ ਨਾਲ ਟੱਕਰ 'ਚ ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਨੌਜਵਾਨਾਂ ਵਿਚੋਂ ਦੋ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ | ਮੰਡੀ ਰੋੜਾਂਵਾਲੀ (ਜਲਾਲਾਬਾਦ) ਦੇ ਨੌਜਵਾਨ ਫਿਰੋਜ਼ਪੁਰ ਵਿਖੇ ਆਰਮੀ ਦੀ ਚੱਲ ਰਹੀ ਭਰਤੀ ਵਿੱਚੋਂ ਮੁੜਦੇ ਜਲਾਲਾਬਾਦ ਨੂੰ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਬਲੈਰੋ ਨੇ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਦਿਆਂ ਆਪਣੀ ਲਪੇਟ ਵਿਚ ਲੈ ਲਿਆ | ਪਿੰਡ ਵਾਸੀਆਂ ਨੇ ਮੁਢਲੀ ਸਹਾਇਤਾ ਦੇ ਕੇ ਇਲਾਜ ਵਾਸਤੇ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ | ਬਲੈਰੋ ਚਾਲਕ ਫਟੇ ਟਾਇਰ ਨਾਲ ਹੀ ਗੱਡੀ ਭਜਾ ਕੇ ਲੈ ਗਿਆ | ਐੱਸ ਐੱਚ ਓ ਜਤਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏ ਐੱਸ ਆਈ ਹਰਬੰਸ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਰਵਾਨਾ ਕਰ ਦਿੱਤੀ ਗਈ ਤੇ ਤਫਤੀਸ਼ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |