Latest News
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਪਟਿਆਲਾ ਮਹਾਂ ਰੈਲੀ 'ਚ ਹੋਵੇਗੀ ਸ਼ਾਮਲ

Published on 24 Jul, 2021 11:03 AM.


ਮੋਗਾ (ਅਮਰਜੀਤ ਬੱਬਰੀ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਰੀਵਾਲ ਹਾਲ ਵਿਖੇ ਅਵਤਾਰ ਸਿੰਘ ਤਾਰੀ ਐਕਟਿੰਗ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਗੁਰਜੰਟ ਸਿੰਘ ਕੋਕਰੀ ਤੇ ਅਵਤਾਰ ਸਿੰਘ ਗਗੜਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਭਰ ਦੇ ਸਮੁੱਚੇ ਕਿਰਤੀ ਪੰਜਾਬ ਵਿੱਚ ਚੋਣਾਂ ਸਮੇਂ ਲੁਭਾਏ ਵਾਅਦਿਆਂ ਵਿੱਚ ਆ ਕੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ | ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਚੋਣਾਂ ਵਿੱਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਸਮੁੱਚੇ ਲੋਕ ਸੜਕਾਂ ਉਪਰ ਉਤਰਨ ਲਈ ਮਜਬੂਰ ਹਨ | ਪੰਜਾਬ ਦੇ ਮੁਲਾਜ਼ਮ, ਪੈਨਸ਼ਨਰਜ਼ ਪੰਜ ਸਾਲ ਪਹਿਲਾਂ ਡਿਊ ਪੇ ਕਮਿਸ਼ਨ ਦੀ ਰਿਪੋਰਟ, ਜੋ 2016 ਤੋਂ ਲਾਗੂ ਹੋਣੀ ਸੀ, ਉਹ ਵੀ ਲੰਮੇ ਸੰਘਰਸ਼ ਤੋਂ ਬਾਅਦ ਖੋਦਿਆ ਪਹਾੜ ਅਤੇ ਨਿਕਲਿਆ ਮਰਿਆ ਚੂਹਾ ਹੀ ਸਾਬਤ ਹੋਈ | ਠੇਕੇ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਬੰਦਸ਼ਾਂ ਅਤੇ 10 ਸਾਲਾਂ ਦੀ ਸ਼ਰਤ ਲਗਾ ਕੇ ਪੱਕਾ ਕਰਨ ਦਾ ਲਗਾਇਆ ਲਾਰਾ ਵੀ ਝੂਠਾ ਸਾਬਤ ਹੋ ਰਿਹਾ ਹੈ | ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਕੋਰਾ ਜਵਾਬ ਅਤੇ ਸਕੀਮ ਵਰਕਰਾਂ ਨੂੰ ਵੀ ਆਪਣੇ ਮੁਲਾਜ਼ਮ ਨਾ ਮੰਨ ਕੇ ਉਨ੍ਹਾਂ ਦਾ ਆਰਥਕ ਅਤੇ ਮਾਨਸਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹੁਣ ਪੰਜਾਬ ਐਂਡ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਆਰ-ਪਾਰ ਦੀ ਲੜਾਈ ਲੜਦਿਆਂ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ 29 ਜੁਲਾਈ ਨੂੰ ਪਟਿਆਲਾ ਵਿੱਚ ਮਹਾਂ ਰੈਲੀ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ | ਇਸ ਮੌਕੇ ਸ੍ਰੀ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਤਰ੍ਹਾਂ ਟ੍ਰਾਂਸਪੋਰਟ ਮਹਿਕਮਾ ਵੀ ਬੇਲਗਾਮ ਚੱਲ ਰਿਹਾ ਹੈ | ਪਿਛਲੇ ਲੰਮੇ ਸਮੇਂ ਤਾੋ ਵੋਟਾਂ ਦੀ ਰਾਜਨੀਤੀ 'ਤੇ ਚੱਲਦਿਆਂ ਰਿਆਇਤਾਂ ਦੀ ਤਾਂ ਝੜੀ ਲਗਾਈ ਗਈ ਹੈ, ਪਰ ਇਸ ਨੂੰ ਚਲਾਉਣ ਲਈ ਨਾ ਪੰਜਾਬ ਸਰਕਾਰ ਅਤੇ ਨਾ ਹੀ ਟ੍ਰਾਂਸਪੋਰਟ ਦੀ ਅਫਸਰਸ਼ਾਹੀ ਸੰਜੀਦਾ ਹੈ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਫੈਸਲੇ ਵੀ ਲਾਗੂ ਨਹੀ ਕੀਤੇ ਜਾ ਰਹੇ | ਇਸ ਮੌਕੇ ਕਾਮਰੇਡ ਗੁਰਮੇਲ ਮੋਗਾ ਨੂੰ ਸਮਰਪਿਤ ਸਿਧਾਂਤਕ ਸਕੂਲ ਖ਼ਜਿਆਰ (ਹਿਮਾਚਲ ਪ੍ਰਦੇਸ਼) ਵਿੱਚ 4 ਅਗਸਤ ਤੋਂ 6 ਅਗਸਤ ਤੱਕ ਲਗਾਉਣ ਦਾ ਫੈਸਲਾ ਵੀ ਕੀਤਾ ਗਿਆ | ਮੀਟਿੰਗ ਵਿਚ 18 ਡਿਪੂਆਂ ਦੇ ਪ੍ਰਧਾਨ, ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਕੈਸ਼ੀਅਰਾਂ ਤੋਂ ਇਲਾਵਾ ਸੈਂਟਰ ਬਾਡੀ ਦੇ ਮਨਜੀਤ ਸਿੰਘ ਗਿੱਲ, ਅੰਗਰੇਜ ਸਿੰਘ, ਦੀਦਾਰ ਪੱਟੀ, ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ ਬਰਾੜ, ਬਲਰਾਜ ਭੰਗੂ, ਇਕਬਾਲ ਸਿੰਘ ਪਠਾਨਕੋਟ, ਗੁਰਜੀਤ ਸਿੰਘ ਬਟਾਲਾ, ਦਵਿੰਦਰ ਕੁਮਾਰ, ਗੁਰਜੀਤ ਜਲੰਧਰ, ਸੰਜੀਵ ਕੁਮਾਰ, ਰਣਧੀਰ ਸਿੰਘ ਲੁਧਿਆਣਾ, ਜਗਪਾਲ ਸਿੰਘ, ਮਨਦੀਪ ਸਿੰਘ ਮੱਖੂ ਅਤੇ ਇੰਦਰਜੀਤ ਸਿੰਘ ਭਿੰਡਰ ਹਾਜ਼ਰ ਸਨ |

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper