Latest News
ਕੰਗਣਾ ਨੂੰ ਜੱਜ 'ਤੇ ਭਰੋਸਾ ਨਹੀਂ ਰਿਹਾ

Published on 20 Sep, 2021 11:42 AM.


ਮੁੰਬਈ : ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕੀਤੀ ਗਈ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦੇ ਸੰਬੰਧ ਵਿਚ ਅਦਾਕਾਰਾ ਕੰਗਣਾ ਰਣੌਤ ਸੋਮਵਾਰ ਮੁੰਬਈ ਦੀ ਇਕ ਅਦਾਲਤ ਵਿਚ ਪੇਸ਼ ਹੋਈ | ਅਦਾਲਤ ਨੇ ਪਿਛਲੇ ਹਫਤੇ ਕਿਹਾ ਸੀ ਕਿ ਜੇ ਅਦਾਕਾਰਾ 20 ਸਤੰਬਰ ਨੂੰ ਪੇਸ਼ ਨਹੀਂ ਹੁੰਦੀ ਹੈ ਤਾਂ ਅਦਾਲਤ ਉਸ ਵਿਰੁੱਧ ਵਾਰੰਟ ਜਾਰੀ ਕਰੇਗੀ | ਇਸ ਸਾਲ ਫਰਵਰੀ ਵਿਚ ਸੰਮਨ ਜਾਰੀ ਹੋਣ ਦੇ ਬਾਅਦ ਤੋਂ ਕੰਗਣਾ ਪਹਿਲੀ ਵਾਰ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਹੋਈ | ਜਾਵੇਦ ਅਖਤਰ (76) ਨੇ ਪਿਛਲੇ ਸਾਲ ਨਵੰਬਰ ਵਿਚ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੰਗਣਾ ਨੇ ਇਕ ਟੀ ਵੀ ਇੰਟਰਵਿਊ ਵਿਚ ਉਨ੍ਹਾ ਖਿਲਾਫ ਅਪਮਾਨਜਨਕ ਬਿਆਨ ਦਿੱਤਾ, ਜਿਸ ਨਾਲ ਉਨ੍ਹਾ ਦੇ ਅਕਸ ਨੂੰ ਢਾਹ ਲੱਗੀ ਹੈ |
ਇਸੇ ਦੌਰਾਨ ਕੰਗਣਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਕਿਹਾ—ਜਾਵੇਦ ਅਖਤਰ ਨੇ ਕੰਗਣਾ ਨੂੰ ਘਰ ਸੱਦ ਕੇ ਧਮਕੀ ਦਿੱਤੀ, ਡਰਾਇਆ ਤੇ ਕਿਹਾ ਕਿ ਜੇ ਤੂੰ ਰਿਤਿਕ ਰੌਸ਼ਨ ਤੋਂ ਮੁਆਫੀ ਨਾ ਮੰਗੀ ਤਾਂ ਖੁਦਕੁਸ਼ੀ ਕਰਨੀ ਪਵੇਗੀ, ਕਿਉਂਕਿ ਉਹ ਵੱਡਾ ਪਰਵਾਰ ਹੈ ਤੇ ਉਹ ਤੈਨੂੰ ਜੇਲ੍ਹ ਭਿਜਵਾ ਸਕਦੇ ਹਨ | ਹੋਰ ਵੀ ਕਈ ਗੱਲਾਂ ਕਹੀਆਂ, ਪਰ ਕੰਗਣਾ ਨੇ ਕੁਝ ਨਹੀਂ ਕਿਹਾ | ਕੰਗਣਾ ਦੀ ਤਬੀਅਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ, ਪਰ ਫਿਰ ਵੀ ਮੈਂ ਉਸ ਨੂੰ ਕਿਹਾ ਕਿ ਕੋਰਟ ਤਾਂ ਆਓ ਤਾਂ ਕਿ ਇਹ ਨਾ ਲੱਗੇ ਕਿ ਅਸੀਂ ਆ ਨਹੀਂ ਰਹੇ |
ਸਿੱਦੀਕੀ ਨੇ ਅੰਧੇਰੀ ਕੋਰਟ ਦੇ ਜੱਜ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ—ਜੱਜ ਕੰਗਣਾ ਨੂੰ ਵਾਰ-ਵਾਰ ਕੋਰਟ ਕਿਉਂ ਸੱਦ ਰਹੇ ਹਨ | ਵਾਰੰਟ ਜਾਰੀ ਕਰਨ ਦੀ ਦੋ ਵਾਰ ਧਮਕੀ ਵੀ ਦਿੱਤੀ | ਕੰਗਣਾ ਦਾ ਜੱਜ 'ਤੇ ਭਰੋਸਾ ਨਹੀਂ ਤੇ ਉਸ ਨੇ ਜੱਜ ਬਦਲਣ ਦੀ ਮੰਗ ਕੀਤੀ ਹੈ | ਕੋਰਟ ਆਉਣ ਤੋਂ ਪਹਿਲਾਂ ਕੰਗਣਾ ਨੇ ਇੰਸਟਾਗਰਾਮ 'ਤੇ ਗੁਲਾਬੀ ਸਾੜ੍ਹੀ ਵਿਚ ਕੁਝ ਗਲੈਮਰਜ਼ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ—ਚੇਤੇ ਰੱਖੋ ਜਿਹੜੇ ਤੁਹਾਨੂੰ ਕੁਝ ਬਣਾ ਨਹੀਂ ਸਕਦੇ, ਉਹ ਤੁਹਾਡਾ ਕੁਝ ਵਿਗਾੜ ਵੀ ਨਹੀਂ ਸਕਦੇ | ਅੱਖਾਂ ਵਿਚ ਅੱਖਾਂ ਪਾਓ | ਲਕੜਬੱਘੇ ਦਾ ਇਕੱਲੀ ਮੁਕਾਬਲਾ ਕਰ ਰਹੀ ਹਾਂ | ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਿਛਲੇ ਸਾਲ ਮੌਤ ਦੇ ਬਾਅਦ ਕੰਗਣਾ ਨੇ ਬਾਲੀਵੁੱਡ ਇੰਡਸਟਰੀ ਵਿਚ ਭਾਈ-ਭਤੀਜਾਵਾਦ ਦਾ ਦੋਸ਼ ਲਾਇਆ ਸੀ ਤੇ ਜਾਵੇਦ ਅਖਤਰ ਦਾ ਨਾਂਅ ਵੀ ਲਿਆ ਸੀ | ਅਖਤਰ ਨੇ 2 ਨਵੰਬਰ ਨੂੰ ਅੰਧੇਰੀ ਦੀ ਕੋਰਟ ਵਿਚ ਉਸ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਸੀ |

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper