Latest News
ਜਲਿ੍ਹਆਂਵਾਲਾ ਬਾਗ 'ਚ ਛੇੜਛਾੜ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਫ਼ਦ ਵੱਲੋਂ ਡੀ ਸੀ ਨੂੰ ਮੈਮੋਰੰਡਮ

Published on 20 Sep, 2021 11:43 AM.


ਜਲੰਧਰ. ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕ ਸਮਾਰਕ ਜਲਿ੍ਹਆਂਵਾਲਾ ਬਾਗ਼ ਨਾਲ ਸੁੰਦਰੀਕਰਨ ਤੇ ਨਵੀਨੀਕਰਨ ਦੇ ਨਾਂਅ 'ਤੇ ਕੀਤੀ ਛੇੜਛਾੜ ਵਿਰੁੱਧ ਦੇਸ਼ ਭਗਤ ਯਾਦਗਾਰ ਕਮੇਟੀ ਦਾ ਇੱਕ ਵਫ਼ਦ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੈਮੋਰੰਡਮ ਪੇਸ਼ ਕੀਤਾ |
ਕਮੇਟੀ ਦੇ ਪ੍ਰਧਾਨ ਕਾ. ਅਜਮੇਰ ਸਿੰਘ, ਮੀਤ ਪ੍ਰਧਾਨ ਕਾ. ਸੀਤਲ ਸਿੰਘ ਸੰਘਾ, ਜਨਰਲ ਸਕੱਤਰ ਕਾ. ਗੁਰਮੀਤ ਸਿੰਘ, ਖਜ਼ਾਨਚੀ ਕਾ. ਰਣਜੀਤ ਸਿੰਘ ਔਲਖ ਅਤੇ ਟਰੱਸਟ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਉਨ੍ਹਾਂ ਨੂੰ ਨਵੀਨੀਕਰਨ ਦੇ ਨਾਂਅ 'ਤੇ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਬਾਰੇ ਵਿਸਥਾਰ-ਪੂਰਵਕ ਗੱਲਬਾਤ ਕੀਤੀ ਅਤੇ ਰੋਸ ਪ੍ਰਗਟ ਕੀਤਾ ਕਿ ਇਹ ਤਬਦੀਲੀਆਂ ਇਸ ਇਤਿਹਾਸ ਧਰੋਹਰ ਨਾਲ ਕੋਝਾ ਮਜ਼ਾਕ ਹੈ, ਜਿਸ ਨੂੰ ਦੇਸ਼ ਭਗਤ ਆਵਾਮ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ | ਗੱਲਬਾਤ ਦੌਰਾਨ ਬਾਗ਼ ਦੀ ਮੁੱਖ ਗਲੀ ਜਿਸ ਰਾਹੀਂ ਜਨਰਲ ਡਾਇਰ ਅੰਦਰ ਗਿਆ ਸੀ, ਇਕੱਠ 'ਤੇ ਗੋਲੀ ਚਲਾਉਣ ਵਾਲੀ ਥਾਂ, ਸ਼ਹੀਦੀ ਜੋਤੀ, ਸ਼ਹੀਦੀ ਖੂਹ ਅਤੇ ਗੈਲਰੀਆਂ ਵਿੱਚ ਸਾਕੇ ਨਾਲ ਸੰਬੰਧਤ ਕੁਝ ਤਸਵੀਰਾਂ ਹਟਾਉਣ ਅਤੇ ਲੱਗੀਆਂ ਕੁਝ ਤਸਵੀਰਾਂ ਹੇਠ ਗਲਤ ਨਾਂਅ ਲਿਖੇ ਜਾਣ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅੰਗਰੇਜ਼ ਸਾਮਰਾਜ ਵੱਲੋਂ ਕੀਤੇ ਉਸ ਖੂਨੀ ਸਾਕੇ ਦੀ ਲੋਅ ਨੂੰ ਮੱਧਮ ਕਰਨ ਲਈ ਸੁੰਦਰੀਕਰਨ ਦੇ ਨਾਂਅ 'ਤੇ ਵਿਗਾੜ ਕੀਤਾ ਗਿਆ ਹੈ, ਜਦੋਂ ਕਿ ਇਸ ਯਾਦਗਾਰ ਦੀ ਅਸਲ ਇਤਿਹਾਸਕ ਦਿੱਖ ਨੂੰ ਸੰਭਾਲਣ ਦੀ ਲੋੜ ਸੀ |
ਡਿਪਟੀ ਕਮਿਸ਼ਨਰ ਸ੍ਰੀ ਖਹਿਰਾ ਨੇ ਵਫ਼ਦ ਦੀਆਂ ਮੰਗਾਂ ਨੂੰ ਬਹੁਤ ਸੰਜੀਦਗੀ ਨਾਲ ਸੁਣਿਆ ਅਤੇ ਵਿਸ਼ਵਾਸ ਦੁਆਇਆ ਕਿ ਉਹ ਕਮੇਟੀ ਦੇ ਇਨ੍ਹਾਂ ਜਜ਼ਬਾਤਾਂ ਅਤੇ ਮੰਗਾਂ ਨੂੰ ਸੰਬੰਧਤ ਵਿਭਾਗ ਅਤੇ ਅਧਿਕਾਰੀਆਂ ਕੋਲ ਪਹੁੰਚਾਉਣਗੇ | ਉਨ੍ਹਾਂ ਦੱਸਿਆ ਕਿ ਮੁੱਖ ਤੌਰ 'ਤੇ ਜਲਿ੍ਹਆਂਵਾਲਾ ਬਾਗ਼ ਦੀ ਸੰਭਾਲ ਕੌਮੀ ਜਲਿ੍ਹਆਂਵਾਲਾ ਟਰੱਸਟ ਦੇ ਅਧੀਨ ਹੈ, ਜਿਸ ਦੇ ਚੇਅਰਮੈਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਨ |

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper