Latest News
ਚੰਨੀ ਸਰਕਾਰ ਤੇ ਸਿੱਧੂ ਪਾਰਟੀ ਦਾ ਚਿਹਰਾ : ਕਾਂਗਰਸ

Published on 20 Sep, 2021 11:46 AM.ਨਵੀਂ ਦਿੱਲੀ : ਕਾਂਗਰਸ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕਥਿਤ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਮੱਦੇਨਜ਼ਰ ਸੋਮਵਾਰ ਸਪੱਸ਼ਟ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਦਾ ਚਿਹਰਾ ਹੋਣਗੇ | ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਆਸ ਪ੍ਰਗਟਾਈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸ਼ੀਰਵਾਦ ਇਸ ਨਵੀਂ ਸਰਕਾਰ ਨੂੰ ਮਿਲਦਾ ਰਹੇਗਾ | ਰਾਵਤ ਦੇ ਬਿਆਨ ਸੰਬੰਧੀ ਸੂਰਜੇਵਾਲਾ ਨੇ ਕਿਹਾ—ਮੈਂ ਹਰੀਸ਼ ਰਾਵਤ ਜੀ ਨਾਲ ਗੱਲ ਕੀਤੀ ਹੈ | ਕਈ ਦੋਸਤ ਉਨ੍ਹਾ ਦੀ ਗੱਲ ਨੂੰ ਜਾਣੇ-ਅਣਜਾਣੇ ਸਹੀ ਨਜ਼ਰੀਏ ਨਾਲ ਨਹੀਂ ਦੇਖ ਸਕੇ | ਮੈਂ ਫਿਰ ਦੁਹਰਾਉਂਦਾ ਹਾਂ ਕਿ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ | ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਹਨ | ਸਰਕਾਰ ਦੇ ਮੁਖੀ ਵਜੋਂ ਚਿਹਰਾ ਚੰਨੀ ਹਨ, ਜਦਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਸਿੱਧੂ ਚਿਹਰਾ ਹਨ | ਇਹ ਦੋਵੇਂ ਆਮ ਵਰਕਰਾਂ ਨਾਲ ਮਿਲ ਕੇ ਚੋਣਾਂ ਲੜਨਗੇ ਅਤੇ ਕਾਂਗਰਸ ਦੀ ਮੁੜ ਤੋਂ ਸਰਕਾਰ ਬਣੇਗੀ | ਉਨ੍ਹਾ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦਲਿਤ ਦੇ ਪੁੱਤਰ ਦਾ ਅਪਮਾਨ ਕਰ ਰਹੇ ਹਨ |
ਮੁੱਖ ਮੰਤਰੀ ਦੇ ਤੌਰ 'ਤੇ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਉਸ ਬਿਆਨ 'ਤੇ ਸਵਾਲ ਉਠਾਏ ਸਨ, ਜਿਸ ਵਿਚ ਰਾਵਤ ਨੇ ਪੰਜਾਬ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜਨ ਦੀ ਗੱਲ ਕਹੀ ਸੀ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਨੇ ਰਾਵਤ ਦੇ ਬਿਆਨ ਨੂੰ ਹੈਰਾਨੀਜਨਕ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਇਸ ਨਾਲ ਮੁੱਖ ਮੰਤਰੀ ਦੇ ਅਧਿਕਾਰ ਘੱਟ ਹੋਣ ਦਾ ਖਦਸ਼ਾ ਹੈ | ਜਾਖੜ ਨੇ ਟਵੀਟ ਕੀਤਾ ਸੀ-ਚਰਨਜੀਤ ਸਿਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣ ਵਾਲੇ ਦਿਨ ਸ੍ਰੀ ਰਾਵਤ ਦਾ 'ਸਿੱਧੂ ਦੀ ਅਗਵਾਈ ਵਿਚ ਚੋਣਾਂ ਲੜਨ ਵਾਲਾ ਬਿਆਨ' ਕਾਫੀ ਹੈਰਾਨ ਕਰਨ ਵਾਲਾ ਹੈ | ਇਹ ਨਾ ਸਿਰਫ ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਸਕਦਾ ਹੈ, ਬਲਕਿ ਇਸ ਅਹੁਦੇ ਲਈ ਉਨ੍ਹਾ ਦੀ ਚੋਣ ਨੂੰ ਵੀ ਨਕਾਰੇਗਾ |

197 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper