ਅਜ਼ਾਦ ਉਮੀਦਵਾਰ ਬਲਦੀਪ ਸਿੰਘ ਦੇ ਕਾਗਜ਼ ਰੱਦ

ਤਰਨ ਤਾਰਨ (ਸਾਗਰਦੀਪ ਸਿੰਘ ਅਰੋੜਾ)
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰਾਂ ਦੀ ਅੱਜ ਪੜਤਾਲ ਕੀਤੀ ਗਈ, ਜਿਸ ਦੌਰਾਨ ਅਜ਼ਾਦ ਉਮੀਦਵਾਰ ਸ. ਬਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਨਾਮਜ਼ਦਗੀ ਰੱਦ ਹੋ ਗਈ ਹੈ। ਸ੍ਰੀ ਖਡੂਰ ਸਾਹਿਬ ਦੇ ਰਿਟਰਨਿੰਗ ਅਧਿਕਾਰੀ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਅਜ਼ਾਦ ਉਮੀਦਵਾਰ ਸ. ਬਲਦੀਪ ਸਿੰਘ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਦਾ ਕਾਰਨ ਉਨ੍ਹਾਂ ਦੀ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ 'ਚ ਆਪਣੀ ਵੋਟ ਨਾ ਹੋਣਾ ਹੈ। ਉਨ੍ਹਾਂ ਦੱਸਿਆ ਕਿ ਸਵਿਧਾਨ ਅਤੇ ਕਾਨੂੰਨ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰ ਦੀ ਆਪਣੀ ਵੋਟ ਜ਼ਰੂਰ ਬਣੀ ਹੋਣੀ ਚਾਹੀਦੀ ਹੈ ਅਤੇ ਜੋ ਉਮੀਦਵਾਰ ਕਿਤੇ ਵੀ ਵੋਟਰ ਵਜੋਂ ਰਜਿਸਟਰ ਨਾ ਹੋਵੇ, ਉੇਹ ਚੋਣ ਨਹੀਂ ਲੜ ਸਕਦਾ ਹੈ। ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਵੋਟਰ ਹੋਣ ਦੀ ਮੁੱਢਲੀ ਸ਼ਰਤ ਨਾ ਪੂਰੀ ਕਰ ਸਕਣ ਕਰਕੇ ਸ. ਬਲਦੀਪ ਸਿੰਘ ਦੀ ਉਮੀਦਵਾਰੀ ਰੱਦ ਕੀਤੀ ਗਈ ਹੈ।
ਰਿਟਰਨਿੰਗ ਅਧਿਕਾਰੀ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬਾਕੀ ਸਾਰੇ 8 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ।
ਉਨ੍ਹਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਪੁੱਤਰ ਸ. ਬਲਬੀਰ ਸਿੰਘ ਦੇ ਕਾਗਜ਼ ਸਹੀ ਪਾਏ ਜਾਣ 'ਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਸ੍ਰੀਮਤੀ ਰਵਿੰਦਰ ਕੌਰ ਪਤਨੀ ਸ. ਰਵਿੰਦਰ ਸਿੰਘ ਦੇ ਨਾਮਜ਼ਦਗੀ ਪੇਪਰ ਕਾਨੂੰਨ ਅਨੁਸਾਰ ਆਪਣੇ ਆਪ ਹੀ ਕੈਂਸਲ ਹੋ ਗਏ ਹਨ।
ਰਿਟਰਨਿੰਗ ਅਧਿਕਾਰੀ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਤੋਂ ਬਾਅਦ, ਜੋ ਉਮੀਦਵਾਰ ਚੋਣ ਮੈਦਾਨ 'ਚ ਬਾਕੀ ਰਹਿ ਗਏ ਹਨ, ਉਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸ. ਰਵਿੰਦਰ ਸਿੰਘ ਬ੍ਰਹਮਪੁਰਾ, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸ. ਪੂਰਨ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਿਚ ਸ. ਸੁਖਦੇਵ ਸਿੰਘ, ਸ. ਭੁਪਿੰਦਰ ਸਿੰਘ, ਸ. ਅਜੀਤ ਸਿੰਘ ਸੈਣੀ, ਸ. ਸੁਮੈਲ ਸਿੰਘ, ਸ. ਹਰਜੀਤ ਸਿੰਘ ਅਤੇ ਸ. ਅਨੰਤਜੀਤ ਸਿੰਘ ਸ਼ਾਮਲ ਹਨ।