ਯਮਨ 'ਚ ਆਤਮਘਾਤੀ ਹਮਲੇ 'ਚ 10 ਜਵਾਨਾਂ ਦੀ ਮੌਤ


ਅਦਨ (ਨਵਾਂ ਜ਼ਮਾਨਾ ਸਰਵਿਸ)
ਯਮਨ ਦੇ ਅਦਨ ਸ਼ਹਿਰ 'ਚ ਰਾਸ਼ਟਰਪਤੀ ਦੇ ਦਫ਼ਤਰ ਦੇ ਬਾਹਰ ਕੀਤੇ ਗਏ ਆਤਮਘਾਤੀ ਹਮਲੇ 'ਚ ਫ਼ੌਜ ਦੇ 10 ਜਵਾਨਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜਵਾਨ ਜ਼ਖ਼ਮੀ ਹੋ ਗਏ। ਖ਼ਤਰਨਾਕ ਅੱਤਵਾਦੀ ਜਥੇਬੰਦੀ ਆਈ ਐਸ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਫ਼ੌਜ ਦੇ ਇੱਕ ਅਧਿਕਾਰੀ ਨੇ ਦਸਿਆ ਹੈ ਕਿ ਅਦਨ 'ਚ ਰਾਸ਼ਟਰਪਤੀ ਦਫ਼ਤਰ ਦੇ ਬਾਹਰੀ ਗੇਟ ਨੇੜੇ ਸਥਿਤ ਫ਼ੌਜ ਦੀ ਚੌਕੀ ਉਪਰ ਵਿਸਫੋਟਕ ਸਮੱਗਰੀ ਨਾਲ ਭਰੀ ਇੱਕ ਕਾਰ ਮਾਰੀ ਗਈ, ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ। ਆਈ ਐਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਹੈ ਕਿ ਨੀਦਰਲੈਂਡ ਦੇ ਇੱਕ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਆਈ ਐਸ ਨੇ ਯਮਨ ਦੇ ਰਾਸ਼ਟਰਪਤੀ ਅੱਬਦੂ ਰੱਬੂ ਮਨਸੂਰ ਹਾਟੀ ਅਤੇ ਉਨ੍ਹਾ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਅਧਿਕਾਰੀ ਨੇ ਦਸਿਆ ਹੈ ਕਿ ਇਹ ਪਹਿਲਾ ਮੌਕਾ ਹੈ, ਜਦੋਂ ਹਮਲੇ ਲਈ ਕਿਸੇ ਦੂਜੇ ਦੇਸ਼ ਦੇ ਹਮਲਾਵਰ ਨੂੰ ਇਸਤੇਮਾਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਯਮਨ ਦੀ ਰਾਜਧਾਨੀ ਸਾਨਾ 'ਚ ਇੱਕ ਮਸਜਿਦ 'ਚ ਹੋਏ ਆਤਮਘਾਤੀ ਹਮਲੇ 'ਚ 25 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਧਰ ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਤਾਲਿਬਾਨ ਅੱਤਵਾਦੀਆਂ ਨੇ ਚਾਰ ਪੁਲਸ ਜਵਾਨਾਂ ਨੂੰ ਮਾਰ ਦਿੱਤਾ। ਅੱਤਵਾਦੀ ਜਥੇਬੰਦੀ ਤਹਿਰੀਕ-ਏ-ਤਾਲਿਬਾਨ ਨੇ ਈਮੇਲ ਭੇਜ ਕੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਧਰ ਮਿਸਰ ਦੇ ਗੜਬੜ ਗ੍ਰਸਤ ਸਿਨਾਈ ਸੂਬੇ 'ਚ ਪੁਲਸ ਦੀ ਇੱਕ ਕਾਰ 'ਚ ਹੋਏ ਬੰਬ ਧਮਾਕੇ 'ਚ 2 ਪੁਲਸ ਜਵਾਨਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।