ਜਗਮੀਤ ਬਰਾੜ ਦੇ ਸਿਆਸੀ ਭਵਿੱਖ ਬਾਰੇ ਫੇਰ ਚਰਚੇ


ਚੰਡੀਗੜ੍ਹ (ਸੰਜੇ ਗਰਗ)-ਕੀ ਕਾਂਗਰਸ ਪਾਰਟੀ ਸੀਨੀਅਰ ਆਗੂ ਜਗਮੀਤ ਬਰਾੜ ਖਿਲਾਫ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਰੇਗੀ? ਕਾਂਗਰਸੀ ਹਲਕਿਆਂ 'ਚ ਇਸ ਸਵਾਲ ਨੂੰ ਲੈ ਕੇ ਜ਼ਬਰਦਸਤ ਚਰਚਾ ਛਿੜੀ ਹੋਈ ਹੈ। ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਨਾ ਲੜਨ ਦੇ ਕੈਪਟਨ ਦੇ ਫੈਸਲੇ ਦਾ ਖੁੱਲ੍ਹੇਆਮ ਵਿਰੋਧ ਕਰਨ ਕਰਕੇ ਕਾਂਗਰਸ ਪਾਰਟੀ ਦੇ ਕਰੀਬ ਦੋ ਦਰਜਨ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੇ ਬਰਾੜ ਵਿਰੁੱਧ ਅਨੁਸ਼ਾਸਨਹੀਣਤਾ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਖਡੂਰ ਸਾਹਿਬ ਜ਼ਿਮਨੀ ਚੋਣ ਲੜਨ ਦੇ ਮੁੱਦੇ 'ਤੇ ਗੁੱਟਬੰਦੀ ਦਾ ਸ਼ਿਕਾਰ ਹੋਏ ਕਾਂਗਰਸ ਪਾਰਟੀ 'ਤੇ ਅਨੁਸ਼ਾਸਨ ਦਾ ਡੰਡਾ ਚਲਾਉਂਦੇ ਹੋਏ ਪੰਜਾਬ ਮਸਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਹੈ ਕਿ ਬਰਾੜ ਨੂੰ ਪਾਰਟੀ ਫੋਰਮ 'ਤੇ ਹੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਬਰਾੜ ਅਤੇ ਕਾਂਗਰਸੀ ਵਿਧਾਇਕਾਂ ਨੂੰ ਇੱਕ ਦੂਜੇ ਦਾ ਮੀਡੀਆ 'ਚ ਵਿਰੋਧ ਕਰਨ ਦੀ ਥਾਂ ਪਾਰਟੀ ਦਾ ਅਨੁਸ਼ਾਸਨ ਮੰਨਣਾ ਚਾਹੀਦਾ ਹੈ। ਬਰਾੜ ਵੱਲੋਂ ਪਾਰਟੀ ਛੱਡਣ ਦੇ ਇੱਕ ਸੁਆਲ 'ਤੇ ਟਿੱਪਣੀ ਕਰਦਿਆਂ ਸ਼ਕੀਲ ਅਹਿਮਦ ਨੇ ਕਿਹਾ ਕਿ ਬਰਾੜ ਨੂੰ ਜਿੰਨਾ ਮਾਣ-ਸਨਮਾਨ ਕਾਂਗਰਸ ਪਾਰਟੀ 'ਚ ਮਿਲਿਆ ਹੈ, ਓਨਾ ਕਿਸੇ ਹੋਰ ਪਾਰਟੀ 'ਚ ਨਹੀਂ ਮਿਲਣਾ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਨਾ ਲੜਨ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਕੈਪਟਨ ਦੇ ਇਸ ਫੈਸਲੇ ਤੋਂ ਸਹਿਮਤ ਨਹੀਂ ਹਨ। ਪਾਰਟੀ ਦੇ ਇੱਕ ਧੜੇ ਦਾ ਕਹਿਣਾ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਰਮਨਜੀਤ ਸਿੰਘ ਸਿੱਕੀ ਨੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ, ਉਸ ਮੁੱਦੇ ਨੂੰ ਲੈ ਕੇ ਲੋਕਾਂ 'ਚ ਸਰਕਾਰ ਪ੍ਰਤੀ ਕਾਫੀ ਰੋਸ ਹੈ। ਇਸ ਰੋਸ ਦਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਫਾਇਦਾ ਹੋਣਾ ਸੀ ਅਤੇ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੂਬੇ 'ਚ ਸਰਕਾਰ 'ਤੇ ਵੀ ਅਕਾਲੀ ਦਲ ਦੀ ਪਕੜ ਢਿੱਲੀ ਪੈ ਜਾਣੀ ਸੀ। ਕੈਪਟਨ ਦੇ ਕੱਟੜ ਵਿਰੋਧੀ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਭਾਵੇਂ ਮੀਡੀਆ 'ਚ ਇਸ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ, ਪ੍ਰੰਤੂ ਪਾਰਟ ਹਾਈ ਕਮਾਂਡ ਕੋਲ ਉਹ ਆਪਣੇ ਸਮੱਰਥਕਾਂ ਰਾਹੀਂ ਇਸ ਮਾਮਲੇ 'ਤੇ ਕੈਪਟਨ 'ਤੇ ਅੰਦਰਖਾਤੇ ਹਮਲੇ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਨੂੰ ਲੈ ਕੇ ਕਾਂਗਰਸ ਦੀ ਗੁੱਟਬੰਦੀ ਕੀ ਰੰਗ ਲਿਆਉਂਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।