ਮੁੜ ਛਾਅ ਗਈ ਸਾਨੀਆ-ਹਿੰਗਿਜ ਦੀ ਜੋੜੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਜ ਦੀ ਜੋੜੀ ਨੇ ਆਸਟਰੇਲੀਅਨ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਮਹਿਲਾ ਡਬਲਜ਼ ਦੇ ਫਾਈਨਲ ਮੁਕਾਬਲੇ 'ਚ ਇਸ ਜੋੜੀ ਨੇ ਚੈੱਕ ਗਣਰਾਜ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਐਡਰੀਆ ਲਾਵਾਕੋਵਾ ਅਤੇ ਲੂਸੀ ਹਰਾਡੇਕਾ ਨੂੰ ਹਰਾ ਕੇ ਲਗਾਤਾਰ ਤੀਜਾ ਗ੍ਰੈਂਡ ਸਲੈਮ ਜਿੱਤਿਆ। ਫਾਈਨਲ ਮੁਕਾਬਲੇ 'ਚ ਇਸ ਜੋੜੀ ਨੇ ਆਪਣੀ ਵਿਰੋਧੀ ਜੋੜੀ ਨੂੰ 7-6, 6-2 ਦੇ ਸਿੱਧੇ ਸੈੱਟਾਂ ਨਾਲ ਹਰਾਇਆ। ਇਹ ਇਸ ਜੋੜੀ ਦੀ ਲਗਾਤਾਰ 36ਵੀਂ ਜਿੱਤ ਹੈ।
ਇਸ ਤੋਂ ਪਹਿਲਾਂ ਸਾਨੀਆ-ਹਿੰਗਜ ਦੀ ਜੋੜੀ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 'ਚ ਜਰਮਨੀ ਦੀ ਜੂਲੀਆ ਅਤੇ ਚੈਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਫਾਈਨਲ 'ਚ ਦਾਖ਼ਲਾ ਲਿਆ ਸੀ।
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਕਰੋਏਸ਼ੀਆ ਦੇ ਇਵਾਨ ਡੋਡਿਜ ਜੋੜੀ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾ ਪਿਛਲੇ ਸਾਲ ਚੈਂਪੀਅਨ ਲਿਐਂਡਰ ਪੇਸ ਤੇ ਮਾਰਟੀਨਾ ਹਿੰਗਜ ਨੂੰ ਸਿੱਟੇ ਸੈੱਟਾਂ 'ਚ ਹਰਾਇਆ। ਸਾਨੀਆ-ਡੋਡਿਜ ਦੀ ਜੋੜੀ ਨੂੰ ਇਹ ਮੈਚ ਜਿੱਤਣ ਲਈ ਇੱਕ ਘੰਟਾ 10 ਮਿੰਟ ਸੰਘਰਸ਼ ਕਰਨਾ ਪਿਆ। ਇਸ ਜੋੜੀ ਦਾ ਅਗਲਾ ਮੁਕਾਬਲਾ ਪੰਜਵਾਂ ਦਰਜਾ ਪ੍ਰਾਪਤ ਇਲੇਨਾ ਵੇਸਨੀਕਾ ਅਤੇ ਬਰੂਨੋ ਸੁਆਰੇਸ ਨਾਲ ਹੋਵੇਗਾ।
ਮੱਠੀ ਸ਼ੁਰੂਆਤ ਤੋਂ ਸਾਨੀਆ ਅਤੇ ਡੋਡਿਜ ਨੇ ਪਹਿਲਾ ਸੈੱਟ 44 ਮਿੰਟਾਂ 'ਚ ਜਿੱਤਿਆ ਅਤੇ ਦੂਜਾ ਸੈੱਟ ਅਸਾਨੀ ਨਾਲ ਜਿੱਤ ਲਿਆ।