ਖਡੂਰ ਸਾਹਿਬ ਜ਼ਿਮਨੀ ਚੋਣ 'ਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਤਰਨ ਤਾਰਨ (ਸਾਗਰਦੀਪ ਆਰੋੜਾ)
ਖਡੂਰ ਸਾਹਿਬ ਜ਼ਿਮਨੀ ਚੋਣ 'ਚ ਕੁੱਲ 7 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਜਿਨ੍ਹਾਂ ਨੂੰ ਅੱਜ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਅੱਜ ਇੱਕ ਅਜ਼ਾਦ ਉਮੀਦਵਾਰ ਅਜੀਤ ਸਿੰਘ ਸੈਣੀ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ। ਜੋ ਸੱਤ ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਹਨ, ਉਨ੍ਹਾਂ ਨੂੰ ਅੱਜ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ, ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਚੋਣ ਨਿਸ਼ਾਨ ਤੱਕੜੀ, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਉਮੀਦਵਾਰ ਪੂਰਨ ਸਿੰਘ ਸ਼ੇਖ ਨੂੰ ਟੈਲੀਵਿਜ਼ਨ ਚੋਣ ਨਿਸ਼ਾਨ ਦਿੱਤਾ ਗਿਆ ਹੈ। ਅਜ਼ਾਦ ਉਮੀਦਵਾਰਾਂ 'ਚ ਅਨੰਤਜੀਤ ਸਿੰਘ ਸੰਧੂ ਨੂੰ ਸਿਲਾਈ ਮਸ਼ੀਨ, ਸੁਖਦੇਵ ਸਿੰਘ ਖੋਸਲਾ ਨੂੰ ਸਟੂਲ, ਹਰਜੀਤ ਸਿੰਘ ਨੂੰ ਕੈਂਚੀ, ਡਾ. ਸੁਮੇਲ ਸਿੰਘ ਸਿੱਧੂ ਨੂੰ ਵਿਸਲ (ਸੀਟੀ) ਅਤੇ ਭੁਪਿੰਦਰ ਸਿੰਘ ਨੂੰ ਅਲਮਾਰੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।
ਇਸੇ ਦੌਰਾਨ ਖਡੂਰ ਸਾਹਿਬ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਸੀਨੀਅਰ ਆਈ ਏ ਐੱਸ ਅਧਿਕਾਰੀ ਪ੍ਰਮੋਧ ਕੁਮਾਰ ਗੁਪਤਾ ਨੇ ਕਿਹਾ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਪੂਰੀ ਤਰ੍ਹਾਂ ਨਿਰਪੱਖ ਅਤੇ ਅਜ਼ਾਦ ਮਹੌਲ 'ਚ ਕਰਾਈ ਜਾਵੇਗੀ। ਇਹ ਗੱਲ ਉਨ੍ਹਾ ਅੱਜ ਖਡੂਰ ਸਾਹਿਬ ਵਿਖੇ ਚੋਣ ਲੜ ਰਹੇ ਉਮੀਦਵਾਰਾਂ ਨਾਲ ਚੋਣ ਸੰਬੰਧੀ ਇੱਕ ਮੀਟਿੰਗ ਕਰਦਿਆਂ ਕਹੀ। ਸ੍ਰੀ ਗੁਪਤਾ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਵੋਟਰ ਨੂੰ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਚੋਣ ਕਮਿਸ਼ਨ ਦਾ ਅਮਲਾ ਨਿਰਪੱਖ ਚੋਣਾਂ ਕਰਾਉਣ ਲਈ ਦਿਨ-ਰਾਤ ਲੱਗਿਆ ਹੋਇਆ ਹੈ। ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਾਉਂਦਿਆਂ ਅਬਜ਼ਰਵਰ ਪ੍ਰਮੋਧ ਕੁਮਾਰ ਗੁਪਤਾ ਨੇ ਕਿਹਾ ਕਿ ਚੋਣ ਲੜ ਰਹੇ ਹਰ ਉਮੀਦਵਾਰ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਸਮੁੱਚੀ ਚੋਣ ਪ੍ਰਕ੍ਰਿਆ ਅਮਨ-ਸ਼ਾਤੀ ਨਾਲ ਨੇਪਰੇ ਚਾੜ੍ਹੀ ਜਾ ਸਕੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਹਰ ਚੋਣ ਜਲਸੇ ਅਤੇ ਮੀਟਿੰਗਾਂ ਦੀ ਅਗਾਊਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਚੋਣ ਦਫਤਰ ਵੱਲੋਂ ਹਰ ਉਮੀਦਵਾਰ ਨੂੰ ਇੱਕ ਚੋਣ ਖਰਚਾ ਰਜਿਸਟਰ ਦਿੱਤਾ ਗਿਆ ਹੈ, ਜਿਸ ਉੱਪਰ ਹਰ ਉਮੀਦਵਾਰ ਆਪਣੇ ਚੋਣ ਖਰਚੇ ਦਾ ਹਿਸਾਬ ਰੱਖੇਗਾ। ਉਨ੍ਹਾ ਕਿਹਾ ਕਿ 2 ਫਰਵਰੀ, 6 ਫਰਵਰੀ ਅਤੇ 10 ਫਰਵਰੀ ਨੂੰ ਸ਼ਾਮ 3 ਵਜੇ ਹਰ ਉਮੀਦਵਾਰ ਨੂੰ ਐੱਸ ਡੀ ਐੱਮ ਦਫਤਰ ਖਡੂਰ ਸਾਹਿਬ ਵਿਖੇ ਆਪਣਾ ਖਰਚਾ ਰਜਿਸਟਰ ਲਾਜ਼ਮੀ ਚੈੱਕ ਕਰਾਉਣਾ ਹੋਵੇਗਾ। ਪ੍ਰਮੋਧ ਕੁਮਾਰ ਗੁਪਤਾ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਆਪਣੇ ਚੋਣ ਇਸ਼ਤਿਹਾਰ ਸਰਕਾਰੀ ਇਮਾਰਤਾਂ 'ਤੇ ਬਿਲਕੁਲ ਨਾ ਲਗਾਉਣ ਅਤੇ ਨਿੱਜੀ ਇਮਾਰਤਾਂ 'ਤੇ ਵੀ ਇਸ਼ਤਿਹਾਰ ਇਮਾਰਤ ਦੇ ਮਾਲਕ ਕੋਲੋਂ ਲਿਖਤੀ ਮਨਜ਼ੂਰੀ ਲੈ ਕੇ ਹੀ ਲਗਾਏ ਜਾਣ। ਖਰਚਾ ਅਬਜ਼ਰਵਰ ਕੈਲਾਸ਼ ਮੰਗਲ ਨੇ ਉਮੀਦਵਾਰਾਂ ਨੂੰ ਚੋਣ ਖਰਚੇ ਸੰਬੰਧੀ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਕੋਈ ਵੀ ਉਮੀਦਵਾਰ ਵਿਧਾਨ ਸੀਟ ਦੀ ਚੋਣ ਵਿੱਚ 28 ਲੱਖ ਰੁਪਏ ਤੱਕ ਆਪਣਾ ਚੋਣ ਖਰਚਾ ਕਰ ਸਕਦਾ ਹੈ। ਇਸ ਮੌਕੇ ਮੀਟਿੰਗ ਵਿੱਚ ਐੱਸ ਡੀ ਐੱਮ ਖਡੂਰ ਸਾਹਿਬ ਰਵਿੰਦਰ ਸਿੰਘ ਅਤੇ ਚੋਣ ਲੜ ਰਹੇ ਉਮੀਦਵਾਰ ਵੀ ਹਾਜ਼ਰ ਸਨ।