ਸਿਰੀਨਿਵਾਸਨ ਆਊਟ, ਗਾਵਸਕਰ ਹੱਥ ਕਪਤਾਨੀ

ਸੁਪਰੀਮ ਕੋਰਟ ਨੇ ਅੱਜ ਆਪਣੇ ਇੱਕ ਹੁਕਮ ਰਾਹੀਂ ਸਾਬਕਾ ਸਟਾਰ ਕ੍ਰਿਕਟਰ ਸੁਨੀਲ ਗਵਾਸਕਰ ਨੂੰ ਆਈ ਪੀ ਐੱਲ 7 ਖਤਮ ਹੋਣ ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਅੰਤਰਿਮ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਕਿ 16 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਆਈ ਪੀ ਐੱਲ 7 'ਚ ਖੇਡਣ ਵਾਲੀ ਕਿਸੇ ਵੀ ਟੀਮ 'ਤੇ ਪਾਬੰਦੀ ਨਹੀਂ ਲਾਈ ਜਾਵੇਗੀ।rnਸੁਪਰੀਮ ਕੋਰਟ ਦੇ ਜੱਜਾਂ 'ਤੇ ਅਧਾਰਤ ਦੋ ਮੈਂਬਰੀ ਬੈਂਚ ਨੇ ਆਪਣੇ ਅੰਤਰਮ ਹੁਕਮ 'ਚ ਕਿਹਾ ਕਿ ਅਦਾਲਤ 16 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ ਪੀ ਐੱਲ ਟੂਰਨਾਮੈਂਟ 'ਚ ਰੋਕ ਨਹੀਂ ਲਾਵੇਗੀ ਅਤੇ ਨਾ ਹੀ ਕਿਸੇ ਖਿਡਾਰੀ ਨੂੰ ਆਈ ਪੀ ਐੱਲ 'ਚ ਖੇਡਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਈ ਪੀ ਐੱਲ ਦੇ 20 ਮੈਚ ਸੰਯੁਕਤ ਅਰਬ ਅਮੀਰਾਤ 'ਚ ਖੇਡੇ ਜਾਣੇ ਹਨ।rnਇਸ ਦੇ ਨਾਲ ਹੀ ਅਦਾਲਤ ਨੇ ਗਵਾਸਕਰ ਨੂੰ ਆਈ ਪੀ ਐੱਲ ਟੂਰਨਾਮੈਂਟ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਬੋਰਡ ਦੇ 5 ਮੀਤ ਪ੍ਰਧਾਨਾਂ 'ਚੋਂ ਕੋਈ ਇੱਕ ਬੋਰਡ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਸਕਦਾ ਹੈ।rnਜ਼ਿਕਰਯੋਗ ਹੈ ਕਿ ਕੱਲ੍ਹ ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਐੱਨ. ਸ੍ਰੀਨਿਵਾਸਨ ਨੂੰ ਕਰਾਰਾ ਝਟਕਾ ਦਿੱਤਾ ਅਤੇ ਸਲਾਹ ਦਿੱਤੀ ਕਿ ਉਨ੍ਹਾ ਦੀ ਥਾਂ ਸਾਬਕਾ ਕਪਤਾਨ ਸੁਨੀਲ ਗਵਾਸਕਰ ਨੂੰ ਬੋਰਡ ਦਾ ਪ੍ਰਧਾਨ ਬਣਾਇਆ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਦਾ ਮਾਮਲਾ ਪੈਂਡਿੰਗ ਰਹਿਣ ਤੱਕ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਨੂੰ ਆਈ ਪੀ ਐੱਲ 'ਚੋਂ ਵੀ ਮੁਅੱਤਲ ਰੱਖਿਆ ਜਾਣਾ ਚਾਹੀਦਾ ਹੈ। ਸੁਣਵਾਈ ਦੌਰਾਨ ਬਿਹਾਰ ਕ੍ਰਿਕਟ ਸੰਘ ਦੇ ਵਕੀਲ ਹਰੀਸ਼ ਸਾਲਵੇ ਨੇ ਭਾਰਤੀ ਟੀਮ ਦੇ ਕਪਤਾਨ ਅਤੇ ਇੰਡੀਆ ਸੀਮਿੰਟ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਧੋਨੀ 'ਤੇ ਝੂਠ ਬੋਲਣ ਦਾ ਦੋਸ਼ ਲਾਇਆ, ਪਰ ਅਦਾਲਤ ਨੇ ਅੱਜ ਉਸ 'ਤੇ ਕੋਈ ਟਿੱਪਣੀ ਨਾ ਕੀਤੀ। ਹਰੀਸ਼ ਸਾਲਵੇ ਨੇ ਕਿਹਾ ਕਿ ਚੇਨਈ ਟੀਮ ਦੀ ਮਾਲਕ ਇੰਡੀਆ ਸੀਮਿੰਟ ਹੈ ਅਤੇ ਉਸ ਦੇ ਪ੍ਰਮੋਟਰ ਐੱਨ ਸ੍ਰੀਨਿਵਾਸਨ ਹਨ। ਉਨ੍ਹਾ ਕਿਹਾ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ ਅਤੇ ਅਜਿਹੀ ਹਾਲਤ 'ਚ ਇੰਡੀਆ ਸੀਮਿੰਟ ਦੇ ਅਧਿਕਾਰੀਆਂ ਨੂੰ ਕ੍ਰਿਕਟ ਬੋਰਡ ਦੇ ਕੰਮ 'ਚ ਦਖਲ-ਅੰਦਾਜ਼ੀ ਤੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇਸ ਦੇ ਕਈ ਅਧਿਕਾਰੀ ਅਜੇ ਵੀ ਬੋਰਡ ਦੀ ਟੀਮ 'ਚ ਸ਼ਾਮਲ ਹਨ। ਸਾਲਵੇ ਨੇ ਕਿਹਾ ਕਿ ਫਿਕਸਿੰਗ ਦੇ ਦੋਸ਼ਾਂ ਮਗਰੋਂ ਸਾਹਮਣੇ ਆਇਆ ਕਿ ਗੁਰੂਨਾਥ ਆਈ ਪੀ ਐੱਲ ਦੀਆਂ ਮੀਟਿੰਗ 'ਚ ਹਿੱਸਾ ਲੈਂਦੇ ਰਹੇ। ਉਨ੍ਹਾ ਨੇ ਖੁੱਲ੍ਹ ਕੇ ਚੇਨਈ ਸੁਪਰਕਿੰਗਜ਼ ਦਾ ਮਾਲਕ ਦੱਸਿਆ ਅਤੇ ਟੀਮ ਨਾਲ ਹੀ ਸਫਰ ਵੀ ਕਰਦੇ ਰਹੇ। ਉਨ੍ਹਾ ਕਿਹਾ ਕਿ ਧੋਨੀ ਨੇ ਵੀ ਮੁਡਗਲ ਕਮੇਟੀ ਸਾਹਮਣੇ ਸਹੀ ਬਿਆਨ ਨਾ ਦਿੱਤਾ ਅਤੇ ਉਨ੍ਹਾ ਕਿਹਾ ਕਿ ਗੁਰੂਨਾਥ ਸਿਰਫ ਕ੍ਰਿਕਟ ਪ੍ਰੇਮੀ ਹਨ ਅਤੇ ਉਨ੍ਹਾ ਦਾ ਚੇਨਈ ਸੁਪਰਕਿੰਗਜ਼ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਧੋਨੀ ਦਾ ਇਹ ਬਿਆਨ ਗਲਤ ਨਿਕਲਿਆ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਜੇ ਚੇਨਈ ਸੁਪਰਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਆਈ ਪੀ ਐੱਲ ਤੋਂ ਹਟ ਗਏ ਤਾਂ ਆਈ ਪੀ ਐੱਲ 7 ਦਾ ਪੂਰਾ ਆਯੋਜਨ ਹੀ ਗੜਬੜਾ ਸਕਦਾ ਹੈ, ਜਿਹੜਾ 16 ਅਪ੍ਰੈਲ ਤੋਂ ਸੰਯੁਕਤ ਅਰਬ ਅਮੀਰਾਤ 'ਚ ਸ਼ੁਰੂ ਹੋਣਾ ਹੈ।