ਜਸਟਿਸ ਕਾਟਜੂ ਵੱਲੋਂ ਬਹਿਬਲ ਕਲਾਂ ਘਟਨਾ ਦੀ ਜਾਂਚ ਸ਼ੁਰੂ

ਬਠਿੰਡਾ (ਬਖਤੌਰ ਢਿੱਲੋਂ)-ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਆਮ ਲੋਕਾਂ 'ਤੇ ਕੀਤੀ ਪੁਲਸ ਗੋਲੀਬਾਰੀ ਨਾਲ ਸ਼ਹੀਦ ਹੋਏ ਦੋ ਨੌਜਵਾਨਾਂ ਦੇ ਮਾਮਲੇ ਦਾ ਸੱਚ ਲੋਕਾਂ ਸਾਹਮਣੇ ਲਿਆਉਣਾ ਅਤੀ ਜ਼ਰੂਰੀ ਹੈ। ਇਹ ਗੱਲ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਸ੍ਰੀ ਮਾਰਕੰਡੇ ਕਾਟਜੂ ਨੇ ਇੱਥੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਹ ਪੀਪਲਜ਼ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਹਿਬਲ ਕਲਾਂ ਪਹੁੰਚਣ ਤੋਂ ਪਹਿਲਾਂ ਇੱਥੇ ਰੁਕੇ ਸਨ।
ਸ੍ਰੀ ਕਾਟਜੂ ਨੇ ਕਿਹਾ ਕਿ ਇਹ ਮਾਮਲਾ ਅਤੀ ਦੁਖਦਾਈ ਹੈ, ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਇੱਕ ਸੁਭਾਵਿਕ ਕਾਰਵਾਈ ਸੀ, ਪਰ ਪੁਲਸ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਇਹ ਘਟਨਾ ਦੁਖਦਾਈ ਬਣ ਗਈ। ਉਹਨਾਂ ਕਿਹਾ ਕਿ ਉਹ ਅੱਜ ਸਿਰਫ ਘਟਨਾ ਸਥਾਨ ਦਾ ਦੌਰਾ ਕਰਨਗੇ ਅਤੇ ਫਿਰ ਦੋ ਦਿਨ ਉਹ ਬਹਿਬਲ ਕਲਾਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਮਿਲ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ।
ਸ੍ਰੀ ਕਾਟਜੂ ਨੇ ਕਿਹਾ ਕਿ ਉਹ ਲੋਕਾਂ ਦੇ ਕਮਿਸ਼ਨ ਵਜੋਂ ਇੱਥੇ ਪਹੁੰਚੇ ਹਨ ਅਤੇ ਉਹ ਇਸ ਮਾਮਲੇ ਦੀ ਜਾਂਚ ਪੜਤਾਲ ਕਰਨਗੇ ਅਤੇ ਆਪਣੀ ਜਾਂਚ ਰਿਪੋਰਟ ਕੁਝ ਦਿਨਾਂ ਤੱਕ ਹੀ ਲੋਕਾਂ ਦੀ ਕਚਹਿਰੀ ਵਿੱਚ ਸੌਂਪ ਦੇਣਗੇ, ਇਸ ਤੋਂ ਬਾਅਦ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਉਹ ਕੀ ਕਰਨਾ ਚਾਹੁੰਦੇ ਹਨ। ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਸੰਬੰਧੀ ਪੁੱਛੇ ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਕਾਟਜੂ ਨੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਕਾਰਨ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਉਹ ਕਿਸਾਨਾਂ ਨਾਲ ਖੜਨਗੇ ਅਤੇ ਖੁਦਕੁਸ਼ੀਆਂ ਦੇ ਮਾੜੇ ਰੁਝਾਣ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਗੇ।