ਹਿੰਦੂਤਵ ਕੋਈ ਸ਼ਬਦ ਨਹੀਂ : ਦਿਗਵਿਜੈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਵਿਵਾਦਗ੍ਰਸਤ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਇੱਕ ਹੋਰ ਵਿਵਾਦਗ੍ਰਸਤ ਬਿਆਨ ਵਿੱਚ ਕਿਹਾ ਹੈ ਕਿ ਹਿੰਦੂਤਵ ਕੋਈ ਸ਼ਬਦ ਨਹੀਂ ਅਤੇ ਨਾ ਹੀ ਮੈਂ ਹਿੰਦੂਤਵ ਨੂੰ ਮੰਨਦਾ ਹਾਂ। ਮੈਂ ਸਨਾਤਨ ਧਰਮ ਨੂੰ ਮੰਨਣ ਵਾਲਾ ਵਿਅਕਤੀ ਹਾਂ ਅਤੇ ਸਨਾਤਨ ਧਰਮ ਦੇ ਪੈਰੋਕਾਰ ਵਾਂਗ ਹੀ ਪਰਵਾਰ ਚਲਾਉਂਦਾ ਹਾਂ।
ਦਿਗਵਿਜੈ ਸਿੰਘ ਨੇ ਬਨਾਰਸ 'ਚ ਇਹ ਗੱਲ ਉਸ ਵੇਲੇ ਆਖੀ, ਜਦੋਂ ਉਨ੍ਹਾ ਤੋਂ ਰਾਮ ਮੰਦਰ ਦੇ ਸੰਬੰਧ ਵਿੱਚ ਸੁਆਲ ਪੁੱਛਿਆ ਗਿਆ। ਉਹ ਇੱਥੇ ਸ਼ੰਕਰਾਚਾਰਿਆ ਸਵਰੂਪਾਨੰਦ ਸਰਸਵਤੀ ਨੂੰ ਮਿਲਣ ਆਏ ਸਨ ਅਤੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਨੇ ਖੁਦ ਨੂੰ ਸਨਾਤਨ ਧਰਮੀ ਦੱਸਿਆ।
ਉਨ੍ਹਾ ਨੇ ਸ਼ਨੀ ਸ਼ਿੰਗਲਾਪੁਰ 'ਚ ਔਰਤਾਂ ਦੇ ਪੂਜਾ ਕਰਨ 'ਤੇ ਰੋਕ ਨੂੰ ਗੱਲਤ ਦੱਸਦਿਆਂ ਕਿਹਾ ਕਿ ਕਿਸੇ ਵੀ ਮੰਦਰ 'ਚ ਕਿਸੇ ਤਰ੍ਹਾਂ ਦੀ ਰੋਕ-ਟੋਕ ਨਹੀਂ ਹੋਣੀ ਚਾਹੀਦੀ। ਉਨ੍ਹਾ ਕਿਹਾ ਕਿ ਔਰਤ ਮਰਦ ਸਾਰੇ ਮੰਦਰ ਜਾ ਸਕਦੇ ਹਨ ਅਤੇ ਵਿਅਕਤੀ ਦੀ ਜਿਸ ਧਰਮ ਵਿੱਚ ਸ਼ਰਧਾ ਹੋਵੇ, ਉਹ ਉਸੇ ਮੰਦਰ 'ਚ ਜਾ ਸਕਦਾ ਹੈ।
ਰਾਹੁਲ ਗਾਂਧੀ ਦਾ ਪੱਖ ਲੈਂਦਿਆਂ ਉਨ੍ਹਾ ਨੇ ਕਾਂਗਰਸ ਮੀਤ ਪ੍ਰਧਾਨ ਵੱਲੋਂ ਹੈਦਰਾਬਾਦ ਯੂਨੀਵਰਸਿਟੀ ਕੈਂਪਸ ਵਿੱਚ ਭੁੱਖ ਹੜਤਾਲ 'ਤੇ ਬੈਠਣ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਭਾਜਪਾ ਅਤੇ ਸੰਘ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਰਾਹੀਂ ਸਿੱਖਿਆ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਗਰੀਬ ਤੇ ਦਲਿਤ ਵਿਰੋਧੀ ਹਨ। ਇਸ ਲਈ ਰਾਹੁਲ ਵੀ ਭੁੱਖ ਹੜਤਾਲ 'ਤੇ ਸਿਆਸਤ ਕਰ ਰਹੇ ਹਨ।