ਜ਼ਿਮਨੀ ਚੋਣ ਵਿਰੋਧੀ ਧਿਰ ਲਈ ਹਮੇਸ਼ਾ ਟੇਢੀ ਖੀਰ ਹੀ ਸਾਬਤ ਹੋਈ


ਬਠਿੰਡਾ (ਬਖਤੌਰ ਢਿੱਲੋਂ)
ਨੇਮਾਂ ਬੰਧੇਜਾਂ ਦੇ ਚੌਖਟੇ 'ਚ ਰਹਿਣ ਦੀ ਬਜਾਏ ਸਰਕਾਰੀ ਮਸ਼ੀਨਰੀ ਖਾਸ ਕਰ ਪੁਲਸ ਜਦੋਂ ਸੱਤ੍ਹਾ ਪੱਖ ਲਈ ਗੁਲਾਮਾਂ ਵਰਗੀ ਭੂਮਿਕਾ ਨਿਭਾਉਣ ਲਈ ਮਜਬੂਰ ਹੋ ਜਾਵੇ, ਉਹਨਾਂ ਪ੍ਰਸਥਿਤੀਆਂ ਵਿੱਚ ਵਿਰੋਧੀ ਪਾਰਟੀਆਂ ਵਾਸਤੇ ਕੀ ਜ਼ਿਮਨੀ ਚੋਣ ਵਿੱਚ ਭਾਗ ਲੈਣਾ ਪ੍ਰਸੰਗਕ ਹੈ? ਇਹ ਜਾਣਨ ਲਈ ਬੀਤੇ ਦੀ ਨਿਰਖ-ਪਰਖ ਜ਼ਰੂਰੀ ਹੈ।
ਚੋਣਾਂ 'ਚ ਪੈਸੇ ਦੀ ਭੂਮਿਕਾ ਦਾ ਸਿਲਸਿਲਾ ਤਾਂ ਪੰਜਾਬੀ ਸੂਬੇ ਦੇ ਹੋਂਦ ਵਿੱਚ ਆਉਣ ਉਪਰੰਤ 1967 ਵਿੱਚ ਹੋਈ ਪੰਜਾਬ ਵਿਧਾਨ ਸਭਾ ਦੀ ਪਲੇਠੀ ਚੋਣ ਸਮੇਂ ਹਲਕਾ ਗਿੱਦੜਬਾਹਾ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਮਰਹੂਮ ਮੁੱਖ ਮੰਤਰੀ ਇੱਕ-ਦੂਜੇ ਵਿਰੁੱਧ ਮੈਦਾਨ ਵਿੱਚ ਨਿੱਤਰੇ ਸਨ। ਦਸ ਰੁਪਏ ਪ੍ਰਤੀ ਵੋਟ ਦੇ ਹਿਸਾਬ ਨਾਲ ਉਦੋਂ ਹੋਈ ਖਰੀਦੋ-ਫਰੋਖਤ ਦੇ ਚਲਦਿਆਂ ਕਾਂਗਰਸੀ ਉਮੀਦਵਾਰ ਸ੍ਰ: ਹਰਚਰਨ ਸਿੰਘ ਬਰਾੜ ਤੋਂ ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਸੌ ਤੋਂ ਵੀ ਘੱਟ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਜਿੱਥੋਂ ਤੱਕ ਧਨ ਸ਼ਕਤੀ ਤੋਂ ਇਲਾਵਾ ਪੁਲਸ ਦੀ ਸਰਗਰਮ ਭਾਈਵਾਲੀ ਦੇ ਚਲਦਿਆਂ ਚੋਣ ਨਤੀਜਿਆਂ ਨੂੰ ਹਥਿਆਉਣ ਦਾ ਸੁਆਲ ਹੈ, ਇਸ ਦਾ ਪਰਤੱਖ ਪ੍ਰਮਾਣ 2002 ਵਿੱਚ ਮਲੋਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਤੋਂ ਸਾਹਮਣੇ ਆਇਆ ਸੀ। ਕਾਂਗਰਸ ਅਤੇ ਸੀ ਪੀ ਆਈ ਦਰਮਿਆਨ ਹੋਏ ਚੋਣ ਗਠਜੋੜ ਦੀ ਬਦੌਲਤ ਮਲੋਟ ਹਲਕੇ ਤੋਂ ਸੀ ਪੀ ਆਈ ਨੇ ਕਾ: ਨੱਥੂ ਰਾਮ ਨੂੰ ਟਿਕਟ ਦਿੱਤੀ ਸੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ: ਸੁਜਾਨ ਸਿੰਘ ਚੋਣ ਮੈਦਾਨ ਵਿੱਚ ਸਨ, ਕਿਉਂਕਿ ਸੁਜਾਨ ਸਿੰਘ ਹੋਰਾਂ ਦੀ ਅਚਾਨਕ ਮੌਤ ਹੋ ਗਈ, ਇਸ ਲਈ ਕੁਝ ਸਮੇਂ ਵਾਸਤੇ ਇਹ ਚੋਣ ਪਿੱਛੇ ਪੈ ਗਈ ਸੀ।
ਦੁਬਾਰਾ ਸ਼ੁਰੂ ਹੋਏ ਚੋਣ ਅਮਲ ਤੋਂ ਪਹਿਲਾਂ ਹੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦਾ ਗਠਨ ਹੋ ਚੁੱਕਾ ਸੀ, ਇਸ ਲਈ ਜ਼ਿਮਨੀ ਚੋਣ ਜਿੱਤਣਾ ਮੁੱਖ ਮੰਤਰੀ ਦੇ ਵੱਕਾਰ ਦਾ ਸੁਆਲ ਬਣ ਗਿਆ। ਗੱਠਜੋੜ ਦਾ ਉਮੀਦਵਾਰ ਤਾਂ ਭਾਵੇਂ ਕਾ: ਨੱਥੂ ਰਾਮ ਹੀ ਸੀ, ਪਰ ਅਕਾਲੀ ਦਲ ਵੱਲੋਂ ਮਰਹੂਮ ਸੁਜਾਨ ਸਿੰਘ ਦੀ ਪਤਨੀ ਮੁਖਤਿਆਰ ਕੌਰ ਨੂੰ ਉਹਨਾਂ ਦੇ ਪਤੀ ਦੀ ਥਾਂ ਟਿਕਟ ਮਿਲ ਗਈ। ਚੋਣਾਂ ਵਾਲੇ ਦਿਨ ਮੀਡੀਆ ਪ੍ਰਤੀਨਿਧ ਇੱਕ ਪੋਲਿੰਗ ਸਟੇਸ਼ਨ ਨੇੜੇ ਆਪਸ ਵਿੱਚ ਗੱਪ-ਛੱਪ ਹੀ ਕਰ ਰਹੇ ਸਨ ਤਾਂ ਇੰਸਪੈਕਟਰ ਰੈਂਕ ਦੇ ਇੱਕ ਪੁਲਸ ਵਾਲੇ ਨੇ ਚੰਡੀਗੜ੍ਹ ਤੋਂ ਉਚੇਚੇ ਤੌਰ 'ਤੇ ਕਵਰੇਜ ਲਈ ਆਏ ਇੱਕ ਸੀਨੀਅਰ ਪੱਤਰਕਾਰ ਨੂੰ ਆ ਕਲਾਵੇ ਵਿੱਚ ਲਿਆ। ਹੈਰਾਨ ਹੋਏ ਪੱਤਰਕਾਰ ਨੇ ਸੁਆਲ ਕੀਤਾ ਕਿ ਉਹ ਉੱਥੇ ਕਿਵੇਂ, ਤਾਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਉਸ ਪੁਲਸੀਏ ਨੇ ਅਣ-ਅਧਿਕਾਰਤ ਡਿਉਟੀ ਵਜੋਂ ਸੇਵਾ ਨਿਭਾਉਣ ਲਈ ਆਉਣ ਬਾਰੇ ਦੱਸਿਆ, ਜਿਸ ਵਾਸਤੇ ਚੰਡੀਗੜ੍ਹ ਦੇ ਵੱਡੇ ਅਫ਼ਸਰਾਂ ਨੇ ਉਸ ਨੂੰ ਭੇਜਿਆ ਸੀ।
ਉਹ ਅਣ ਅਧਿਕਾਰਤ ਡਿਉਟੀ ਕਿਹੜੀ ਸੀ? ਸ਼ੁਰੂ ਵਿੱਚ ਤਾਂ ਕੋਈ ਸਮਝ ਨਾ ਆਈ, ਪਰ ਕੁਝ ਹੀ ਅਰਸੇ ਉਪਰੰਤ ਮੁਕਤਸਰ ਜ਼ਿਲ੍ਹਾ ਕਾਂਗਰਸ ਦੇ ਉਸ ਵੇਲੇ ਦੇ ਪ੍ਰਧਾਨ ਮਰਹੂਮ ਅਵਤਾਰ ਸਿੰਘ ਬਿੱਲੂ ਦੀ ਕਮਾਂਡ ਹੇਠ ਆਏ ਸੌ ਕੁ ਲੱਠਮਾਰਾਂ ਦੇ ਟੋਲੇ ਨੇ ਅਕਾਲੀ ਵਰਕਰਾਂ ਨੂੰ ਦਬੱਲਦਿਆਂ ਜਦ ਜਾਲ੍ਹੀ ਵੋਟਿੰਗ ਸ਼ੁਰੂ ਕਰ ਦਿੱਤੀ ਤਾਂ ਉਸੇ ਪੁਲਸ ਇੰਸਪੈਕਟਰ ਦੀ ਟੀਮ ਧਾੜਵੀਆਂ ਨੂੰ ਸੁਰੱਖਿਆ ਮੁਹੱਈਆ ਕਰਦੀ ਦੇਖ ਕੇ ਸਭ ਕੁਝ ਸਪੱਸ਼ਟ ਹੋ ਗਿਆ। ਕੁਝ ਹੀ ਦੂਰੀ 'ਤੇ ਕਿਸੇ ਕੋਠੀ ਵਿੱਚ ਬੈਠੇ ਸ੍ਰ: ਬਾਦਲ ਕੋਲ ਅਕਾਲੀ ਵਰਕਰਾਂ ਨੇ ਜਾ ਕੇ ਧੱਕੇਸ਼ਾਹੀ ਦਾ ਰੋਣਾ ਰੋਇਆ, ਤਾਂ ਉਹਨਾਂ ਇਹ ਕਹਿ ਕੇ ਸ਼ਾਂਤ ਰਹਿਣ ਦਾ ਸੁਝਾਅ ਦਿੱਤਾ, 'ਜ਼ਿਮਨੀ ਚੋਣਾਂ ਵੇਲੇ ਸਰਕਾਰਾਂ ਇਉਂ ਹੀ ਕਰਦੀਆਂ ਹੁੰਦੀਆਂ ਨੇ, ਸਬਰ ਕਰੋ ਆਪਣਾ ਵੀ ਵਕਤ ਆਊਗਾ।'
2014 ਵਿੱਚ ਹੋਈ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਸਮੇਂ ਉਸ ਕਸਬੇ ਦੇ ਖਾਲਸਾ ਸਕੂਲ ਵਿੱਚ ਹੋ ਰਹੀ ਪੋਲਿੰਗ ਦੌਰਾਨ ਪੱਤਰਕਾਰਾਂ ਨੂੰ ਇਸ ਜ਼ਿਲ੍ਹੇ ਦੇ ਹੀ ਦੂਜੇ ਇਲਾਕਿਆਂ 'ਚੋਂ ਆਏ ਅਕਾਲੀ ਵਰਕਰਾਂ ਵੱਲੋਂ ਸਰੇਆਮ ਜਾਲ੍ਹੀ ਵੋਟਾਂ ਪਾਉਂਦੇ ਦੇਖ ਕੇ ਸ੍ਰ: ਬਾਦਲ ਦੇ ਉਹ ਸ਼ਬਦ ਯਾਦ ਆ ਗਏ, ਜੋ ਕਈ ਸਾਲ ਪਹਿਲਾਂ ਉਹਨਾਂ ਮਲੋਟ ਵਿਖੇ ਕਹੇ ਸਨ। ਇੱਥੇ ਫਰਕ ਬੱਸ ਏਨਾ ਕੁ ਹੀ ਸੀ ਕਿ ਹਰ ਪੋਲਿੰਗ ਬੂਥ 'ਤੇ ਉਸ ਹਲਕੇ ਦੀ ਪੁਲਸ ਹੀ 'ਸੇਵਾ' ਨਿਭਾ ਰਹੀ ਸੀ, ਜਿੱਥੋਂ ਦੇ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਬਾਹਰਲੇ ਅਕਾਲੀ ਵਰਕਰਾਂ ਨੂੰ ਧਾਂਦਲੀਆਂ ਕਰਨ ਦੀ ਪੂਰੀ ਖੁੱਲ੍ਹ ਸੀ। ਪੁਲਸ ਦੀ ਗੁਲਾਮੀ ਦਾ ਅੰਦਾਜ਼ਾ ਇੱਕ ਡੀ ਐਸ ਪੀ ਵੱਲੋਂ ਇਸ ਪੱਤਰਕਾਰ ਦੀ ਮੌਜੂਦਗੀ 'ਚ ਉਹਨਾਂ ਦੋ ਅਕਾਲੀ ਲੀਡਰਾਂ ਨੂੰ ਕੀਤੇ ਇਸ ਤਰਲੇ ਤੋਂ ਲਾਇਆ ਜਾ ਸਕਦੈ ਕਿ ਘੱਟੋ-ਘੱਟ ਮੀਡੀਆ ਦੇ ਸਾਹਮਣੇ ਤਾਂ ਖਾਕੀ ਵਰਦੀ ਦੀ ਪੱਟੀਮੇਸ ਨਾ ਕੀਤੀ ਜਾਵੇ।
ਤਲਵੰਡੀ ਸਾਬੋ ਤੋਂ ਬਾਅਦ ਧੂਰੀ ਦੀ ਜ਼ਿਮਨੀ ਚੋਣ ਸਮੇਂ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਚੰਦਰ ਸ਼ੇਖ਼ਰ ਦੇ ਅਤੀ ਕਰੀਬੀ ਸਾਥੀ ਰਹੇ ਸ੍ਰੀ ਦਰਸ਼ਨ ਸਿੰਘ ਜੀਦਾ, ਜੋ ਹੁਣ ਕਾਂਗਰਸ ਪਾਰਟੀ ਦੇ ਆਗੂ ਹਨ, ਦਾ ਤਜਰਬਾ ਤਾਂ ਹੋਰ ਵੀ ਦਿਲਚਸਪ ਹੈ। ਚੋਣ ਪ੍ਰਚਾਰ ਸਮੇਂ ਪਿੰਡ ਦੇ ਜਿਸ ਕਾਂਗਰਸੀ ਵਰਕਰ ਦੇ ਘਰ ਉਹ ਠਹਿਰੇ ਹੋਏ ਸਨ, ਸਥਾਨਕ ਅਕਾਲੀਆਂ ਨੇ ਮਾਲਵਾ ਖਿੱਤੇ ਨਾਲ ਸੰਬੰਧਤ ਇੱਕ ਧੜਵੈਲ ਮੰਤਰੀ ਦੇ ਆਉਣ ਦਾ ਹਵਾਲਾ ਦੇ ਕੇ ਉਸ ਨੂੰ ਚਾਹ ਪਿਲਾਉਣ ਲਈ ਕਿਹਾ। ਕਾਂਗਰਸ ਨਾਲ ਸੰਬੰਧਤ ਹੋਣ ਸਦਕਾ ਜਦ ਉਸ ਨੇ ਨਾਂਹ ਨੁੱਕਰ ਕੀਤੀ ਤਾਂ ਅੱਗੋਂ ਪ੍ਰਤੀਕਰਮ ਇਹ ਸੀ ਕਿ ਜੇ ਭੁੱਕੀ ਦਾ ਕੇਸ ਪਾ ਕੇ ਬੰਦ ਕਰ ਦਿੱਤਾ ਤਾਂ ਫੇਰ ਪਿੰਡ ਵਾਲਿਆਂ ਨੂੰ ਉਲਾਂਭਾ ਨਾ ਦੇਵੀਂ। ਬੱਸ ਫਿਰ ਕੀ ਸੀ! ਉਹ ਆਤਮ ਸਮੱਰਪਣ ਲਈ ਮਜਬੂਰ ਹੋ ਗਿਆ।
ਤਲਵੰਡੀ ਸਾਬੋ ਅਤੇ ਧੂਰੀ ਹਲਕਿਆਂ ਦੇ ਪਹਿਲਾਂ ਜਿੱਥੋਂ ਕਾਂਗਰਸੀ ਉਮੀਦਵਾਰ ਜਿੱਤੇ ਸਨ, ਜ਼ਿਮਨੀ ਚੋਣਾਂ ਦੌਰਾਨ ਅਕਾਲੀ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਪ੍ਰਾਪਤ ਹੋਈ ਸਫਲਤਾ ਤੋਂ ਇਹ ਹਕੀਕਤ ਖ਼ੁਦ ਹੀ ਬੇਨਕਾਬ ਹੋ ਜਾਂਦੀ ਹੈ ਕਿ ਸਰਕਾਰ ਪ੍ਰਤੀ ਜਨਤਕ ਨਰਾਜ਼ਗੀ ਦੇ ਬਾਵਜੂਦ ਵਿਰੋਧੀ ਧਿਰ ਲਈ ਪ੍ਰਸਥਿਤੀਆਂ ਕਾਫ਼ੀ ਮੁਸ਼ਕਿਲ ਭਰਪੂਰ ਹੁੰਦੀਆਂ ਹਨ। ਤਲਵੰਡੀ ਸਾਬੋ ਤੋਂ ਹਾਸਲ ਕੀਤੇ ਤਜਰਬੇ ਦੇ ਮੱਦੇਨਜ਼ਰ ਹੀ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ, ਕਿਉਂਕਿ ਉਸ ਹਲਕੇ ਤੋਂ ਉਸ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਆਸ ਮੁਤਾਬਿਕ ਵੋਟਾਂ ਹਾਸਲ ਨਹੀਂ ਸੀ ਕਰ ਸਕੀ।
ਹੁਣ ਕਾਂਗਰਸ ਪਾਰਟੀ ਨੇ ਵੀ ਜਿਵੇਂ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਉਸ ਨੇ ਇਹ ਸ਼ੱਕ ਹੀ ਨਹੀਂ ਰਹਿਣ ਦਿੱਤਾ ਕਿ ਮਲੋਟ ਤੋਂ ਸ਼ੁਰੂ ਹੋਇਆ ਸਿਲਸਿਲਾ ਤਲਵੰਡੀ ਸਾਬੋ ਅਤੇ ਧੂਰੀ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਇਹ ਜਾਰੀ ਹੈ। ਇਸ ਤੋਂ ਇਹੋ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਲਈ ਇਕੱਲੀ ਇਕਹਿਰੀ ਜ਼ਿਮਨੀ ਚੋਣ ਲੜਨਾ ਗੈਰ ਪ੍ਰਸੰਗਕ ਬਣ ਚੁੱਕਾ ਹੈ। ਮਲੋਟ ਬਨਾਮ ਤਲਵੰਡੀ ਸਾਬੋ ਤੇ ਧੂਰੀ ਦੀਆਂ ਜ਼ਿਮਨੀ ਚੋਣਾਂ ਵਿੱਚ ਜੇ ਕੋਈ ਹੋਰ ਸਾਂਝ ਹੈ ਤਾਂ ਉਹ ਹੈ ਫੋਰਸ ਨੂੰ ਕਮਾਂਡ ਦੇਣ ਵਾਲਾ ਪੁਲਸ ਅਫ਼ਸਰ ਵੀ ਇੱਕੋ ਹੀ ਸੀ, ਹਕੂਮਤ ਦੇ ਬਦਲਾਅ ਨਾਲ ਜਿਸ ਦੀ ਭੂਮਿਕਾ ਵੀ ਬਦਲ ਜਾਂਦੀ ਸੀ।