ਪਾਕਿ ਨੇ ਪਠਾਨਕੋਟ ਜਾਂਚ ਬਾਰੇ ਮੰਗੇ ਹੋਰ ਸਬੂਤ

ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਕੋਈ ਪ੍ਰਗਤੀ ਨਾ ਹੋਣ ਨੂੰ ਦੇਖਦਿਆਂ ਪਾਕਿਸਤਾਨ ਇਸ ਸਿਲਸਿਲੇ ਵਿੱਚ ਭਾਰਤ ਤੋਂ ਹੋਰ ਸਬੂਤ ਮੰਗਣ ਦੀ ਯੋਜਨਾ ਬਣਾ ਰਿਹਾ ਹੈ। ਸੂਤਰਾਂ ਮੁਤਾਬਿਕ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਪਾਕਿਸਤਾਨ ਸਰਕਾਰ ਦੀ ਟੀਮ ਪਾਕਿਸਤਾਨ ਵਿਦੇਸ਼ ਮੰਤਰਾਲੇ ਨੂੰ ਕਹੇਗੀ ਕਿ ਉਹ ਭਾਰਤ ਤੋਂ ਹੋਰ ਸਬੂਤ ਮੰਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਦੇ ਨਤੀਜੇ ਜਲਦ ਹੀ ਜਨਤਕ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਟੀਮ ਨੇ ਭਾਰਤ ਵੱਲੋਂ ਦਿੱਤੇ ਗਏ 5 ਟੈਲੀਫੋਨ ਨੰਬਰਾਂ ਦੀ ਜਾਂਚ ਲੱਗਭਗ ਪੂਰੀ ਕਰ ਲਈ ਹੈ। ਇਨ੍ਹਾਂ ਨੰਬਰਾਂ ਤੋਂ ਅੱਗੇ ਹੋਰ ਕੋਈ ਸੁਰਾਗ ਨਹੀਂ ਮਿਲੇ ਹਨ, ਕਿਉਂਕਿ ਇਹ ਨੰਬਰ ਰਜਿਸਟਰ ਨਹੀਂ ਹਨ ਅਤੇ ਉਨ੍ਹਾਂ ਦੀ ਪਛਾਣ ਜਾਲ੍ਹੀ ਸੀ। ਸੂਤਰਾਂ ਨੇ ਕਿਹਾ ਕਿ ਜਾਂਚ ਅੱਗੇ ਨਹੀਂ ਚੱਲ ਰਹੀ ਹੈ ਅਤੇ ਇਸ ਲਈ ਇਸ ਮਾਮਲੇ 'ਚ ਹੋਰ ਸਬੂਤਾਂ ਦੀ ਲੋੜ ਹੈ। ਅਜਿਹੀ ਸੂਰਤ ਵਿੱਚ ਪਾਕਿਸਤਾਨ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਸਰਕਾਰ ਨਾਲ ਗੱਲ ਕਰੇ ਅਤੇ ਦੱਸੇ ਕਿ ਇਸ ਮਾਮਲੇ ਦੀ ਅਗਾਂਹ ਜਾਂਚ ਲਈ ਹੋਰ ਸਬੂਤਾਂ ਦੀ ਲੋੜ ਹੈ। ਸੂਤਰਾਂ ਨੇ ਪਠਾਨਕੋਟ ਅੱਤਵਾਦੀ ਹਮਲੇ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤੇ ਗਏ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਸਮੇਤ ਹੋਰ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਬਾਰੇ ਪੁੱਛੇ ਜਾਣ 'ਤੇ ਕਿਹਾ ਸੀ ਕਿ ਅਜੇ ਭਾਰਤ ਤੋਂ ਹੋਰ ਸਬੂਤ ਆਉਣ ਦਿਓ। ਸ਼ਰੀਫ ਨੇ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ 6 ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਸੀ ਅਤੇ ਇਸ ਜਾਂਚ ਟੀਮ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਦੇ ਨਤੀਜਿਆਂ ਨੂੰ ਜਲਦ ਹੀ ਜਨਤਕ ਕੀਤਾ ਜਾਵੇਗਾ।