ਮਰੂੜ ਬੀਚ 'ਤੇ 14 ਵਿਦਿਆਰਥੀ ਡੁੱਬੇ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮੁੰਬਈ ਦੀ ਮਰੂੜ ਬੀਚ 'ਤੇ 14 ਵਿਦਿਆਰਥੀਆਂ ਦੀ ਸਮੁੰਦਰ 'ਚ ਡੁੱਬ ਕਾਰਨ ਮੌਤ ਹੋ ਗਈ। ਮਰਨ ਵਾਲੇ ਵਿਦਿਆਰਥੀਆਂ 'ਚ 11 ਲੜਕੀਆਂ ਅਤੇ ਤਿੰਨ ਲੜਕੇ ਸ਼ਾਮਲ ਹਨ। ਪ੍ਰਾਪਤ ਰਿਪੋਰਟ ਮੁਤਾਬਕ ਪੁਣੇ ਦੇ ਇੱਕ ਵਕਾਰੀ ਕਾਲਜ ਦੇ ਕੋਈ 115 ਵਿਦਿਆਰਥੀਆਂ ਪਿਕਨਿਕ 'ਤੇ ਮਰੂੜ ਬੀਚ 'ਤੇ ਗਏ ਸਨ ਅਤੇ ਇਹਨਾ ਦੀ ਨਿਗਰਾਨੀ ਲਈ 11 ਅਧਿਆਪਕ ਵੀ ਵਿਦਿਆਰਥੀਆਂ ਨਾਲ ਗਏ ਸਨ। ਪਿਕਨਿਕ 'ਤੇ ਗਏ ਵਿਦਿਆਰਥੀਆਂ 'ਚ ਬੀ ਸੀ ਏ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਸ਼ਾਮਲ ਸਨ। ਇਹ ਵਿਦਿਆਰਥੀ ਚਾਰ ਬੱਸਾਂ ਰਾਹੀਂ ਪੁਣੇ ਤੋਂ ਮਰੂੜ ਬੀਚ 'ਤੇ ਪਹੁੰਚੇ ਸਨ।
ਇੱਕ ਪੁਲਸ ਅਧਿਕਾਰੀ ਨੇ ਦਸਿਆ ਕਿ ਸੋਮਵਾਰ ਦੁਪਹਿਰ 3 ਵਜੇ ਪਿਕਨਿਕ 'ਤੇ ਗਏ ਵਿਦਿਆਰਥੀ ਸਮੁੰਦਰ ਦੀਆਂ ਉੱਚੀਆ ਲਹਿਰਾਂ 'ਚ ਫਸ ਗਏ। ਸਭ ਤੋਂ ਪਹਿਲਾਂ ਲੜਕੀਆਂ ਲਹਿਰਾਂ ਦੀ ਲਪੇਟ 'ਚ ਆ ਗਈਆਂ, ਲੜਕੀਆਂ ਨੂੰ ਬਚਾਉਂਦਿਆਂ ਤਿੰਨ ਲੜਕੇ ਵੀ ਪਾਣੀ 'ਚ ਵਹਿ ਗਏ। ਮਰੂੜ ਬੀਚ ਉਪਰ ਸਮੁੰਦਰ ਕੰਢਾ ਬਹੁਤ ਹੀ ਪਥਰੀਲਾ ਹੈ ਅਤੇ ਪਾਣੀ 'ਚ ਫਸ ਜਾਣ ਕਾਰਨ ਪੱਥਰ ਦੇ ਰਸਤੇ ਨਿਕਲਣਾ ਮੁਸ਼ਕਲ ਬਣ ਜਾਂਦਾ ਹੈ। ਮਰੂੜ ਬੀਚ ਬਹੁਤ ਹੀ ਛੋਟਾ ਜਿਹਾ ਕਸਬਾ ਹੈ। ਸਮੁੰਦਰ ਦੀ ਸਮਝ ਰੱਖਣ ਵਾਲੇ ਸਥਾਨਕ ਲੋਕਾਂ ਅਤੇ ਮਛੇਰਿਆਂ ਨੇ ਕਈ ਵਿਦਿਆਰਥੀਆਂ ਨੂੰ ਬਚਾਅ ਲਿਆ। ਸਥਾਨਕ ਪੁਲਸ ਅਤੇ ਤੱਟੀ ਗਾਰਡਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ। ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ ਤੋਂ ਬਾਅਦ 4 ਵਿਦਿਆਰਥੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਹੋਇਆ, ਜਦੋਂ ਵਿਦਿਆਰਥੀ ਸ਼ੁਗਲ-ਸ਼ੁਗਲ ਵਿੱਚ ਸਮੁੰਦਰ 'ਚ ਅੱਗੇ ਤੱਕ ਨਿਕਲ ਗਏ। ਉਨ੍ਹਾ ਦੱਸਿਆ ਕਿ 14 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਪਤਾ ਵਿਦਿਆਰਥੀਆਂ ਦੀ ਭਾਲ ਲਈ ਸੀ ਜੀ 117 ਜਹਾਜ਼ ਅਤੇ ਇੱਕ ਚੇਤਕ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਗਈਆਂ ਹਨ।