ਮਾਮਲਾ ਹਵਾਲਾਤੀ ਨੂੰ ਕੁਟਾਪੇ ਵਾਲੇ ਕਲਿੱਪ ਦਾ; 4 ਬੰਦੀਆਂ ਵਿਰੁੱਧ ਕੇਸ ਦਰਜ, ਦੋ ਅਧਿਕਾਰੀ ਮੁਅੱਤਲ

ਬਠਿੰਡਾ (ਬਖਤੌਰ ਢਿੱਲੋਂ)-ਇੱਕ ਹਵਾਲਾਤੀ ਨੂੰ ਕੁਟਾਪਾ ਚਾੜ੍ਹ ਕੇ ਫਿਲਮਾਏ ਵੀਡਿਓ ਕਲਿੱਪ ਨੂੰ ਨੈੱਟ 'ਤੇ ਪਾਉਣ ਵਾਲੇ ਚਾਰ ਬੰਦੀਆਂ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਨੇ ਆਪਣੇ ਉਹਨਾਂ ਦੋ ਕਰਮਚਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ, ਜੋ ਨਿਗਰਾਨ ਵਜੋਂ ਡਿਊਟੀ ਨਿਭਾਉਣ ਲਈ ਪਾਬੰਦ ਸਨ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕੁਝ ਅਰਸਾ ਪਹਿਲਾਂ ਭਗਤਾ ਭਾਈ ਕਾ ਵਿਖੇ ਭਾਜਪਾ ਦੇ ਇੱਕ ਆਗੂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਵਾਲਾ ਦਰਬਾਰਾ ਸਿੰਘ ਸਥਾਨਕ ਕੇਂਦਰੀ ਜੇਲ੍ਹ ਵਿਖੇ ਬਤੌਰ ਹਵਾਲਾਤੀ ਬੰਦ ਹੈ। ਇਸੇ ਹੀ ਜੇਲ੍ਹ ਵਿੱਚ ਮਨੋਜ ਮੌਜੀ, ਮਨਦੀਪ ਸਿੰਘ ਧਰੂ, ਸੁਖਜਿੰਦਰ ਸਿੰਘ ਅਤੇ ਗੁਰਪ੍ਰੀਤ ਨਾਂਅ ਦੇ ਗੈਂਗਸਟਰ ਵੀ ਬੰਦ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਿਕ ਦਰਬਾਰਾ ਸਿੰਘ ਨੂੰ ਨਾ ਸਿਰਫ ਕੁਟਾਪਾ ਹੀ ਚਾੜ੍ਹਿਆ ਗਿਆ, ਬਲਕਿ ਉਸ ਦੇ ਜਿਸਮ ਦੇ ਕੱਪੜੇ ਵੀ ਲੁਹਾਏ ਹੋਏ ਹਨ।
ਦਰਬਾਰਾ ਵੱਲੋਂ ਕੱਲ੍ਹ ਕੀਤੀ ਸ਼ਿਕਾਇਤ ਦੇ ਅਧਾਰ 'ਤੇ ਜੇਲ੍ਹ ਅਧਿਕਾਰੀਆਂ ਨੇ ਜਾਂਚ ਦੌਰਾਨ ਵੀਡੀਓਗ੍ਰਾਫੀ ਲਈ ਇਸਤੇਮਾਲ ਕੀਤਾ ਮੋਬਾਇਲ ਫੋਨ ਹੀ ਬਰਾਮਦ ਨਹੀਂ ਕੀਤਾ, ਬਲਕਿ ਇਹ ਜਾਣਕਾਰੀ ਵੀ ਹਾਸਲ ਕਰ ਲਈ ਕਿ ਸੱਚਮੁੱਚ ਹੀ ਮੌਜੀ ਗਰੋਹ ਨੇ ਉਸ ਨੂੰ ਕੁਟਾਪਾ ਵੀ ਚਾੜ੍ਹਿਆਂ ਹੈ। 26 ਜਨਵਰੀ ਨੂੰ ਵਾਪਰੇ ਇਸ ਘਟਨਾਕ੍ਰਮ ਦੇ ਦੋਸ਼ ਤਹਿਤ ਜਿੱਥੇ ਜੇਲ੍ਹ ਅਧਿਕਾਰੀਆਂ ਨੇ ਉਕਤ ਗੈਂਗਸਟਰਾਂ ਵਿਰੁੱਧ ਮੁਕੱਦਮਾ ਦਰਜ ਕਰਨ ਲਈ ਪੁਲਸ ਨੂੰ ਲਿਖਤੀ ਸਿਫਾਰਸ਼ ਕਰ ਦਿੱਤੀ ਹੈ, ਉੱਥੇ ਹੈੱਡ ਵਾਰਡਰ ਹਰਲਜਵੰਤ ਸਿੰਘ ਅਤੇ ਵਾਰਡਰ ਕੁਲਦੀਪ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਹੈ, ਕਿਉਂਕਿ ਨਿਗਰਾਨ ਵਜੋਂ ਉਹਨਾਂ ਆਪਣੀ ਡਿਊਟੀ ਨਿਭਾਉਣ ਵਿੱਚ ਕੋਤਾਹੀ ਕੀਤੀ ਹੈ।