ਹੁਣ 6ਵੀਂ ਜਮਾਤ ਤੋਂ ਮਿਲੇਗਾ ਕਿਰਤੀਆਂ ਦੇ ਬੱਚਿਆਂ ਨੂੰ ਵਜ਼ੀਫਾ


ਚੰਡੀਗੜ੍ਹ (ਗਰਗ, ਬਾਂਸਲ, ਸ਼ਰਮਾ)
ਪੰਜਾਬ ਲੇਬਰ ਵੈੱਲਫੇਅਰ ਬੋਰਡ ਦੀ ਇੱਕ ਅਹਿਮ ਮੀਟਿੰਗ ਚੂਨੀ ਲਾਲ ਭਗਤ ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਈ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਬੋਰਡ ਵਿਚ ਚੱਲ ਰਹੀ ਵਜ਼ੀਫਾ ਸਕੀਮ ਤਹਿਤ ਸਨਅਤੀ ਕਿਰਤੀਆਂ ਦੇ ਬੱੱਚਿਆਂ ਨੂੰ ਜੋ ਵਜ਼ੀਫਾ ਪਹਿਲਾਂ 9ਵੀਂ ਕਲਾਸ ਦੀ ਥਾਂ ਹੁਣ ਵਜ਼ੀਫੇ ਦਾ ਲਾਭ 6ਵੀਂ ਕਲਾਸ ਤੋਂ ਉਚੇਰੀਆਂ ਕਲਾਸਾਂ ਤੱਕ ਦਿੱਤਾ ਜਾਵੇਗਾ। ਇਸ ਫੈਸਲੇ ਤਹਿਤ 6ਵੀਂ ਤੋਂ ਅਠਵੀਂ ਕਲਾਸ ਦੇ ਲੜਕਿਆਂ ਨੂੰ 5000/- ਅਤੇ ਲੜਕੀਆਂ ਨੂੰ 7000/-ਰੁ: ਸਾਲਾਨਾ ਵਜ਼ੀਫਾ ਦਿਤਾ ਜਾਵੇਗਾ। 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੂੰ ਪਹਿਲਾਂ 5000/- ਦਿੱਤਾ ਜਾਂਦਾ ਸੀ, ਜੋ ਵਧਾ ਕੇ ਲੜਕਿਆਂ ਲਈ 10000/- ਤੇ ਲੜਕੀਆਂ ਲਈ 13000/- ਰੁਪਏ ਕਰ ਦਿੱਤਾ ਗਿਆ ਹੈ, ਜਦਕਿ +1 ਅਤੇ +2 ਦੇ ਵਿਦਿਆਰਥੀਆਂ ਦਾ ਵੀ ਵਜ਼ੀਫਾ 5000/- ਤੋਂ ਵਧਾ ਕੇ ਲੜਕਿਆਂ ਲਈ 20000/- ਅਤੇ ਲੜਕੀਆਂ ਲਈ 25000/- ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉਚੇਰੀ ਸਿੱਖਿਆ ਜਿਵੇਂ ਕਿ ਕਾਲਜ ਵਿਦਿਆਰਥੀ, ਆਈ ਟੀ ਆਈ/ ਪਾਲੀਟੈਕਨਿਕ ਆਦਿ ਪੇਸ਼ਾਵਾਰ ਪੜ੍ਹਾਈ ਲਈ ਵੀ ਵਜ਼ੀਫੇ ਦੀ 15000/- ਦੀ ਰਕਮ ਵਧਾ ਕੇ ਲੜਕਿਆਂ ਦਾ ਵਜ਼ੀਫਾ 25000/- ਅਤੇ ਲੜਕੀਆਂ ਦਾ 30000/- ਰੁਪਏ ਕਰ ਦਿੱਤਾ ਗਿਆ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਕਲਾਸਾਂ ਦੇ ਵਿਦਿਆਰਥੀਆਂ ਲਈ ਵਜ਼ੀਫੇ ਦੀ ਰਕਮ 30000/- ਤੋਂ ਵਧਾ ਕੇ ਲੜਕਿਆਂ ਲਈ 40000/- ਅਤੇ ਲੜਕੀਆਂ ਲਈ 50000/- ਰੁਪਏ ਸਾਲਾਨਾ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਾਲਜ ਵਿਦਿਆਰਥੀਆਂ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਹੋਸਟਲ ਦਾ ਖਰਚਾ ਕ੍ਰਮਵਾਰ 15000/- ਅਤੇ 20000/-ਸਾਲਾਨਾ ਦੇਣ ਦਾ ਵੀ ਫੈਸਲਾ ਗਿਆ ਹੈ। ਸਨਅਤੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਸ਼ਗਨ ਸਕੀਮ ਵਿਚ ਪਹਿਲਾਂ ਨਿਰਧਾਰਤ ਰੇਟ 21000/- ਰੁਪਏ ਨੂੰ ਵਧਾ ਕੇ 31000/- ਰੁਪਏ ਕਰ ਦਿਤਾ ਗਿਆ ਹੈ।
ਜੇਕਰ ਲਾਭਪਾਤਰੀ ਵਜ਼ੀਫੇ ਜਾਂ ਸ਼ਗਨ ਸਕੀਮ ਦਾ ਲਾਭ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਵਿਚ ਲੈ ਰਿਹਾ ਹੈ ਤਾਂ ਵੀ ਉਸ ਨੂੰ ਇਹ ਲਾਭ ਮਿਲੇਗਾ। ਸਨਅਤੀ ਕਿਰਤੀਆਂ ਜਾਂ ਉਹਨਾਂ ਦੇ ਪਰਵਾਰ ਦੇ ਮੈਂਬਰ ਦੀ ਮੌਤ ਹੋਣ ਉਪਰੰਤ ਪੰਜਾਬ ਰਾਜ ਵਿਚ ਦਾਹ ਸੰਸਕਾਰ ਅਤੇ ਅੰਤਮ ਅਰਦਾਸ ਦੇ ਖਰਚੇ ਲਈ ਬੋਰਡ ਵੱਲੋਂ 20000/- ਦੀ ਵਿੱਤੀ ਸਹਾਇਤਾ ਦੇਣ ਦਾ ਵੀ ਫੈਂਸਲਾ ਲਿਆ ਗਿਆ ਹੈ।