ਸਿਆਚਿਨ ਦਾ ਬੰਦੇ ਖਾਣਾ ਮੋਰਚਾ


ਬੁੱਧਵਾਰ ਦੇ ਦਿਨ ਬਰਫ ਹੇਠ ਦੱਬੇ ਗਏ ਦਸ ਭਾਰਤੀ ਜਵਾਨ ਬਚਾਏ ਨਹੀਂ ਜਾ ਸਕੇ। ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ਉੱਤੇ ਦੁੱਖ ਪ੍ਰਗਟ ਕੀਤਾ ਹੈ ਤੇ ਸਾਰੇ ਦੇਸ਼ ਦੇ ਲੋਕਾਂ ਨੂੰ ਵੀ ਦੁੱਖ ਹੈ। ਮਦਰਾਸ ਰੈਜੀਮੈਂਟ ਨਾਲ ਸੰਬੰਧਤ ਇਨ੍ਹਾਂ ਦਸ ਜਵਾਨਾਂ ਵਿੱਚ ਇੱਕ ਸੂਬੇਦਾਰ ਵੀ ਸੀ। ਅਚਾਨਕ ਬਰਫ ਦਾ ਤੋਦਾ ਉਨ੍ਹਾਂ ਉੱਤੇ ਆਣ ਡਿੱਗਾ ਤੇ ਉਹ ਉਸ ਦੇ ਥੱਲੇ ਦੱਬੇ ਜਾਣ ਨਾਲ ਆਪਣੀ ਜਾਨ ਫੌਜੀ ਡਿਊਟੀ ਕਰਦੇ ਹੋਏ ਦੇਸ਼ ਤੋਂ ਵਾਰ ਗਏ।
ਕਰੀਬ ਉੱਨੀ ਹਜ਼ਾਰ ਛੇ ਸੌ ਫੁੱਟ ਉਚਾਈ ਉੱਤੇ ਲੱਗਾ ਹੋਇਆ ਇਹ ਦੁਨੀਆ ਦਾ ਸਭ ਤੋਂ ਉੱਚਾ ਮੋਰਚਾ ਚਾਲੀ ਕੁ ਸਾਲ ਪਹਿਲਾਂ ਓਦੋਂ ਲਾਇਆ ਗਿਆ ਸੀ, ਜਦੋਂ ਇਹ ਖਬਰਾਂ ਆਈਆਂ ਸਨ ਕਿ ਬੰਗਲਾ ਦੇਸ਼ ਦੀ ਕਿੜ ਕੱਢਣ ਲਈ ਪਾਕਿਸਤਾਨੀ ਫੌਜ ਉਸ ਥਾਂ ਕਬਜ਼ਾ ਕਰ ਸਕਦੀ ਹੈ। ਉਨ੍ਹਾਂ ਨੇ ਤਿਆਰੀ ਵੀ ਕਰ ਰੱਖੀ ਸੀ। ਬਾਅਦ ਵਿੱਚ ਉਹ ਸਿਆਚਿਨ ਗਲੇਸ਼ੀਅਰ ਵਜੋਂ ਜਾਣੇ ਜਾਂਦੇ ਇਸ ਟਿਕਾਣੇ ਤੱਕ ਤਾਂ ਨਾ ਪਹੁੰਚ ਸਕੇ, ਪਰ ਨੇੜਲੇ ਪਹਾੜਾਂ ਉੱਤੇ ਆਣ ਬੈਠੇ ਸਨ। ਪਹਿਲਾਂ ਇੱਕ ਆਪਸੀ ਸਮਝਦਾਰੀ ਕਈ ਚਿਰ ਤੱਕ ਬਣੀ ਰਹੀ ਕਿ ਸਰਦੀਆਂ ਵਿੱਚ ਦੋਵਾਂ ਪਾਸਿਆਂ ਦੇ ਫੌਜੀ ਪਿੱਛੇ ਬੈਰਕਾਂ ਵਿੱਚ ਚਲੇ ਜਾਇਆ ਕਰਦੇ ਸਨ। ਕਾਰਗਿਲ ਜੰਗ ਨੇ ਇਸ ਦਾ ਰਾਹ ਵੀ ਨਹੀਂ ਸੀ ਰਹਿਣ ਦਿੱਤਾ। ਜਿਵੇਂ ਉਹ ਅੱਧੀ ਰਾਤ ਨੂੰ ਕਾਰਗਿਲ ਦੀਆਂ ਪਹਾੜੀਆਂ ਉੱਤੇ ਆ ਚੜ੍ਹੇ ਸਨ, ਓਦਾਂ ਉਹ ਇਸ ਸਭ ਤੋਂ ਉੱਚੇ ਮੋਰਚੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਸਕਦੇ ਸਨ। ਸਰਦੀਆਂ ਦਾ ਮੌਸਮ ਹੋਣ ਕਾਰਨ ਅੱਜ ਕੱਲ੍ਹ ਏਥੇ ਦਿਨ ਦਾ ਤਾਪਮਾਨ ਮਨਫੀ ਵੀਹ ਡਿਗਰੀ ਸੈਲਸੀਅਸ ਹੁੰਦਾ ਹੈ, ਪਰ ਰਾਤ ਦਾ ਚਾਲੀ ਡਿਗਰੀ ਮਨਫੀ ਤੱਕ ਵੀ ਡਿੱਗ ਜਾਂਦਾ ਹੈ। ਗਰਮੀਆਂ ਵਿੱਚ ਵੀ ਬਹੁਤਾ ਕਰ ਕੇ ਤਾਪਮਾਨ ਮਨਫੀ ਵਿੱਚ ਹੀ ਰਹਿੰਦਾ ਹੈ।
ਸਾਰਾ ਸਾਲ ਬਰਫ ਨਾਲ ਢੱਕੇ ਰਹਿਣ ਵਾਲੇ ਇਸ ਖੇਤਰ ਵਿੱਚ ਜ਼ਮੀਨ ਦਿੱਸਦੀ ਨਾ ਹੋਣ ਕਾਰਨ ਖੱਡਿਆਂ ਦਾ ਪਤਾ ਨਹੀਂ ਲੱਗਦਾ ਤੇ ਕਿਸੇ ਵੇਲੇ ਵੀ ਤੁਰੇ ਜਾਂਦਿਆਂ ਬੰਦਾ ਬਰਫ ਸਮਝ ਕੇ ਪੈਰ ਟਿਕਾਉਣ ਪਿੱਛੋਂ ਡੂੰਘੀ ਖੱਡ ਵਿੱਚ ਡਿੱਗ ਕੇ ਜਾਨ ਗਵਾ ਸਕਦਾ ਹੈ। ਇਸ ਤੋਂ ਬਚਣ ਲਈ ਜਵਾਨਾਂ ਨੂੰ ਇਕੱਲੇ ਤੁਰਨ ਦੀ ਮਨਾਹੀ ਹੈ ਤੇ ਜਿੰਨੇ ਜਣੇ ਇਕੱਠੇ ਬਾਹਰ ਨਿਕਲਦੇ ਹਨ, ਉਹ ਸਾਰੇ ਇੱਕ ਲੰਮੇ ਰੱਸੇ ਨਾਲ ਆਪਣੇ ਲੱਕਾਂ ਨੂੰ ਬੰਨ੍ਹ ਕੇ ਇੱਕ ਕਤਾਰ ਵਿੱਚ ਤੁਰਦੇ ਹਨ, ਤਾਂ ਕਿ ਇੱਕ ਜਣਾ ਡਿੱਗ ਪਵੇ ਤਾਂ ਅਗਲੇ ਤੇ ਪਿਛਲੇ ਉਸ ਨੂੰ ਬਾਹਰ ਖਿੱਚਣ ਦੀ ਮਦਦ ਕਰ ਸਕਣ। ਪੈਰ-ਪੈਰ ਉੱਤੇ ਮੌਤ ਦਿਖਾਈ ਦੇਂਦੀ ਹੈ। ਆਕਸੀਜਨ ਦੀ ਕਮੀ ਦੇ ਕਾਰਨ ਓਥੇ ਜਾਣ ਵਾਲੇ ਕਿਸੇ ਜਵਾਨ ਨੂੰ ਤਿੰਨ ਮਹੀਨੇ ਤੋਂ ਵੱਧ ਨਹੀਂ ਭੇਜਿਆ ਜਾ ਸਕਦਾ। ਜ਼ਿਆਦਾ ਦੇਰ ਰਹਿਣ ਨਾਲ ਉਸ ਨੂੰ ਕੋਈ ਗੰਭੀਰ ਬਿਮਾਰੀ ਵੀ ਲੱਗ ਸਕਦੀ ਹੈ ਅਤੇ ਠੰਢ ਜਾਂ ਦਿਲ ਦੇ ਦੌਰੇ ਨਾਲ ਵੀ ਉਸ ਦੀ ਜਾਨ ਜਾ ਸਕਦੀ ਹੈ।
ਸਰਕਾਰੀ ਅੰਕੜੇ ਦੱਸਦੇ ਹਨ ਕਿ ਹਰ ਸਾਲ ਇਸ ਕੰਮ ਉੱਤੇ ਕਰੋੜਾਂ ਰੁਪਏ ਖਰਚ ਆਉਂਦੇ ਹਨ। ਖਰਚ ਦੀ ਗਿਣਤੀ ਕਰਨ ਵਾਲੇ ਵਿਭਾਗਾਂ ਅਤੇ ਕਮੇਟੀਆਂ ਨੂੰ ਦੂਸਰੀ ਗੱਲ ਬਹੁਤੀ ਗੰਭੀਰ ਨਹੀਂ ਜਾਪਦੀ ਕਿ ਸਿਆਚਿਨ ਵਾਲੇ ਇਸ ਮੋਰਚੇ ਉੱਤੇ ਕੀਮਤੀ ਜਾਨਾਂ ਵੀ ਬਹੁਤ ਜਾਂਦੀਆਂ ਹਨ। ਪਿਛਲੇ ਬੱਤੀ ਸਾਲਾਂ ਵਿੱਚ ਓਥੇ ਅੱਠ ਹਜ਼ਾਰ ਤੋਂ ਵੱਧ ਫੌਜੀ ਜਵਾਨਾਂ ਅਤੇ ਅਫਸਰਾਂ ਦੀ ਮੌਤ ਹੋ ਚੁੱਕੀ ਹੈ। ਇਸ ਗਿਣਤੀ ਦੇ ਹਿਸਾਬ ਓਥੇ ਹਰ ਸਾਲ ਢਾਈ ਸੌ ਦੇ ਕਰੀਬ ਫੌਜੀ ਜਵਾਨਾਂ ਅਤੇ ਅਫਸਰਾਂ ਦੀ ਮੌਤ ਹੋ ਜਾਂਦੀ ਹੈ। ਇਹ ਬਹੁਤ ਵੱਡਾ ਨੁਕਸਾਨ ਹੈ। ਭਾਰਤ ਦੇ ਲੋਕ ਆਪਣੇ ਜਵਾਨਾਂ ਦੀਆਂ ਮੌਤਾਂ ਦੀ ਇਸ ਅਟੁੱਟ ਲੜੀ ਬਾਰੇ ਬਹੁਤਾ ਕੁਝ ਜਾਣਦੇ ਹੀ ਨਹੀਂ।
ਸਿਰਫ ਸਾਡੇ ਵਾਲੇ ਪਾਸੇ ਨਹੀਂ, ਓਧਰ ਪਾਕਿਸਤਾਨ ਵੱਲ ਵੀ ਏਸੇ ਤਰ੍ਹਾਂ ਫੌਜੀਆਂ ਦੀਆਂ ਜਾਨਾਂ ਜਾਂਦੀਆਂ ਹਨ। ਮਰਨ ਵਾਲਿਆਂ ਵਿੱਚ ਆਪਸੀ ਗੋਲੀਬਾਰੀ ਨਾਲ ਓਨੇ ਜਣੇ ਨਹੀਂ ਮਰਦੇ, ਜਿੰਨੇ ਬਰਫਾਨੀ ਤੋਦਿਆਂ ਦੇ ਹੇਠ ਦੱਬ ਕੇ ਜਾਂ ਖੱਡਾਂ ਵਿੱਚ ਤਿਲਕ ਕੇ ਮਾਰੇ ਜਾ ਰਹੇ ਹਨ। ਥੋੜ੍ਹਾ ਸਮਾਂ ਪਹਿਲਾਂ ਪਾਕਿਸਤਾਨ ਦਾ ਫੌਜੀਆਂ ਦਾ ਕੈਂਪ ਵੀ ਬਰਫ ਦੇ ਤੋਦਿਆਂ ਦੇ ਡਿੱਗਣ ਅਤੇ ਬਰਫਾਨੀ ਤੂਫਾਨ ਦਾ ਸ਼ਿਕਾਰ ਬਣਿਆ ਸੀ ਤੇ ਓਧਰਲੇ ਪਾਸੇ ਮ੍ਰਿਤਕਾਂ ਦੀ ਗਿਣਤੀ ਦੋ ਸੌ ਦੇ ਕਰੀਬ ਦੱਸੀ ਗਈ ਸੀ। ਦੋ ਹੋਣ ਜਾਂ ਦੋ ਸੌ, ਭਾਰਤੀ ਫੌਜੀ ਹੋਣ ਜਾਂ ਪਾਕਿਸਤਾਨੀ ਪਾਸੇ ਵਾਲੇ, ਮਰਨ ਵਾਲੇ ਤਾਂ ਇਨਸਾਨ ਹਨ, ਪਰ ਹਾਲਾਤ ਦੀ ਮਜਬੂਰੀ ਹੈ ਕਿ ਅਸੀਂ ਵੀ ਆਪਣੇ ਜਵਾਨਾਂ ਦੀ ਮੌਤ ਦਾ ਦੁੱਖ ਝੱਲਣ ਲਈ ਮਜਬੂਰ ਹਾਂ ਅਤੇ ਉਹ ਵੀ ਇਸ ਤੋਂ ਨਹੀਂ ਬਚ ਸਕਦੇ। ਇਸ ਤੋਂ ਬਚਣ ਦਾ ਇੱਕੋ ਰਾਹ ਇਹ ਬਣ ਸਕਦਾ ਹੈ ਕਿ ਦੋਵਾਂ ਦੇਸ਼ਾਂ ਵਿੱਚ ਕੁਝ ਸੁਖਾਵੇਂ ਸੰਬੰਧ ਹੋਣ ਤੇ ਇਨ੍ਹਾਂ ਪਹਾੜੀ ਮੋਰਚਿਆਂ ਉੱਤੇ ਖੇਤਾਂ ਦੇ ਡਰਨੇ ਵਾਂਗ ਜੀਂਦੇ-ਜਾਗਦੇ ਇਨਸਾਨ ਖੜੇ ਕਰਨ ਅਤੇ ਬਰਫਾਨੀ ਹਨੇਰੀਆਂ ਵਿੱਚ ਉਨ੍ਹਾਂ ਦੇ ਮਰਦੇ ਜਾਣ ਦਾ ਗਮ ਸਾਨੂੰ ਨਾ ਝੱਲਣਾ ਪਵੇ। ਬਦਕਿਸਮਤੀ ਨਾਲ ਏਸੇ ਕੰਮ ਲਈ ਰਾਹ ਨਹੀਂ ਨਿਕਲ ਰਿਹਾ।
ਜਿੰਨੀ ਦੇਰ ਤੱਕ ਇਸ ਤਰ੍ਹਾਂ ਦਾ ਕੋਈ ਰਾਹ ਨਹੀਂ ਲੱਭ ਜਾਂਦਾ, ਓਨੀ ਦੇਰ ਇਸ ਤਰ੍ਹਾਂ ਦੀਆਂ ਮੌਤਾਂ ਮਗਰੋਂ ਦੁੱਖ ਹੀ ਪ੍ਰਗਟ ਕੀਤਾ ਜਾ ਸਕਦਾ ਹੈ। ਸਾਨੂੰ ਸਾਰਿਆਂ ਨੂੰ ਦੁੱਖ ਹੈ, ਬਹੁਤ ਹੀ ਜ਼ਿਆਦਾ ਦੁੱਖ ਹੈ ਇਨ੍ਹਾਂ ਮੌਤਾਂ ਦਾ।