ਗੁਜਰਾਤ ਦੀ ਮੁੱਖ ਮੰਤਰੀ ਦੀ ਧੀ ਦੇ ਵਪਾਰਕ ਭਾਈਵਾਲ ਦੀਆਂ ਪੌ-ਬਾਰਾਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਦੀ ਧੀ ਅਨਾਰ ਜਯੇਸ਼ ਪਟੇਲ ਦੀ ਇੱਕ ਕੰਪਨੀ ਹੈ। ਗਿਰ ਲਾਇਨ ਸੈਨਚੂਅਰੀ ਨਾਂਅ ਦੀ ਇਹ ਕੰਪਨੀ 400 ਏਕੜ ਰਕਬੇ 'ਚ ਸਥਿਤ ਹੈ, ਜਿਸ 'ਚ 250 ਏਕੜ ਜ਼ਮੀਨ ਕੰਪਨੀ ਨੂੰ ਕੌਡੀਆਂ ਦੇ ਭਾਅ 15 ਰੁਪਏ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਦਿੱਤੀ ਗਈ ਹੈ। ਅਨਾਰ ਪਟੇਲ ਆਪਣੇ ਆਪ ਨੂੰ ਸੋਸ਼ਲ ਵਰਕਰ ਅਤੇ ਉੱਦਮੀ ਦੱਸਦੀ ਹੈ, ਉਸ ਨੇ ਰਜਿਸਟਰਾਰ ਆਫ਼ ਕੰਪਨੀਜ਼ ਨੂੰ ਜੋ ਸੂਚਨਾ ਦਿੱਤੀ ਗਈ ਹੈ, ਉਸ ਵਿੱਚ ਅਨਾਰ ਅਤੇ ਉਸ ਦੇ ਭਾਈਵਾਲਾਂ ਵਿਚਾਲੇ ਕਈ ਲੈਣ-ਦੇਣ ਦੇਖੇ ਜਾ ਸਕਦੇ ਹਨ। ਦਰਅਸਲ ਵਾਈਲਡ ਵੁੱਡਜ ਰਿਜ਼ਾਰਟਸ ਐਂਡ ਰਿਆਲਟੀਜ਼ ਨੂੰ ਗੁਜਰਾਤ ਸਰਕਾਰ ਨੇ 2010-11 'ਚ 250 ਏਕੜ ਸਰਕਾਰੀ ਜ਼ਮੀਨ ਦਿੱਤੀ ਸੀ ਅਤੇ ਉਦੋਂ ਤੋਂ ਹੀ ਅਨਾਰ ਪਟੇਲ ਦੀ ਕੰਪਨੀ ਅਤੇ ਵਾਈਲਡ ਵੁੱਡਜ ਵਿਚਾਲੇ ਲੈਣ-ਦੇਣ ਸ਼ੁਰੂ ਹੋ ਗਿਆ ਸੀ।
ਵਾਈਲਡ ਵੁੱਡਜ ਦੇ ਮੌਜੂਦਾ ਭਾਈਵਾਲ ਦਸਮੇਸ਼ ਸ਼ਾਹ, ਅਮੋਲ ਸ੍ਰੀਪਾਲ ਸੇਠ ਇਸ ਵੇਲੇ ਅਨਾਰ ਪਟੇਲ ਦੇ ਵਪਾਰਕ ਭਾਈਵਾਲ ਹਨ। ਮਾਮਲਾ ਮੀਡੀਆ 'ਚ ਛਾਅ ਜਾਣ ਦੇ ਬਾਵਜੂਦ ਗੁਜਰਾਤ ਸਰਕਾਰ ਨੇ ਇਸ ਮਾਮਲੇ 'ਚ ਆਪਣਾ ਕੋਈ ਪ੍ਰਤੀਕ੍ਰਮ ਨਹੀਂ ਦਿੱਤਾ ਹੈ। ਅਨਾਰ ਪਟੇਲ, ਸ਼ਾਹ ਅਤੇ ਸੇਠ ਇਸੇ ਬਾਰੇ ਰਹਿ ਰਹੇ ਹਨ ਕਿ ਸਾਰੇ ਪੈਸੇ ਦਾ ਲੈਣ-ਦੇਣ ਕਾਨੂੰਨੀ ਤੌਰ 'ਤੇ ਹੋਇਆ ਹੈ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਸਥਿਤ ਗਿਰ ਸੈਨਚੂਅਰੀ ਦੇ ਨਾਲ ਲੱਗਦੀ ਹੈ ਅਤੇ ਇਸ ਲਈ ਵਪਾਰਕ ਤੌਰ 'ਤੇ ਇਹ ਜ਼ਮੀਨ ਬਹੁਤ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਸੀ।
ਗੁਜਰਾਤ ਸਰਕਾਰ ਨੇ ਵਾਈਲਡ ਵੁੱਡਜ ਨੂੰ ਨਾ ਕੇਵਲ 172 ਏਕੜ ਖੇਤੀਯੋਗ ਭੂਮੀ ਦੇ ਦਿੱਤੀ, ਸਗੋਂ ਖੇਤੀ ਯੋਗ ਜ਼ਮੀਨ ਨੂੰ ਗੈਰ ਖੇਤੀ ਯੋਗ ਜ਼ਮੀਨ ਦੇ ਤੌਰ 'ਤੇ ਵਰਤਣ ਦੀ ਆਗਿਆ ਵੀ ਦਿੱਤੀ। ਜਿਸ ਵੇਲੇ ਇਹ ਜ਼ਮੀਨ ਅਲਾਟ ਕੀਤੀ ਗਈ, ਉਸ ਵੇਲੇ ਆਨੰਦੀਬੇਨ ਸੂਬੇ ਦੀ ਮਾਲ ਮੰਤਰੀ ਸਨ ਅਤੇ ਮਾਲ ਵਿਭਾਗ ਹੀ ਅਜਿਹੀ ਜ਼ਮੀਨ ਦੇਣ ਵਾਲੀ ਨੋਡਲ ਅਥਾਰਟੀ ਹੁੰਦਾ ਹੈ। ਆਨੰਦੀਬੇਨ ਭਾਵੇਂ ਹੁਣ ਗੁਜਰਾਤ ਦੀ ਮੁੱਖ ਮੰਤਰੀ ਬਣ ਚੁੱਕੀ ਹੈ, ਪਰ ਮਾਲ ਮਹਿਕਮੇ ਅਜੇ ਵੀ ਉਨ੍ਹਾਂ ਨੇ ਆਪਣੇ ਕੋਲ ਰੱਖਿਆ ਹੋਇਆ ਹੈ।
ਸਵਾਲ ਇਹ ਹੈ ਕਿ ਕੀ ਲਾਭ ਕਮਾ ਰਹੀ ਇਸ ਪ੍ਰਾਈਵੇਟ ਕੰਪਨੀ ਲਈ ਜ਼ਮੀਨ ਦਾ ਏਨਾ ਵੱਡਾ ਹਿੱਸਾ ਅਲਾਟ ਕਰਨਾ ਇੱਕ ਸਧਾਰਨ ਸਰਕਾਰੀ ਨੀਤੀ ਹੈ ਜਾਂ ਕਿਸੇ ਖਾਸ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ ਹੈ।
ਵਾਈਲਡ ਵੁੱਡਜ ਦੇ ਇੱਕ ਅਫ਼ਸਰ ਨੇ ਦੱਸਿਆ ਕਿ ਇਸ ਜ਼ਮੀਨ ਉਪਰ ਇਕ ਰਿਜ਼ਾਰਟ ਖੋਲ੍ਹਣ ਦੀ ਯੋਜਨਾ ਸੀ, ਪਰ ਇਹ ਯੋਜਨਾ ਕਾਮਯਾਬ ਨਹੀਂ ਰਹੀ।
ਦਸਮੇਸ਼ ਸ਼ਾਹ ਭਾਵੇਂ ਅਨਾਰ ਪਟੇਲ ਦੇ ਵਪਾਰਕ ਭਾਈਵਾਲ ਹਨ ਅਤੇ ਅਨਾਰ ਦੀ ਕੰਪਨੀ ਦੀ ਇਸ ਪ੍ਰਾਜੈਕਟ 'ਚ 50 ਫ਼ੀਸਦੀ ਹਿੱਸੇਦਾਰੀ ਹੈ, ਜਦਕਿ ਸ਼ਾਹ ਦਾ ਕਹਿਣਾ ਹੈ ਕਿ ਅਨਾਰ ਦੀ ਕੰਪਨੀ ਨਾਲ ਉਸ ਦੀ ਕੋਈ ਵਪਾਰਕ ਡੀਲ ਨਹੀਂ ਹੋਈ ਹੈ, ਜਦਕਿ ਰਜਿਸਟਰਾਰ ਆਫ਼ ਕੰਪਨੀਜ਼ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਹੋਰ ਹੀ ਕਹਾਣੀ ਬਿਆਨ ਰਹੀ ਹੈ। ਅਨਾਰ ਦੇ ਪ੍ਰਾਜੈਕਟ ਨਾਲ ਜੁੜੀਆਂ ਫਾਇਲਾਂ ਤੋਂ ਵਾਈਲਡ ਵੁੱਡਜ਼ ਨੂੰ 10 ਲੱਖ ਰੁਪਏ ਦਿੱਤੇ ਜਾਣ ਦਾ ਪਤਾ ਲੱਗਦਾ ਹੈ।