ਪਠਾਨਕੋਟ; ਐੱਨ ਆਈ ਏ 5000 ਨੰਬਰਾਂ ਦੀਆਂ ਕਾਲਾਂ ਦੀ ਕਰ ਰਹੀ ਹੈ ਪੁਣ-ਛਾਣ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪਠਾਨਕੋਟ 'ਚ ਹਵਾਈ ਸੈਨਾ ਦੇ ਅੱਡੇ 'ਤੇ ਹੋਏ ਅੱਤਵਾਦੀ ਹਮਲੇ 'ਚ ਕਿਸੇ ਅੰਦਰ ਦੇ ਵਿਅਕਤੀ ਦਾ ਹੱਥ ਹੋਣ ਦੇ ਸ਼ੱਕ ਦੀ ਜਾਂਚ 'ਚ ਤੇਜ਼ੀ ਲਿਆਉਣ ਲਈ ਐੱਨ ਆਈ ਏ (ਰਾਸ਼ਟਰੀ ਜਾਂਚ ਏਜੰਸੀ) ਨੇ ਹਮਲੇ ਤੋਂ ਪਹਿਲਾਂ ਅਤੇ ਉਸ ਤੋਂ ਏਅਰ ਫੋਰਸ ਸਟੇਸ਼ਨ ਤੋਂ ਕੀਤੀ ਗਈ ਕਾਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਏਅਰ ਬੇਸ 'ਚ ਏਅਰ ਫੋਰਸ ਦੇ ਲੋਕਾਂ ਅਤੇ ਉਨ੍ਹਾ ਦੇ ਪਰਵਾਰਾਂ ਸਮੇਤ ਕਰੀਬ 5000 ਲੋਕ ਰਹਿੰਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹਨ।
ਸੂਤਰਾਂ ਨੇ ਦੱਸਿਆ ਕਿ ਏਜੰਸੀ ਹਮਲੇ ਤੋਂ 7 ਦਿਨ ਪਹਿਲਾਂ ਅਤੇ ਉਸ ਦੇ 7 ਦਿਨ ਬਾਅਦ ਇਨ੍ਹਾਂ ਸਾਰੇ ਲੋਕਾਂ ਦੁਆਰਾ ਕੀਤੀ ਗਈ ਹਰ ਕਾਲ ਦਾ ਬਿਊਰਾ ਖੰਗਾਲੇਗੀ। ਉਨ੍ਹਾ ਦੱਸਿਆ ਕਿ ਏਜੰਸੀ ਇਨ੍ਹਾਂ ਨੰਬਰਾਂ ਤੋਂ ਦੇਸ਼ ਤੋਂ ਬਾਹਰ ਕੀਤੀ ਗਈ ਕਿਸੇ ਵੀ ਕਾਲ ਦੇ ਨਾਲ-ਨਾਲ ਦੇਸ਼ 'ਚ ਵੀ ਕੀਤੀਆਂ ਗਈਆਂ ਸਾਰੀਆਂ ਕਾਲਾਂ ਨੂੰ ਜਾਂਚ ਦੇ ਦਾਇਰੇ 'ਚ ਰੱਖੇਗੀ।
ਵਰਨਣਯੋਗ ਹੈ ਕਿ ਐੱਨ ਆਈ ਏ ਇਸ ਮਾਮਲੇ 'ਚ ਪਹਿਲਾਂ ਹੀ ਏਅਰ ਫੋਰਸ ਦੇ ਕੁਝ ਅਧਿਕਾਰੀਆਂ ਅਤੇ ਮਿਲਟਰੀ ਇੰਜੀਨੀਅਰਿੰਗ ਸਰਵਿਸ (ਐੱਮ ਈ ਐੱਸ) ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਏਜੰਸੀ ਨੇ 7 ਜਨਵਰੀ ਨੂੰ ਪੁੱਛਗਿੱਛ ਦੇ ਸਿਲਸਿਲੇ 'ਚ ਪਠਾਨਕੋਟ ਏਅਰਬੇਸ 'ਚ ਤੈਨਾਤ ਏਅਰ ਫੋਰਸ ਦੇ 2 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਸੀ। ਇਨ੍ਹਾਂ ਦੋਵਾਂ ਨੂੰ ਉਨ੍ਹਾਂ ਦੀਆਂ ਕਾਲਾਂ ਦੀ ਜਾਂਚ ਦੇ ਬਾਅਦ ਹਿਰਾਸਤ 'ਚ ਲਿਆ ਗਿਆ ਸੀ। ਏਜੰਸੀ ਨੂੰ ਜਾਂਚ 'ਚ ਪਤਾ ਲੱਗਿਆ ਸੀ ਕਿ ਇਹ ਦੋਵੇਂ ਏਅਰ ਫੋਰਸ ਦੇ ਕਰਮਚਾਰੀ ਰਣਜੀਤ ਕੇ ਕੇ ਦੇ ਸੰਪਰਕ 'ਚ ਸਨ, ਜਿਸ ਨੂੰ ਹਮਲੇ ਦੇ ਕੁਝ ਦਿਨ ਪਹਿਲਾਂ ਹੀ 28 ਦਸੰਬਰ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐੱਸ ਆਈ ਲਈ ਜਾਸੂਸੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।