ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ : ਪਰਿਕਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਕਿਹਾ ਕਿ ਭਾਰਤ ਜਲਦੀ ਹੀ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦਾ ਜਵਾਬ ਦੇਵੇਗਾ। ਉਨ੍ਹਾ ਸਵੀਕਾਰ ਕਰਦਿਆਂ ਕਿਹਾ ਕਿ ਤਾਜ਼ਾ ਸੂਚਨਾ ਹੈ ਕਿ ਪਠਾਨਕੋਟ 'ਚ ਹਮਲਾ ਕਰਨ ਵਾਲੇ ਕੁਝ ਅੱਤਵਾਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਪਹਿਲਾਂ ਹੀ ਏਅਰਬੇਸ ਅੰਦਰ ਲੁਕੇ ਹੋਏ ਸਨ। ਉਨ੍ਹਾ ਕਿਹਾ ਕਿ ਭਾਰਤ ਦੇ ਸਬਰ ਦਾ ਪਿਆਲਾ ਭਰ ਗਿਆ ਹੈ ਅਤੇ ਉਹ ਜਲਦ ਹੀ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ। ਉਨ੍ਹਾ ਯੋਜਨਾ ਦਾ ਵਿਸਥਾਰ 'ਚ ਵੇਰਵਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਮਲੇ ਲਈ ਉਕਸਾਉਣ ਵਾਲਾ ਸਾਜ਼ਿਸ਼ਘਾੜਾ ਪਾਕਿਸਤਾਨ 'ਚ ਹੀ ਹੈ।
ਰੱਖਿਆ ਮੰਤਰੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਦੇਸ਼ ਨੂੰ ਯੋਜਨਾ ਬਣਾਉਣੀ ਹੋਵੇਗੀ। ਪਰਿਕਰ ਨੇ ਕਿਹਾ ਕਿ ਉਨ੍ਹਾ ਨੇ ਕਿਸੇ ਵਿਅਕਤੀ, ਅੱਤਵਾਦੀ ਜਥੇਬੰਦੀ ਅਤੇ ਦੇਸ਼ ਦਾ ਨਾਂਅ ਨਹੀਂ ਲਿਆ, ਕਿਉਂਕਿ ਜੇ ਇਹ ਦੇਸ਼ ਵਿਰੁੱਧ ਹੋਵੇਗੀ ਤਾਂ ਇਸ ਦਾ ਮਤਲਬ ਜੰਗ ਹੋਵੇਗਾ।
ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਵਿਅਕਤੀ ਨੂੰ ਸਬਕ ਦਿਖਾਉਣਾ ਚਾਹੁੰਦੇ ਹਾਂ ਅਤੇ ਇਹ ਕਿਥੇ ਅਤੇ ਕਦੋਂ ਹੋਵੇਗਾ, ਇਹ ਸਾਡੀ ਮਰਜ਼ੀ ਉਪਰ ਨਿਰਭਰ ਹੋਵੇਗਾ। ਜਦੋਂ ਪਰਿਕਰ ਨੂੰ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਕੈਂਪਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਹਮਲੇ ਦੀ ਤਰੀਕ ਅਤੇ ਸਮਾਂ ਭਾਰਤ ਤੈਅ ਕਰੇਗਾ। ਉਨ੍ਹਾ ਕਿਹਾ ਕਿ ਇਹਨਾਂ ਗੱਲਾਂ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾ ਕਿਹਾ ਕਿ ਕੋਈ ਨਹੀਂ ਜਾਣ ਸਕਦਾ ਹੈ ਕਿ ਅਸੀਂ ਕਿੱਥੇ ਹਮਲਾ ਕਰਨਾ ਹੈ ਅਤੇ ਕਿੱਥੇ ਨਹੀਂ ਕਰਨਾ ਹੈ ਅਤੇ ਸਾਡੇ 'ਚ ਸਮਰਥਾ ਹੋਣੀ ਚਾਹੀਦੀ ਹੈ।
ਉਹਨਾ ਕਿਹਾ ਕਿ ਉਹ ਕਿਸੇ ਦੇਸ਼ ਦਾ ਨਾਂਅ ਨਹੀਂ ਲੈਣਗੇ, ਪਰ ਉਹ ਅੱਤਵਾਦੀ ਭੇਜ ਕੇ ਝਗੜਾ ਲੈ ਰਹੇ ਹਨ, ਇਸ ਬਾਰੇ ਕੋਈ ਸਵਾਲੀਆ ਨਿਸ਼ਾਨ ਨਹੀਂ, ਪਰ ਕਦੋਂ, ਕਿਵੇਂ, ਕਿਸ ਵਕਤ, ਇਹ ਭਾਰਤ ਦੀ ਸਹੂਲਤ ਮੁਤਾਬਕ ਤੈਅ ਹੋਵੇਗਾ।