ਬੇਕਾਬੂ ਗੱਡੀ ਨੇ ਗਰੀਬ ਪਰਵਾਰ ਦਰੜ'ਤਾ

ਕੋਟਕਪੂਰਾ (ਸ਼ਾਮ ਲਾਲ ਚਾਵਲਾ)
ਬੀਤੀ ਰਾਤ ਕਰੀਬ 1.30 ਵਜੇ ਸਥਾਨਕ ਸ਼ਹਿਰ ਦੇ ਬਠਿੰਡਾ ਰੋਡ 'ਤੇ ਸਥਿਤ ਵਸੀਆਂ ਝੁੱਗੀਆਂ ਵਿੱਚ ਇੱਕ ਟਾਟਾ ਮਹਿੰਦਰਾ ਜੀਪ ਦੇ ਘੁਸ ਜਾਣ ਨਾਲ ਤਿੰਨ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨਾਂ ਨੂੰ ਆਮ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਬੀਤੀ ਰਾਤ ਕਰੀਬ 1.30 ਵਜੇ ਉਸ ਵੇਲੇ ਵਾਪਰਿਆ, ਜਦੋਂ ਸਬਜ਼ੀ ਮੰਡੀ ਜਾ ਰਹੀ ਇੱਕ ਮਟਰਾਂ ਨਾਲ ਭਰੀ ਹੋਈ ਟਾਟਾ ਮਹਿੰਦਰਾ ਜੀਪ ਬੇਕਾਬੂ ਹੋ ਗਈ ਤੇ ਰੋਡ ਉਪਰ ਬਣੇ ਪੁਲਸ ਐਂਬੂਲੈਂਸ ਕੈਬਨ ਅੱਗੇ ਖੰਭੇ ਵਿੱਚ ਵੱਜ ਕੇ ਇੱਕ ਝੁੱਗੀ ਵਿੱਚ ਜਾ ਵੜੀ, ਜਿਸ ਨਾਲ ਝੁੱਗੀ ਵਿੱਚ ਸੁੱਤੇ ਹੋਏ 7 ਮੈਂਬਰਾਂ ਵਿਚੋਂ ਵਰੁਣਾ ਕੁਮਾਰੀ ਪਤਨੀ ਡਾਲੂ (20 ਸਾਲ), ਰਾਇਬਾ ਪਤਨੀ ਇੰਨਰਦੇਵ (50 ਸਾਲ) ਅਤੇ ਇੱਕ ਛੋਟੀ ਬੱਚੀ (2-6) ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਲਛਮੀ ਪੁੱਤਰੀ ਇੰਨਰਦੇਵ (7 ਸਾਲ), ਬਜਰੰਗੀ ਪੁੱਤਰੀ ਇਨਰਦੇਵ (5 ਸਾਲ) , ਰਾਧਾ ਪੁੱਤਰੀ ਇੰਨਰਦੇਵ (20 ਸਾਲ) ਮਾਸਟਰ ਜਗਰੂਪ ਪੁੱਤਰ ਵਰਨਾ ਕੁਮਾਰ (3 ਸਾਲ) ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ।
ਮੌਕੇ 'ਤੇ ਦੱਸਣ ਵਾਲੇ ਲੋਕਾਂ ਮੁਤਾਬਿਕ ਹਾਦਸੇ ਵਾਲੀ ਥਾਂ 'ਤੇ ਬਿਲਕੁਲ ਨਾਲ ਪੁਲਸ ਹੈਲਪਲਾਈਨ ਦੀ ਐਂਬੂਲੈਂਸ ਦਾ ਸਟੈਂਡ ਬਣਿਆ ਹੋਇਆ ਹੈ, ਪਰ ਰਾਤ ਨੂੰ ਨਾ ਤਾਂ ਐਂਬੂਲੈਂਸ ਉਥੇ ਹਾਜ਼ਰ ਸੀ ਤੇ ਨਾ ਹੀ ਕੋਈ ਸਟਾਫ, ਹਾਦਸਾ ਵਾਪਰਨ ਵੇਲੇ ਮੌਜੂਦ ਲੋਕਾਂ ਨੇ ਮੌਜੂਦਾ ਸਰਕਾਰ ਵੱਲੋਂ ਚਲਾਈ 108 ਐਂਬੂਲੈਂਸ ਨੂੰ ਵੀ ਕਈ ਵਾਰ ਫੋਨ ਕੀਤੇ, ਪਰ ਕਿਸੇ ਨੇ ਵੀ ਫੋਨ ਅਟੈਂਡ ਨਹੀਂ ਕੀਤਾ। ਆਸ-ਪਾਸ ਦੀਆਂ ਝੁੱਗੀਆਂ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਹੀ ਸਮੇਂ 'ਤੇ ਐਂਬੂਲੈਂਸ ਪਹੁੰਚ ਜਾਂਦੀ ਤਾਂ ਦੋ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਸੀ, ਜੋ ਕਰੀਬ ਦੋ ਘੰਟੇ ਤੱਕ ਜਿਉਂਦੇ ਸਨ। ਕਰੀਬ 2 ਘੰਟੇ ਬਾਅਦ ਵਿੱਚ ਪਹੁੰਚੀ ਪੁਲਸ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਥੇ ਇਹ ਵਰਨਣ ਯੋਗ ਹੈ ਕਿ ਇਹ ਝੁੱਗੀਆਂ ਵਾਲੇ ਪਿਛਲੇ ਲੰਬੇ ਸਮੇਂ ਤੋਂ ਬਿਹਾਰ ਤੋਂ ਆ ਕੇ ਇਸ ਸੜਕ ਕਿਨਾਰੇ ਰਹਿ ਰਹੇ ਹਨ। ਕਈ ਵਾਰ ਐਸੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਪਰ ਅਫਸੋਸ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਇਨ੍ਹਾਂ ਨੂੰ ਸੜਕ ਕਿਨਾਰਿਓਂ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸੰਬੰਧੀ ਹਲਕਾ ਡੀ ਐੱਸ ਪੀ ਬਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੁਲਸ ਨੇ ਕਬਜ਼ੇ ਵਿੱਚ ਲੈ ਲਈਆਂ ਹਨ ਤੇ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।