ਧਰਤੀ ਦੇ ਐਨ ਨੇੜਿਓਂ ਲੰਘੇਗਾ ਛੋਟਾ ਗ੍ਰਹਿ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਗਲੇ ਮਹੀਨੇ 5 ਮਾਰਚ ਨੂੰ ਇੱਕ ਛੋਟਾ ਗ੍ਰਹਿ ਧਰਤੀ ਦੇ ਬਿਲਕੁਲ ਨੇੜੇ ਹੋ ਕੇ ਗੁਜ਼ਰੇਗਾ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਵਿਗਿਆਨੀਆਂ ਅਨੁਸਾਰ ਇਸ ਛੋਟੇ ਗ੍ਰਹਿ ਦੇ ਧਰਤੀ ਤੋਂ 9000-17000 ਕਿਲੋਮੀਟਰ ਦੀ ਦੂਰੀ ਤੋਂ ਗੁਜ਼ਰਨ ਦੀ ਸੰਭਾਵਨਾ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਅਨੁਸਾਰ ਵਿਗਿਆਨੀਆਂ ਨੇ ਇਸ ਛੋਟੇ ਗ੍ਰਹਿ ਦਾ ਨਾਂਅ 2013 ਟੀ ਐੱਕਸ 68 ਰੱਖਿਆ ਹੈ ਅਤੇ ਇਹ ਰੈਗੂਲਰ ਤੌਰ 'ਤੇ ਧਰਤੀ ਦੇ ਬਿਲਕੁਲ ਨੇੜਿਓਂ ਗੁਜ਼ਰੇਗਾ, ਪਰ ਇਸ ਦਾ ਧਰਤੀ ਦੇ ਵਾਤਾਵਰਨ ਨੂੰ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ।
ਇਸ ਘਟਨਾ ਦੀ ਸਭ ਤੋਂ ਅਹਿਮ ਗੱਲ ਹੈ ਕਿ ਇਹ ਛੋਟਾ ਗ੍ਰਹਿ ਧਰਤੀ ਤੋਂ ਏਨਾ ਨੇੜਿਓਂ ਗੁਜ਼ਰੇਗਾ, ਜਿੰਨਾ ਚੰਦਰਮਾ ਵੀ ਕਦੇ ਧਰਤੀ ਦੇ ਨੇੜੇ ਨਹੀਂ ਰਿਹਾ। ਇਹ ਛੋਟਾ ਗ੍ਰਹਿ ਸਾਈਜ਼ 'ਚ ਮੁਸ਼ਕਲ ਨਾਲ 100 ਫੁੱਟ ਵਿਆਸ ਵਾਲਾ ਹੈ, ਜਿਹੜਾ ਅਗਲੇ ਸਾਲ ਸਤੰਬਰ 'ਚ ਦੁਬਾਰਾ ਗੁਜ਼ਰੇਗਾ ਅਤੇ ਉਸ ਮਗਰੋਂ 2046 'ਚ ਅਤੇ ਫੇਰ 2097 'ਚ ਵੀ ਧਰਤੀ ਦੇ ਨੇੜੇ ਹੋ ਕੇ ਗੁਜ਼ਰੇਗਾ, ਪਰ ਇਹ ਕਿਸੇ ਵਾਰ ਵੀ ਧਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਸਥਿਤੀ 'ਚ ਨਹੀਂ ਹੋਵੇਗਾ। ਸੀਨੀਅਰ ਵਿਗਿਆਨੀ ਪਾਲ ਚੋਡਾਬ ਦਾ ਕਹਿਣਾ ਹੈ ਕਿ ਅਗਲੇ ਤਿੰਨ ਵਾਰ ਇਸ ਛੋਟੇ ਗ੍ਰਹਿ ਦੇ ਧਰਤੀ ਦੇ ਨੇੜਿਓਂ ਗੁਜ਼ਰਨ ਵੇਲੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਬਿਲਕੁਲ ਨਹੀਂ ਅਤੇ ਭਵਿੱਖ 'ਚ ਇਹ ਧਰਤੀ ਤੋਂ ਥੋੜ੍ਹਾ ਦੂਰ ਚਲਾ ਜਾਵੇਗਾ।