ਸੁਮਨ ਲਤਾ ਦੇ ਜੀਵਨ ਸਾਥੀ ਤਰਸੇਮ ਲੋਹੀਆਂ ਦਾ ਦਿਹਾਂਤ

ਜਲੰਧਰ (ਕੇਸਰ)
ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਗੂ, ਵੱਖ-ਵੱਖ ਇਨਕਲਾਬੀ ਲਹਿਰਾਂ ਵਿਚ ਕੰਮ ਕਰਦੇ ਇਨਕਲਾਬੀ ਜਮਹੂਰੀ ਲਹਿਰ ਅੰਦਰ ਜਾਣੀ-ਪਹਿਚਾਣੀ ਸ਼ਖਸੀਅਤ ਅਤੇ ਰੰਗਕਰਮੀ ਸੁਮਨ ਲਤਾ ਦੇ ਜੀਵਨ ਸਾਥੀ ਤਰਸੇਮ ਲੋਹੀਆਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਤਰਸੇਮ ਲੋਹੀਆਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਰਵਾਰ, ਸਾਕ-ਸੰਬੰਧੀਆਂ ਅਤੇ ਲੋਕ-ਪੱਖੀ ਲਹਿਰ ਦੇ ਸੰਗੀ ਸਾਥੀਆਂ ਦਾ ਕਾਫ਼ਲਾ 9 ਫਰਵਰੀ ਸਵੇਰੇ ਠੀਕ 11 ਵਜੇ ਉਹਨਾਂ ਦੀ ਰਿਹਾਇਸ਼ਗਾਹ ਬਾਬਾ ਫਤਿਹ ਸਿੰਘ ਨਗਰ, ਨੇੜੇ ਸੁਖਚੈਨਆਣਾ ਕਾਲਜ ਫਗਵਾੜਾ ਤੋਂ ਰਵਾਨਾ ਹੋਏਗਾ ਅਤੇ ਫਗਵਾੜਾ ਤੋਂ ਸ਼ਹੀਦ ਭਗਤ ਸਿੰਘ ਨਗਰ ਸੜਕ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਏਗਾ। 68 ਵਰ੍ਹਿਆਂ ਦੇ ਤਰਸੇਮ ਲੋਹੀਆਂ ਦਾ ਜਨਮ ਪਿੰਡ ਨੰਗਲ ਠੰਡਲ (ਪਾਸ਼ਟਾ) ਵਿਖੇ ਹੋਇਆ, ਪਰ ਪੰਜਾਬ ਰਾਜ ਬਿਜਲੀ ਬੋਰਡ 'ਚ ਲੰਮਾ ਅਰਸਾ ਲੋਹੀਆਂ ਕਸਬੇ 'ਚ ਨੌਕਰੀ ਕਰਨ ਕਾਰਨ ਉਹ ਤਰਸੇਮ ਲੋਹੀਆਂ ਕਰਕੇ ਜਾਣੇ ਜਾਣ ਲੱਗੇ। ਬੀਤੇ ਕਈ ਵਰ੍ਹਿਆਂ ਤੋਂ ਉਹ ਫਗਵਾੜਾ ਵਿਖੇ ਰਹਿ ਰਹੇ ਸਨ। ਉਹਨਾਂ ਨੇ ਬਿਜਲੀ ਕਾਮਿਆਂ ਤੋਂ ਅੱਗੇ ਵਧ ਕੇ ਲੁੱਟੇ-ਪੁੱਟੇ ਲੋਕਾਂ ਨੂੰ ਜਥੇਬੰਦ, ਚੇਤੰਨ ਕਰਨ ਅਤੇ ਸੰਘਰਸ਼ਾਂ ਦੇ ਰਾਹ ਤੋਰਨ ਦੇ ਨਾਲ-ਨਾਲ ਆਪਣੀ ਜੀਵਨ ਸਾਥਣ ਸੁਮਨ ਲਤਾ ਦੇ ਨਾਲ ਰੰਗਮੰਚ 'ਚ ਵੀ ਸਰਗਰਮੀ ਨਾਲ ਕੰਮ ਕੀਤਾ। ਉਹ ਲੋਹੀਆਂ ਨਾਟਕ ਕਲਾ ਕੇਂਦਰ, ਪੰਜਾਬ ਨਾਟਕ ਕਲਾ ਕੇਂਦਰ, ਪੰਜਾਬ ਕਲਾ ਸੰਗਮ ਫਗਵਾੜਾ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) 'ਚ ਲੰਮਾ ਸਮਾਂ ਸਰਗਰਮੀ ਨਾਲ ਕੰਮ ਕਰਦੇ ਰਹੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਵੱਖੋ-ਵੱਖਰੇ ਬਿਆਨਾਂ 'ਚ ਤਰਸੇਮ ਲੋਹੀਆਂ ਦੇ ਵਿਛੋੜੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਕ ਵੱਖਰੇ ਬਿਆਨ ਰਾਹੀਂ ਪੰਜ ਆਬ ਦੇ ਸੰਚਾਲਕ ਕੇਸਰ ਨੇ ਤਰਸੇਮ ਲੋਹੀਆਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਤਰਸੇਮ ਲੋਹੀਆਂ ਜਿੱਥੇ ਵੱਖ-ਵੱਖ ਇਨਕਲਾਬੀ ਲਹਿਰਾਂ ਵਿਚ ਕੰਮ ਕਰਦੇ ਰਹੇ, ਉਥੇ ਉਹ ਟੀ.ਐੱਸ. ਯੂ ਦੇ ਪੰਜਾਬ ਪੱਧਰ ਦੇ ਆਗੂ ਸਨ। ਟੀ.ਐੱਸ.ਯੂ. ਵਿਚ ਉਨ੍ਹਾਂ ਦਾ ਗਰੁੱਪ ਲੋਹੀਆਂ ਦੇ ਨਾਂਅ 'ਤੇ ਹੀ ਜਾਣਿਆ ਜਾਂਦਾ ਸੀ। ਇਸ ਮੌਕੇ ਸ੍ਰੀ ਕੇਸਰ ਨੇ ਤਰਸੇਮ ਲੋਹੀਆਂ ਨਾਲ ਬਿਤਾਏ ਯਾਦਗਾਰੀ ਪਲ ਸਾਂਝੇ ਕੀਤੇ।