ਖਡੂਰ ਸਾਹਿਬ ਵਿਖੇ ਤੀਜੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਸਰਕਾਰ ਖਿਲਾਫ ਮੋਰਚਾ


ਅੰਮ੍ਰਿਤਸਰ (ਜਸਬੀਰ ਸਿੰਘ)
ਖਡੂਰ ਸਾਹਿਬ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਰਕਾਰ ਦਾ ਪੋਲ ਖੋਲ੍ਹ ਮੋਰਚਾ ਤੀਸਰੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਨੇ ਐੱਸ. ਡੀ.ਐੱਮ ਦਫਤਰ ਦੇ ਬਾਹਰ ਮੋਰਚਾ ਜਾਰੀ ਰੱਖਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਦੇ ਨਾਲ-ਨਾਲ ਵੱਖ-ਵੱਖ ਪਿੰਡਾਂ ਵਿੱਚ ਜੱਥਾ ਮਾਰਚ ਕਰਕੇ ਲੋਕਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ।
ਜਾਰੀ ਇੱਕ ਬਿਆਨ ਰਾਹੀਂ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਜੱਥਾ ਮਾਰਚ ਕੀਤਾ ਗਿਆ ਅਤੇ ਜੱਥੇ ਮਾਰਚ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾਂ, ਸਰਵਨ ਸਿੰਘ ਪੰਧੇਰ ਤੇ ਬੀਬੀ ਮਨਜੀਤ ਕੌਰ ਖਾਲਸਾ ਨੇ ਪੰਜਾਬ ਦੀ ਬਾਦਲ ਸਰਕਾਰ ਨੂੰ ਲੁਟੇਰਿਆਂ ਤੇ ਸਮੱਗਲਰਾਂ ਦੀ ਸਰਕਾਰ ਗਰਦਾਨਦਿਆਂ ਕਿਹਾ ਕਿ ਅੱਜ ਸੂਬੇ ਦਾ ਹਰ ਵਰਗ ਦੁਖੀ ਹੈ ਤੇ ਕਿਸਾਨ, ਮਜ਼ਦੂਰ ਤੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਰੋਮ ਸੜ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ ਹੈ।
ਉਹਨਾਂ ਕਿਹਾ ਕਿ ਬਾਦਲ ਸਰਕਾਰ ਨੂੰ ਕਿਸੇ ਦਾ ਕੋਈ ਫਿਕਰ ਨਹੀਂ ਅਤੇ ਕਿਸਾਨੀ ਪੂਰੀ ਤਰ੍ਹਾਂ ਕੰਗਾਰ 'ਤੇ ਖੜੀ ਨਜ਼ਰ ਆ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਜੱਥਾ ਮਾਰਚ ਦਾ ਰੂਟ ਪਿੰਡ ਕੱਲਾ, ਰੈਸ਼ੀਆਣਾ, ਨੌਰੰਗਾਬਾਦ, ਮੱਲਮੋਹਰੀ, ਦੁਗਲਵਾਲਾ, ਰਸੂਲਪੁਰ, ਪਿੱਦੀ, ਚੁਤਾਲਾ, ਰੂੜੇਆਸਲ, ਅਲਾਦੀਨਪੁਰ, ਸੰਘੇ, ਪੰਡੋਰੀਗੋਲਾ, ਕਲੇਰ, ਬਾਗੜੀਆ, ਬਾਠ, ਭੁੱਲਰ, ਕੰਗ, ਦੀਨੇਵਾਲ, ਮੁਡਾਲਾ, ਬਾਣੀਆ, ਦੁਲਚੀਪੁਰ ਆਦਿ ਪਿੰਡਾਂ ਵਿੱਚ ਸਕੂਟਰ ਮੋਟਰਸਾਈਕਲਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਸੰਦਾ ਰਾਹੀਂ ਕੀਤਾ ਗਿਆ। ਇਸ ਸਮੇਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਬਾਦਲ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ ਗਈ। ਉਹਨਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੇ ਇਸ ਸਮੇਂ ਬਾਦਲ ਸਰਕਾਰ ਵਿਰੁੱਧ ਮਤੇ ਵੀ ਪਾਸ ਕੀਤੇ ਅਤੇ ਵੋਟਾਂ ਦੇ ਬਾਈਕਾਟ ਦਾ ਫੈਸਲਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਬਾਦਲ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਵਿਖੇ ਦੋ ਸਿੱਖ ਨੌਜਵਾਨਾਂ ਦੇ ਕਤਲ ਕਰਨ ਤੇ ਨਿਹੱਥੇ ਲੋਕਾਂ 'ਤੇ ਗੋਲੀ ਚਲਾਉਣ ਲਈ ਦੋਸ਼ੀ ਹੈ।
ਉਹਨਾਂ ਕਿਹਾ ਕਿ ਬਾਦਲ ਪਰਵਾਰ ਵੱਲੋਂ ਸਿੱਖ ਸੰਸਥਾਵਾਂ ਨੂੰ ਆਪਣੇ ਨਿੱਜੀ ਗਰਜਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਨਾਲ ਹੀ ਸਿੱਖ ਗੁਰੂ ਸਾਹਿਬਾਨ ਦੇ ਵਿਰੁੱਧ ਕਿਤਾਬਾਂ ਛਪਵਾ ਕੇ ਗੁਰੂ ਸਾਹਿਬਾਨ ਦੀ ਤੌਹੀਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਨੌਜਵਾਨੀ ਨੂੰ ਨਸ਼ਾ ਮਾਫੀਆ, ਭ੍ਰਿਸ਼ਟ ਨੇਤਾਵਾਂ ਤੇ ਅਫਸਰਸ਼ਾਹੀ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਪੂਰੇ ਜੌਬਨ ਤੇ ਹੈ ਅਤੇ ਸੂਬਾ ਸਵਾ ਲੱਖ ਕਰੋੜ ਦੇ ਕਰੀਬ ਕਰਜ਼ਾਈ ਹੋ ਚੁੱਕਾ ਹੈ, ਪਰ ਬਾਦਲ ਪਰਵਾਰ ਅਮੀਰ ਹੋਈ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ 21 ਫਰਵਰੀ 2014 ਨੂੰ ਕਿਸਾਨਾਂ 'ਤੇ ਹੋਏ ਬੇਤਹਾਸ਼ਾ ਲਾਠੀਚਾਰਜ ਸੰਬੰਧੀ ਹੋਏ ਲਿਖਤੀ ਸਮਝੌਤੇ ਤਹਿਤ ਜ਼ਖਮੀਆਂ ਨੂੰ 25-25 ਹਜ਼ਾਰ ਤੇ ਟੁੱਟ ਭੱਜ ਦਾ ਚਾਰ ਲੱਖ ਦਾ ਮੰਨਿਆ ਹੋਇਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ।
ਅਬਾਦਾਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਲਈ ਤੁਰੰਤ ਨੋਟੀਫਿਕੇਸ਼ਨ ਕੀਤਾ ਜਾਵੇ, ਪਿੰਡ ਟਾਹਲੀ ਤੇ ਬਸਤੀ ਨਾਮਦੇਵ ਦੇ ਅਬਾਦਕਾਰਾਂ ਦਾ ਉਜਾੜਾ ਬੰਦ ਕਰਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ। ਅੱਜ ਦੇ ਧਰਨੇ ਵਿੱਚ ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵੀ ਕਿਸਾਨ ਪ੍ਰਸ਼ਾਦੇ ਦੁੱਧ ਤੇ ਹੋਰ ਲੋੜੀਂਦਾ ਸਾਮਾਨ ਲੈ ਕੇ ਸ਼ਾਮਲ ਹੋਏ। ਇਸ ਮੌਕੇ ਰਘਬੀਰ ਸਿੰਘ ਗੁਰਦਾਸਪੁਰ, ਸਵਿੰਦਰ ਸਿੰਘ ਹਸ਼ਿਆਰਪੁਰ, ਬਲਕਾਰ ਸਿੰਘ ਫਿਰੋਜਪੁਰ, ਅਮਰੀਕ ਸਿੰਘ ਮਹਿਤਾ, ਲਖਵਿੰਦਰ ਸਿੰਘ ਵਰਿਆਮ, ਗੁਰਜੀਤ ਸਿੰਘ ਗੰਡੀਵਿੰਡ, ਲਖਬੀਰ ਸਿੰਘ ਵੈਰੋਵਾਲ, ਗੁਰਬਚਨ ਸਿੰਘ ਚੱਬਾ, ਹਰਪਾਲ ਸਿੰਘ ਸਿਧਵਾਂ, ਲਖਵਿੰਦਰ ਸਿੰਘ ਪਲਾਸੌਰ, ਮੇਹਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਦੁੱਗਲਵਾਲਾ, ੍ਰਪ੍ਰਗਟ ਸਿੰਘ ਸੁਰਸਿੰਘ, ਸਤਨਾਮ ਸਿੰਘ ਮਾਨੋਚਾਲ, ਇਕਬਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।