ਭਾਜਪਾ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਮੁਕੱਦਮੇ 'ਚ ਨਾਮਜ਼ਦ

ਤਲਵੰਡੀ ਸਾਬੋ (ਜਗਦੀਪ ਗਿੱਲ)
ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਲਵੰਡੀ ਸਾਬੋ ਦੇ ਦਫਤਰ ਵਿੱਚੋਂ ਪਿਛਲੇ ਦਿਨੀਂ ਚੈੱਕਬੁੱਕ ਚੋਰੀ ਕਰਕੇ ਕਥਿਤ ਤੌਰ 'ਤੇ ਲੱਖਾਂ ਰੁਪਇਆ ਕਢਵਾ ਕੇ ਲੈ ਜਾਣ ਵਾਲੇ ਉਸ ਕਥਿਤ ਚੋਰ ਦੀ ਪੈੜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਲੀਡਰ ਕਸ਼ਮੀਰ ਸਿੰਘ ਦੇ ਘਰ ਪੁੱਜ ਗਈ ਜਾਪਦੀ ਹੈ, ਜਿਸ ਨੂੰ ਬਚਾਉਣ ਲਈ ਸਿਵਲ ਅਤੇ ਪੁਲਸ ਪ੍ਰਸ਼ਾਸਨ ਇੱਥੋਂ ਲਾਗਲੇ ਪਿੰਡ ਦੇ ਦੋ ਅਸਲੋਂ ਸਿੱਧੜ ਖੇਤ ਮਜ਼ਦੂਰਾਂ ਦੇ ਗਲ਼ ਰੱਸਾ ਪਾਉਣ ਤੁਰਿਆ ਦੱਸਿਆ ਜਾ ਰਿਹਾ ਹੈ। ਖੇਤ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਾਲੇ ਪਿੰਡ ਗੁਰੂਸਰ ਦੀ ਸੱਥ ਵਿੱਚ ਹੋਏ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਉਨ੍ਹਾਂ ਦੋਵੇਂ ਖੇਤ ਮਜ਼ਦੂਰਾਂ (ਮੁਕੱਦਮਾ ਦਰਜ ਹੋਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਅਨੁਸਾਰ ਜੋ ਲੱਭਦੇ ਨਹੀਂ) ਨੇ ਬੇਝਿਜਕ ਕਿਹਾ ਕਿ ਨਾ ਤਾਂ ਉਨ੍ਹਾ ਨੇ ਬੈਂਕ ਵਿੱਚੋਂ ਕੱਢੇ ਜਾਣ ਦੇ ਵਕਤ ਕੋਈ ਪੈਸਾ ਵਸੂਲ ਪਾਇਆ ਹੈ ਅਤੇ ਨਾ ਹੀ ਫਿਰ ਮੁੜ ਦੁਬਾਰਾ ਬੈਂਕ ਵਿੱਚ ਉਕਤ ਰੁਪਇਆ ਜਮ੍ਹਾਂ ਕਰਵਾਉਣ ਵੇਲੇ ਉਨ੍ਹਾ ਆਪਣੇ ਪਾਸੋਂ ਕੋਈ ਪੈਸਾ ਦਿੱਤਾ ਹੈ। ਮਜ਼ਦੂਰਾਂ ਅਨੁਸਾਰ ਏ ਆਰ ਦੇ ਦਫਤਰੋਂ ਚੈੱਕ ਬੁੱਕ ਚੋਰੀ ਹੋ ਜਾਣ ਪਿੱਛੋਂ ਉਕਤ ਚੈੱਕ ਬੁੱਕ ਦੇ ਚੈੱਕਾਂ ਨੂੰ ਵਰਤਦਿਆਂ ਬੈਂਕ ਨਾਲ ਜੋ ਲੈਣ ਅਤੇ ਦੇਣ ਹੋਇਆ ਹੈ, ਉਸ ਲਈ ਨਾ ਸਿਰਫ ਉਨ੍ਹਾ ਨੇ ਪਿੰਡ ਦੇ ਕਸ਼ਮੀਰ ਸਿੰਘ ਅਤੇ ਉਸ ਦਾ ਇੱਕ ਸਾਥੀ ਜ਼ਿੰਮੇਵਾਰ ਹਨ, ਸਗੋਂ ਰੌਲਾ ਪੈ ਜਾਣ ਪਿੱਛੋਂ ਉਹ ਰੁਪਇਆ, ਜੋ ਸਾਡੇ ਦਸਤਖਤ ਅੰਗੂਠੇ ਕਰਵਾ ਕੇ ਕਸ਼ਮੀਰ ਸਿੰਘ ਨੇ ਕੇਨਰਾ ਬੈਂਕ ਦੀ ਬਰਾਂਚ ਤੋਂ ਕਢਵਾਇਆ ਸੀ, ਨੂੰ ਵਾਪਸ ਬੈਂਕ ਵਿੱਚ ਜਮ੍ਹਾਂ ਕਰਵਾਉਣ ਖਾਤਰ ਸਾਨੂੰ ਪਿੰਡ ਫਤਿਹਗੜ੍ਹ ਨਵਾਂ ਅਬਾਦਾ ਵਿਖੇ ਇੱਕ ਘਰ ਵਿੱਚ ਲਿਜਾਇਆ ਗਿਆ, ਜਿੱਥੇ ਉਸ ਵਕਤ ਕਸ਼ਮੀਰ ਸਿੰਘ ਅਤੇ ਕਈ ਹੋਰਨਾਂ ਤੋਂ ਇਲਾਵਾ ਕੇਨਰਾ ਬੈਂਕ ਦਾ ਮੈਨਜੇਰ ਵੀ ਮੌਜੂਦ ਸੀ। ਮਜ਼ਦੂਰਾਂ ਸਨਸਨਖ ਖੇਜ ਖੁਲਾਸਾ ਕਰਦਿਆਂ ਦੱਸਿਆ ਕਿ ਪਿੰਡ ਫਤਿਹਗੜ੍ਹ ਨਵਾਂ ਅਬਾਦ ਵਿਖੇ ਹੀ ਬੈਂਕ ਮੈਨੇਜਰ ਨੇ ਉਨ੍ਹਾ ਦੇ ਕਈ ਕਾਗਜ਼ਾਂ ਉਪਰ ਦਸਤਖਤ ਅੰਗੂਠੇ ਕਰਵਾਏ ਅਤੇ ਕਿਹਾ ਕਿ ਉਕਤ ਪੈਸਾ ਬੈਂਕ ਵਿੱਚ ਦੁਬਾਰਾ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਪਿਛਲੇ ਜਨਵਰੀ ਮਹੀਨੇ ਦੀ ਅਠਾਈ ਤਰੀਕ ਨੂੰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਸੁਖਪਾਲ ਸਿੰਘ ਨੇ ਥਾਣਾ ਤਲਵੰਡੀ ਸਾਬੋ ਦੀ ਪੁਲਸ ਨੂੰ ਇਹ ਦਰਖਾਸਤ ਦਿੱਤੀ ਸੀ ਕਿ ਉਸ ਦੇ ਦਫਤਰ ਵਿੱਚੋਂ ਉਸ ਦੀ ਉਹ ਚੈੱਕਬੁੱਕ ਚੋਰੀ ਹੋ ਗਈ, ਜਿਸ ਉਪਰ ਉਸ ਨੇ ਅਗਾਊਂ ਦਸਤਖਤ ਕੀਤੇ ਹੋਏ ਸਨ।
ਉਕਤ ਦਰਖਾਸਤ ਉਪਰ ਪੜਤਾਲ ਕਰਦੇ ਹਾਂ, ਆਖ ਕੇ ਸਥਾਨਕ ਪੁਲਸ ਨੂੰ ਇਸ ਗੰਭੀਰ ਮਾਮਲੇ ਵਿੱਚ ਖੜੇ ਪੈਰ ਕਾਰਵਾਈ ਕਰਨ ਤੋਂ ਗੁੱਝੀ ਮੁੱਛਲੀ ਮਾਰੀ ਰੱਖੀ ਸੀ, ਪ੍ਰੰਤੂ ਮੀਡੀਏ ਵਿੱਚ ਖਬਰ ਛਪ ਜਾਣ ਪਿੱਛੋਂ ਪੁਲਸ ਨੇ ਪਿੰਡ ਗੁਰੂਸਰ ਦੇ ਖੇਤ ਮਜ਼ਦੂਰ ਸੁਖਦੇਵ ਸਿੰਘ ਪੁੱਤਰ ਮੋਹਣ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਪੁੱਤਰ ਮੋਹਣ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਕਿ ਆਪਸ ਵਿੱਚ ਪਿਉ ਅਤੇ ਪੁੱਤਰ ਦੇ ਖਿਲਾਫ ਚੋਰੀ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ।
ਓਧਰ ਇਹ ਤੱਥ ਵੀ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਕਿ ਭਾਵੇਂ ਰਜਿਸਟਰਾਰ ਸਾਹਿਬ ਨੇ ਆਪਣੇ ਦਫਤਰੋਂ ਚੈੱਕ ਬੁੱਕ ਚੋਰੀ ਹੋਣ ਦੀ ਘਟਨਾ ਤੋਂ ਪੁਲਸ ਨੂੰ ਅਠਾਈ ਜਨਵਰੀ ਨੂੰ ਦਰਖਾਸਤ ਦਿੱਤੀ ਸੀ, ਪ੍ਰੰਤੂ ਉਸੇ ਚੈੱਕ ਬੁੱਕ ਰਾਹੀਂ ਬੈਂਕ ਵਿੱਚੋਂ ਪੈਸਾ ਉਸ ਤੋਂ ਪਹਿਲਾਂ ਹੀ ਨਿਕਲ ਚੁੱਕਾ ਸੀ।
ਆਪਣੇ ਪਿੰਡ ਗੁਰੂਸਰ ਵਿਖੇ ਸੈਂਕੜੇ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਪੁਲਸ ਵੱਲੋਂ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਉਕਤ ਖੇਤ ਮਜ਼ਦੂਰਾਂ ਦੇ ਖੁਲਾਸਿਆਂ ਤੋਂ ਪਤਾ ਲੱਗਾ ਹੈ ਕਿ ਉਕਤ ਦੋਵੇਂ ਖੇਤ ਮਜ਼ਦੂਰਾਂ ਨੂੰ ਇਸੇ ਕੇਨਰਾ ਬੈਂਕ ਦੀ ਬਰਾਂਚ ਤੋਂ ਕਸ਼ਮੀਰ ਸਿੰਘ ਤੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦਾ ਲੋਨ ਵੀ ਕਰਵਾ ਕੇ ਦਿੱਤਾ ਸੀ।
ਪਿੰਡ ਵਿੱਚੋਂ ਇੱਕ ਹੋਰ ਕਿਸਾਨ ਧੀਰਾ ਸਿੰਘ ਪੁੱਤਰ ਵਿਰਾਠੀ ਸਿੰਘ ਉਰਫ ਕਰਨੈਲ ਸਿੰਘ ਨੂੰ ਵੀ ਕਸ਼ਮੀਰ ਸਿੰਘ ਨੇ 10 ਲੱਖ ਰੁਪਏ ਦਾ ਲੋਨ ਕਰਵਾ ਕੇ ਦੇਣ ਵਿੱਚ ਮਦਦ ਕੀਤੀ ਦੱਸੀ ਜਾਂਦੀ ਹੈ। ਧੀਰਾ ਸਿੰਘ ਦੀ ਕੁਝ ਏਕੜ ਜ਼ਮੀਨ ਉਕਤ ਮਜ਼ਦੂਰ ਸੁਖਦੇਵ ਸਿੰਘ ਨੇ ਠੇਕੇ ਉਪਰ ਲੈ ਕੇ ਉਸ ਵਿੱਚ ਨਰਮਾ ਬੀਜਿਆ ਸੀ, ਪ੍ਰੰਤੂ ਸਾਉਣੀ ਦੀ ਫਸਲ ਤੋਂ ਬਾਅਦ ਸੁਖਦੇਵ ਸਿੰਘ ਨੇ ਧੀਰਾ ਸਿੰਘ ਦਾ ਬਾਹਣ ਛੱਡ ਦਿੱਤਾ ਸੀ, ਕਿਉਂਕਿ ਉਸ ਨੂੰ ਭੁੱਕੀ ਦੇ ਇੱਕ ਮਾਮਲੇ ਵਿੱਚ ਜੇਲ੍ਹ ਜਾਣਾ ਪੈ ਗਿਆ ਸੀ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਉਸ ਦੇ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਧੀਰਾ ਸਿੰਘ ਦੇ ਬਾਹਣ ਵਾਲੇ ਨਰਮੇ ਦੀ ਮਰੀ ਫਸਲ ਦਾ ਮੁਆਵਜ਼ਾ ਦਿਵਾਉਣ ਦੇ ਪੱਜ ਹੇਠ ਹੀ ਕਸ਼ਮੀਰ ਸਿੰਘ ਨੇ ਸੁਖਦੇਵ ਸਿੰਘ ਤੇ ਉਸ ਦੇ ਪੁੱਤਰ ਨੂੰ ਘਟਨਾ ਨੂੰ ਅੰਜਾਮ ਦੇਣ ਦੇ ਮਨਸ਼ੇ ਨਾਲ ਕਹਾਣੀ ਦਾ ਪਾਤਰ ਬਣਾਉਂਦਿਆਂ ਬੈਂਕ ਵਿਖੇ ਬੁਲਾਇਆ ਗਿਆ ਸੀ।
ਉਕਤ ਖੇਤ ਮਜ਼ਦੂਰਾਂ ਇਹ ਵੀ ਦੱਸਿਆ ਕਿ ਉਨ੍ਹਾ ਨੂੰ ਕੇਨਰਾ ਬੈਂਕ ਵਿੱਚ ਬੁਲਾਉਣ ਸਮੇਂ ਉਸ ਿਦਨ ਪਹਿਲਾਂ ਹੀ ਉਹ ਕਸ਼ਮੀਰ ਸਿੰਘ ਅਤੇ ਉਸ ਦਾ ਇੱਕ ਹੋਰ ਸਾਥੀ ਮੌਜੂਦ ਸਨ, ਜਦੋਂ ਕਿ ਵੱਖ-ਵੱਖ ਚੈੱਕਾਂ ਉਪਰ ਦਸਤਖਤ ਅੰਗੂਠੇ ਕਰਵਾਉਣ ਉਪਰੰਤ ਇੱਕ ਵਾਰ ਉਨ੍ਹਾ ਬੈਂਕ ਵਿੱਚੋਂ ਬਾਹਰ ਭੇਜ ਦਿਤਾ ਗਿਆ ਅਤੇ ਇੱਕ ਵਾਰ ਫਿਰ ਮੁੜ ਬੁਲਾ ਕੇ ਦੁਬਾਰਾ ਦਸਖਤ ਅੰਗੂਠੇ ਕਰਵਾਏ ਅਤੇ ਪਹਿਲਾਂ ਕਰਵਾਏ ਦਸਤਖਤ ਅੰਗੂਠਿਆਂ ਦਾ ਮਿਲਾਨ ਹੋ ਰਹੇ ਬਾਰੇ ਵੀ ਉਨ੍ਹਾ ਨੂੰ ਦੱਸਿਆ ਗਿਆ।
ਬੈਂਕ ਅਧਿਕਾਰੀ ਵੀ ਇਸ ਘਾਲੇ-ਮਾਲੇ ਵਿੱਚ ਕਿੰਨੇ ਘੁਲੇ ਮਿਲੇ ਹਨ, ਇਸ ਗੱਲ ਦਾ ਖੁਲਾਸਾ ਇਸ ਤੱਥ ਤੋਂ ਹੋ ਜਾਂਦਾ ਹੈ ਕਿ ਉਕਤ ਖੇਤ ਮਜ਼ਦੂਰਾਂ ਦੇ ਖਾਤਿਆਂ ਵਿੱਚੋਂ ਚੋਰੀ ਕਰਕੇ ਲਿਆਂਦੀ ਚੈੱਕਬੁੱਕ ਵਿੱਚੋਂ ਦੋ ਚੈੱਕ ਨੰਬਰ 003912 ਅਤੇ 003912 ਕਰਕੇ ਪਾਈ ਗਈ ਤਿੰਨ ਲੱਖ ਰੁਪਏ ਤੋਂ ਵੱਧ ਦੀ ਧਨ ਰਾਸ਼ੀ ਨੂੰ ਵਾਪਸ ਕੱਢ ਲੈਣ ਲਈ ਖੜੇ ਪੈਰ ਕੇਨਰਾ ਬੈਂਕ ਦੀ ਇੱਕ ਚੈੱਕਬੁੱਕ ਉਕਤ ਦੋਵੇਂ ਖੇਤ ਮਜ਼ਦੂਰਾਂ ਦੇ ਨਾਂਅ ਜਾਰੀ ਕੀਤੀ ਗਈ, ਜਿਸ ਵਿੱਚ ਚੈੱਕ ਨੰਬਰ 410303 ਅਤੇ ਚੈੱਕ ਨੰਬਰ 410304 ਭਰ ਕੇ ਕਥਿਤ ਤੌਰ 'ਤੇ ਮਜ਼ਦੂਰਾਂ ਦੇ ਧੋਖੇ ਨਾਲ ਦਸਤਖਤ ਅੰਗੂਠੇ ਕਰਵਾਉਂਦਿਆਂ ਉਥੇ ਇਕੱਠਾ ਹੋਇਆ ਉਕਤ ਠੱਗਾਂ ਦਾ ਟੋਲਾ ਸਾਢੇ ਤਿੰਨ ਲੱਖ ਰਪਏ ਦੇ ਕਰੀਬ ਧਨ ਰਾਸ਼ੀ ਨੂੰ ਆਪਣੇ ਪੇਟੇ ਪਾਉਂਦਿਆਂ ਸਿਉਨੇ ਨੂੰ ਸੱਟਾ ਲਾ ਗਿਆ।
ਖਬਰ ਲਿਖਦਿਆਂ ਇਹ ਖਬਰ ਵੀ ਆ ਗਈ ਹੈ ਕਿ ਅਣਅਧਿਕਾਰਤ ਤੌਰ 'ਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਮਜ਼ਦੂਰਾਂ ਦੇ ਨਾਂਅ ਉਪਰ ਕਥਿਤ ਤੌਰ 'ਤੇ ਠੱਗੀ ਮਾਰ ਲੈਣ ਪਿੱਛੋਂ ਕੁੜਿੱਕੀ ਵਿੱਚ ਜਿੰਦ ਫਸਦੀ ਭਾਂਪਦਿਆਂ ਸਾਰੀ ਦੀ ਸਾਰੀ ਰਕਮ ਵਾਪਸ ਉਸੇ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਸਾਜ਼ਿਸ਼ ਪਿੰਡ ਫਤਿਹਗੜ੍ਹ ਨਵਾਂ ਅਬਾਦ ਦੇ ਜਿਸ ਸ਼ਖਸ ਦੇ ਘਰ ਰਚੀ ਗਈ, ਉਹ ਘਰ ਫਤਿਹਗੜ੍ਹ ਨਵਾਂ ਅਬਾਦ ਦੇ ਕਿਸੇ ਬਲਜੀਤ ਸਿੰਘ ਦਾ ਦੱਸਿਆ ਜਾ ਰਿਹਾ ਹੈ।
ਉਕਤ ਮਾਮਲੇ ਦਾ ਹਵਾਲਾ ਦੇ ਕੇ ਜਦੋਂ ਇਸ ਮਾਮਲੇ ਵੱਲ ਸ੍ਰੀ ਕਸ਼ਮੀਰ ਸਿੰਘ ਪ੍ਰਧਾਨ ਜ਼ਿਲ੍ਹਾ ਕਿਸਾਨ ਸੈੱਲ ਭਾਰਤੀ ਜਨਤਾ ਪਾਰਟੀ ਦਾ ਧਿਆਨ ਦਿਵਾਇਆ ਗਿਆ ਤਾਂ ਉਨ੍ਹਾ ਕਿਹਾ ਕਿ ਅਸਲ ਵਿੱਚ ਉਸ ਦਾ ਸਾਥੀ ਸੁਖਮੰਦਰ ਸਿੰਘ, ਜਿਸ ਨੂੰ ਮੰਦਰ ਵੀ ਆਖਦੇ ਹਨ ਤੋਂ ਇਹ ਗਲਤੀ ਹੋਈ ਹੈ, ਜਿਹੜਾ ਉਕਤ ਵਿਵਾਦਗ੍ਰਸਤ ਚੈੱਕ ਬੁੱਕ ਕਿਧਰੋਂ ਲੈ ਆਇਆ ਸੀ। ਉਸ ਨੇ ਇਸ ਲੜੀ ਵਿੱਚ ਇੱਕ ਹੋਰ ਕੜੀ ਜੋੜਦਿਆਂ ਕਿਹਾ ਕਿ ਏ ਆਰ ਸਾਹਿਬ ਦੇ ਆਪਣੇ ਵਿਭਾਗ ਦਾ ਇੱਕ ਉਹ ਕਰਮਚਾਰੀ ਇਸ ਪੌੜੀ ਦਾ ਉਸ ਤੋਂ ਪਹਿਲਾ ਡੰਡਾ ਹੈ, ਜਿਸ ਨੇ ਆਰ ਆਰ ਦਫਤਰੋਂ ਚੈੱਕ ਬੁੱਕ ਖਿਸਕਾ ਕੇ ਜਾਂ ਕਿਸੇ ਸਾਜ਼ਿਸ਼ ਤਹਿਤ ਲਿਆ ਕੇ ਅੱਗੇ ਦਿੱਤੀ ਸੀ।
ਉਸ ਨੇ ਇਹ ਖੁਲਾਸਾ ਵੀ ਕੀਤਾ ਕਿ ਉਕਤ ਕਰਮਚਾਰੀ ਜਿਹੜਾ ਹਥਲੀ ਘਟਨਾ ਪਿੱਛੋਂ ਹਾਲੇ ਤੱਕ ਵੀ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਿਹਾ ਹੈ, ਨੂੰ ਸਥਾਨਕ ਪੁਲਸ ਤਾਂ ਭਾਵੇਂ ਇਸ ਮਾਮਲੇ ਦੇ ਤਹਿਤ ਹੱਥ ਪਾਉਣਾ ਚਾਹੁੰਦੀ ਹੈ, ਪਰ ਪੁਲਸ ਦਾ ਇੱਕ ਅਧਿਕਾਰੀ ਪਤਾ ਨਹੀਂ ਕਿਉਂ ਉਕਤ ਕਰਮਚਾਰੀ ਦੇ ਖਿਲਾਫ ਪੁਲਸ ਸਿਕੰਜ਼ਾ ਨਹੀਂ ਕੱਸਣ ਦੇ ਰਿਹਾ।
ਇਹ ਹਨ ਉਹ ਪ੍ਰਸਥਿਤੀਆਂ, ਜਿਨ੍ਹਾਂ ਦੇ ਚੱਲਦਿਆਂ ਨਾ ਸਿਰਫ ਬਰਬਾਦ ਹੋਈਆਂ ਕਿਸਾਨੀ ਫਸਲਾਂ ਦੇ ਮੁਆਵਜ਼ੇ ਵਜੋਂ ਤਲਵੰਡੀ ਸਾਬੋ ਦੇ ਸਹਾਇਕ ਰਜਿਸਟਰਾਰ ਦੇ ਖਾਤੇ ਵਿੱਚ ਸਰਕਾਰ ਦੀ ਤਰਫੋਂ ਜਮ੍ਹਾਂ ਕਰਵਾਈ ਗਈ ਕਰੋੜਾਂ ਰੁਪਏ ਦੀ ਧਨ ਰਾਸ਼ੀ ਨੂੰ ਚਿੱਟੇ ਦਿਨ ਚੋਰ ਚਿੰਬੜ ਗਏ, ਸਗੋਂ ਇਸ ਘਟਨਾ ਵਿੱਚ ਤਾਂ ਅੱਗੇ ਤੋਂ ਅੱਗੇ ਚੋਰਾਂ ਨੂੰ ਮੋਰ ਪੈਂਦੇ ਵੀ ਵਿਖਾਈ ਦੇ ਰਹੇ ਹਨ।
ਬੀਤੇ ਕੱਲ੍ਹ ਇੱਥੋਂ ਲਾਗਲੇ ਪਿੰਡ ਉਸ ਗੁਰੂ ਸਰ ਦੀ ਸੱਥ ਵਿੱਚ ਦਿਹਾਤੀ ਮਜ਼ਦੂਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੀ ਅਗਵਾਈ ਵਿੱਚ ਉਕਤ ਖੇਤ ਮਜ਼ਦੂਰਾਂ ਦੇ ਹੱਕ ਅਤੇ ਸਿਆਸੀ ਧੋਖੇਬਾਜ਼ਾਂ ਦੇ ਖਿਲਾਫ ਇੱਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿਰੇ ਦੀ ਇਸ ਧੋਖਾਧੜੀ ਖਿਲਾਫ ਡਟਣ ਦਾ ਅਹਿਦ ਕੀਤਾ ਗਿਆ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਮਹੀਂਪਾਲ ਸਿੰਘ, ਕਾਮਰੇਡ ਮੱਖਣ ਸਿੰਘ ਤਲਵੰਡੀ ਸਾਬੋ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਬਲਦੇਵ ਸਿੰਘ ਸੰਦੋਹਾ, ਯੋਧਾ ਸਿੰਘ ਨਗਲਾ ਅਤੇ ਹੋਰ ਵੀ ਬਹੁਤ ਸਾਰੇ ਆਗੂ, ਵਰਕਰ ਅਤੇ ਪਿੰਡ ਦੇ ਆਮ ਲੋਕੀਂ ਮੌਜੂਦ ਸਨ। ਉਧਰ ਤਾਜ਼ਾ ਖਬਰ ਆ ਰਹੀ ਹੈ ਕਿ ਤਲਵੰਡੀ ਮਾਧੋ ਪੁਲਸ ਨੇ ਉਕਤ ਮੁਕੱਦਮੇ ਨੰ. 12 ਵਿੱਚ ਕਸਮੀਰ ਸਿੰਘ ਪ੍ਰਧਾਨ ਭਾਜਪਾ ਜ਼ਿਲ੍ਹਾ ਕਿਸਾਨ ਸੈੱਲ ਅਤੇ ਸਹਿਕਾਰਤਾ ਵਿਭਾਗ ਦੇ ਇੱਕ ਕਰਮਚਾਰੀ ਜੀਤਾ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ।