ਅਕਾਲ ਤਖਤ ਸਾਹਮਣੇ ਜਦੋਂ ਢਾਡੀ ਨੂੰ ਹੋਣਾ ਪਿਆ ਲੰਗਾਹ ਦੇ ਗੁੱਸੇ ਦਾ ਸ਼ਿਕਾਰ


ਅੰਮ੍ਰਿਤਸਰ (ਜਸਬੀਰ ਸਿੰਘ)
ਵਾਰਾਂ ਗਾ ਕੇ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਨੂੰ ਉਸ ਵੇਲੇ ਸਾਬਕਾ ਮੰਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਜਦੋਂ ਉਸ ਵੱਲੋਂ ਪੁਰਾਣੇ ਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਪੁਰਾਣੇ ਲੀਡਰਾਂ ਦੇ ਮੁਕਾਬਲੇ ਅੱਜ ਦੇ ਲੀਡਰ ਸੁਆਰਥੀ ਤੇ ਨਿੱਜ ਪ੍ਰਸਤ ਬਣ ਗਏ ਹਨ, ਜੋ ਪੰਥ ਲਈ ਘਾਟੇਵੰਦਾ ਸੌਦਾ ਹੈ।
ਹਰ ਰੋਜ਼ ਦੀ ਤਰ੍ਹਾਂ ਢਾਡੀ ਸਤਨਾਮ ਸਿੰਘ ਅਕਾਲ ਤਖਤ ਦੇ ਸਾਹਮਣੇ ਲੱਗੀ ਸਟੇਜ ਤਂੋ ਬੋਲ ਰਿਹਾ ਸੀ ਤਾਂ ਉਸ ਵੇਲੇ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆਂ ਨਾਲ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹੋਏ ਸਨ। ਲੰਗਾਹ ਨੂੰ ਸਤਨਾਮ ਸਿੰਘ ਢਾਡੀ ਲਾਲੂ ਘੁੰਮਣ ਵੱਲੋਂ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਕੀਤੀ ਤੁਲਨਾ ਚੰਗੀ ਨਾ ਲੱਗੀ ਤਾਂ ਲੰਗਾਹ ਨੇ ਆਪਣੇ ਨਾਲ ਆਏ ਸਾਥੀਆਂ ਰਾਹੀਂ ਢਾਡੀ ਨੂੰ ਬੋਲਣ ਤੋਂ ਰੋਕ ਦਿੱਤਾ। ਗੁੱਸੇ ਨਾਲ ਪੀਲੇ ਹੋਏ ਲੰਗਾਹ ਨੇ ਖੁਦ ਮਾਈਕ ਫੜ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਜਿਹੇ ਢਾਡੀਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ, ਜਿਹੜੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਸੁਣਾਉਣ ਦੀ ਬਜਾਇ ਸੰਗਤਾਂ ਨੂੰ ਅਕਾਲੀ ਸਰਕਾਰ ਖਿਲਾਫ ਭੜਕਾ ਰਹੇ ਹਨ, ਜਦਕਿ ਢਾਡੀ ਸਤਨਾਮ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੁਰਾਣੇ ਪੰਥਕ ਲੀਡਰ ਕੌਮ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਸਨ, ਪਰ ਅੱਜ ਦੇ ਲੀਡਰ ਆਪਣੇ ਸਵਾਰਥ ਲਈ ਕੌਮ ਨੂੰ ਨਿਛਾਵਰ ਕਰ ਦਿੰਦੇ ਹਨ। ਢਾਡੀ ਨੇ ਕਿਸੇ ਵੀ ਲੀਡਰ ਦਾ ਨਾਂਅ ਭਾਵੇਂ ਨਹੀਂ ਲਿਆ, ਪਰ ਸੁੱਚਾ ਸਿੰਘ ਲੰਗਾਹ ਆਪੇ ਤੋਂ ਬਾਹਰ ਹੋ ਗਏ, ਜਿਹਨਾਂ ਨੂੰ ਸ਼ਾਂਤ ਕਰਨ ਲਈ ਤੁਰੰਤ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਘੇਲ ਸਿੰਘ ਤੇ ਮੀਤ ਮੈਨੇਜਰ ਲਖਬੀਰ ਸਿੰਘ ਡੋਗਰ ਮੌਕੇ 'ਤੇ ਪੁੱਜੇ ਤੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਲੰਗਾਹ ਦਾ ਗੁੱਸਾ ਇਹ ਕਹਿ ਕੇ ਸ਼ਾਂਤ ਕੀਤਾ ਕਿ ਅੱਗੇ ਤੋਂ ਢਾਡੀਆਂ ਨੂੰ ਵਿਸ਼ੇਸ਼ ਹਦਾਇਤ ਕਰ ਦਿੱਤੀ ਜਾਵੇਗੀ ਕਿ ਅਜਿਹੀਆਂ ਗੱਲਾਂ ਨਾ ਕੀਤੀਆ ਜਾਣ। ਲੰਗਾਹ ਨੇ ਸ੍ਰੀ ਦਰਬਾਰ ਸਾਹਿਬ ਪ੍ਰੀਕਰਮਾ ਵਿੱਚ ਹੀ ਉਹਨਾਂ ਅਧਿਕਾਰੀਆਂ ਨੂੰ ਵੀ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਤੇ ਸਰਕਾਰ ਦੀ ਉਸਤਤ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਵਰਗਾ ਰਾਜ ਕੋਈ ਵੀ ਸਰਕਾਰ ਨਹੀਂ ਦੇ ਸਕਦੀ। ਢਾਡੀ ਸਤਨਾਮ ਸਿੰਘ ਲਾਲੂ ਘੁੰਮਣ ਨਾਲ ਭਵਿੱਖ ਵਿੱਚ ਸ਼੍ਰੋਮਣੀ ਕਮੇਟੀ ਦੀ ਸਲੂਕ ਕਰੇਗੀ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੈ, ਪਰ ਜੋ ਦੁਰਦਸ਼ਾ ਉਸਦੀ ਲੰਗਾਹ ਵੱਲੋਂ ਕੀਤੀ ਗਈ, ਉਹ ਸ਼ਾਇਦ ਉਸ ਨੂੰ ਸਾਰੀ ਉਮਰ ਯਾਦ ਜ਼ਰੂਰ ਰਹੇਗੀ।