ਅਣਪਛਾਤੇ ਵਾਹਨ ਨੇ 5 ਜਣਿਆਂ ਨੂੰ ਦਰੜਿਆ

ਕਪੂਰਥਲਾ (ਗੁਰਦੇਵ ਭੱਟੀ)
ਅੱਜ ਕਪੂਰਥਲਾ ਜ਼ਿਲ੍ਹੇ 'ਚ ਪੈਂਦੇ ਪਿੰਡ ਖੀਰਾਂਵਾਲੀ ਦੇ ਨਜ਼ਦੀਕ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪੈਦਲ ਮੱਥਾ ਟੇਕਣ ਜਾ ਰਹੇ ਪੰਜ ਜੀਆਂ ਨੂੰ ਇੱਕ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਕੇ ਕੁਚਲ ਦਿੱਤਾ, ਜਿੱਥੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਕੁਲਵਿੰਦਰ ਕੌਰ (56) ਪਤਨੀ ਜੋਗਿੰਦਰ ਸਿੰਘ, ਉਸ ਦੀ ਰਿਸ਼ਤੇਦਾਰ ਹਰਵਿੰਦਰ ਕੌਰ (57) ਪਤਨੀ ਪਾਲ ਸਿੰਘ, ਉਸ ਦਾ ਲੜਕਾ ਬਲਵਿੰਦਰ ਸਿੰਘ (30) ਤੇ ਨਰਿੰਦਰ ਕੌਰ (55) ਪਤਨੀ ਪਰਮਜੀਤ ਸਿੰਘ ਗੁਆਂਢਣ, ਕੁਲਵੰਤ ਕੌਰ (55) ਪਤਨੀ ਸੁਖਜੀਤ ਸਿੰਘ ਵਾਸੀ ਸਾਰੇ ਪਿੰਡ ਖੀਰਾਂਵਾਲੀ ਪੈਦਲ ਹੀ ਗੁਰਦੁਆਰਾ ਸਾਹਿਬ ਬਾਬਾ ਹਸਖਾਨਾ ਸਾਹਿਬ ਮੱਥਾ ਟੇਕਣ ਜੇ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨੇ ਪਿਛਲੇ ਪਾਸਿਓਂ ਟੱਕਰ ਮਾਰੀ, ਇਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਤੇ ਪੁਲਸ ਨੇ ਮੌਕੇ 'ਤੇ ਜਾ ਕੇ ਪੰਜਾਂ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਲਈ ਲਿਆਂਦਾ। ਇਸ ਮੌਕੇ ਐੱਸ ਪੀ ਜਸਵੀਰ ਸਿੰਘ ਤੇ ਡੀ ਐੱਸ ਪੀ ਸੁਲਤਾਨਪੁਰ ਲੋਧੀ ਪਿਆਰਾ ਸਿੰਘ ਨੇ ਦੱਸਿਆ ਕਿ ਥਾਣਾ ਫੱਤੂ ਢੀਂਗਾ 'ਚ ਅਣਪਛਾਤੇ ਵਾਹਨ ਸਵਾਰ 'ਤੇ 304 ਦੀ ਧਾਰਾ ਲਾ ਕੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।