ਹੈਡਲੀ ਨੇ ਖੋਲ੍ਹੀ ਪਾਕਿਸਤਾਨ ਦੀ ਪੋਲ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮੁੰਬਈ 'ਚ 26/11 ਨੂੰ ਕੀਤੇ ਗਏ ਹਮਲਿਆਂ ਤੋਂ ਪਹਿਲਾਂ ਹਮਲੇ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ ਅਤੇ ਦੋਵੇਂ ਵਾਰੀ ਹਮਲੇ ਕਰਨ ਵਾਲੀਆਂ ਟੀਮਾਂ 'ਚ 10-10 ਅੱਤਵਾਦੀ ਸ਼ਾਮਲ ਸਨ।
ਸ਼ਿਕਾਗੋ ਦੀ ਜੇਲ੍ਹ ਤੋਂ ਮੁੰਬਈ ਦੀ ਵਿਸ਼ੇਸ਼ ਅਦਾਲਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀ ਦਿੰਦਿਆਂ ਡੇਵਿਡ ਹੈਡਲੀ ਨੇ ਕਈ ਅਹਿਮ ਰਾਜ਼ ਖੋਲ੍ਹੇ ਹਨ। ਡੇਵਿਡ ਹੈਡਲੀ ਨੇ ਹਮਲੇ ਦੀ ਪੂਰੀ ਕਹਾਣੀ ਬਿਆਨਦਿਆਂ ਦਸਿਆ ਕਿ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦੀ ਧਰਤੀ 'ਤੇ ਰਚੀ ਗਈ ਸੀ। ਉਸ ਨੇ ਦਸਿਆ ਕਿ ਪਹਿਲਾਂ ਵੀ ਮੁੰਬਈ 'ਤੇ ਅੱਤਵਾਦੀ ਹਮਲੇ ਕਰਨ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਹ ਨਾਕਾਮ ਰਹੀਆਂ ਸਨ, ਕਿਉਂਕਿ ਚੱਟਾਨ ਨਾਲ ਟਕਰਾਉਣ ਕਾਰਨ ਕਿਸ਼ਤੀ ਪਲਟ ਗਈ ਸੀ ਅਤੇ ਸਾਰਾ ਅਸਲਾ ਸਮੁੰਦਰ 'ਚ ਡੁੱਬ ਗਿਆ ਸੀ।
ਡੇਵਿਡ ਹੈਡਲੀ ਦੇ ਵਕੀਲ ਮਹੇਸ਼ ਜੇਠਮਲਾਨੀ ਨੇ ਦੱਸਿਆ ਹੈ ਕਿ ਉਹ ਲਸ਼ਕਰ-ਏ-ਤਾਇਬਾ ਲਈ ਹਾਫਿਜ਼ ਸਈਦ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ।
ਹੈਡਲੀ ਨੇ ਅਦਾਲਤ ਨੂੰ ਦਸਿਆ ਕਿ ਪਹਿਲੀ ਵਾਰੀ ਸਤੰਬਰ 2008 'ਚ ਮੁੰਬਈ 'ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ, ਪਰ ਚੱਟਾਨ ਨਾਲ ਟਕਰਾਉਣ ਕਾਰਨ ਉਨ੍ਹਾ ਦੀ ਕਿਸ਼ਤੀ ਡੁੱਬ ਗਈ ਸੀ ਅਤੇ ਹਥਿਆਰ ਸਮੁੰਦਰ 'ਚ ਵਹਿ ਗਏ ਸਨ। ਕਿਸ਼ਤੀ 'ਚ ਸਵਾਰ ਅੱਤਵਾਦੀ ਕਿਸੇ ਤਰ੍ਹਾਂ ਬਚ ਨਿਕਲੇ ਸਨ। ਇਸ ਤੋਂ ਬਾਅਦ ਅੱਤਵਾਦੀਆਂ ਨੇ ਅਕਤੂਬਰ 2008 'ਚ ਇੱਕ ਵਾਰੀ ਫੇਰ ਮੁੰਬਈ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਵਾਰੀ ਫੇਰ ਸਾਜ਼ਿਸ਼ ਨਾਕਾਮ ਹੋ ਗਈ ਸੀ। ਉਸ ਨੇ ਦੱਸਿਆ ਕਿ ਦੂਜੀ ਵਾਰੀ ਮੁੰਬਈ 'ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਉਹੋ ਹੀ ਅੱਤਵਾਦੀ ਸਨ, ਜਿਨ੍ਹਾ ਦੀ ਪਹਿਲੀ ਵਾਰੀ ਕਿਸ਼ਤੀ ਡੁੱਬ ਗਈ ਸੀ।
ਇਸ ਤੋਂ ਬਾਅਦ ਅੱਤਵਾਦੀਆਂ ਨੇ 26/11 ਨੂੰ ਮੁੰਬਈ ਉਪਰ ਹਮਲੇ ਦੀ ਕੋਸ਼ਿਸ਼ ਕੀਤੀ, ਇਸ ਵਿੱਚ ਅੱਤਵਾਦੀ ਆਪਣੇ ਨਾਪਾਕ ਮਨਸੂਬੇ ਪੂਰੇ ਕਰਨ 'ਚ ਕਾਮਯਾਬ ਹੋ ਗਏ। ਇਹਨਾ ਹਮਲਿਆਂ 'ਚ 164 ਵਿਅਕਤੀ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਹੈਡਲੀ ਨੇ ਦਸਿਆ 26/11 ਅੱਤਵਾਦੀ ਹਮਲਾ ਜਮਾਤ-ਉਦ-ਦਾਵਾ ਦੇ ਕਮਾਂਡਰ ਹਾਫ਼ਿਜ਼ ਸਈਦ ਦੀ ਸ਼ਹਿ 'ਤੇ ਕੀਤਾ ਗਿਆ ਸੀ। ਹੈਡਲੀ ਨੇ ਦੱਸਿਆ ਕਿ ਉਹ ਹਾਫ਼ਿਜ਼ ਸਈਦ ਤੋਂ ਪ੍ਰਭਾਵਿਤ ਸੀ ਅਤੇ ਉਸ ਦੇ ਭਾਸ਼ਣਾਂ ਨੂੰ ਸੁਣਦਾ ਰਹਿੰਦਾ ਸੀ। ਹੈਡਲੀ ਨੇ ਦਸਿਆ ਕਿ ਉਹ 2002 ਤੋਂ ਲਸ਼ਕਰ-ਏ-ਤਾਇਬਾ ਨਾਲ ਜੁੜਿਆ ਹੋਇਆ ਹੈ।
ਹੈਡਲੀ ਨੇ ਵਿਸ਼ੇਸ਼ ਅਦਾਲਤ ਨੂੰ ਦਸਿਆ ਕਿ ਮੇਜਰ ਅਲੀ ਨੇ ਹੀ ਆਈ ਐਸ ਆਈ ਦੇ ਮੇਜਰ ਇਕਬਾਲ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ। ਹੈਡਲੀ ਨੇ ਦਸਿਆ ਕਿ ਲਸ਼ਕਰ ਦਾ ਅੱਤਵਾਦੀ ਸਾਜਿਦ ਮੀਰ ਚੱਲ ਚਲੋ ਐਟ ਦੀ ਰੇਟ ਯਾਹੂ ਡਾਟ ਕਾਮ ਈਮੇਲ ਆਈ ਡੀ ਰਾਹੀਂ ਅੱਤਵਾਦੀਆਂ ਨਾਲ ਸੰਪਰਕ ਰੱਖਦਾ ਸੀ। ਹੈਡਲੀ ਨੇ ਦਸਿਆ ਕਿ ਵੀਜ਼ਾ ਮਿਲਣ ਤੋਂ ਬਾਅਦ ਮੇਜਰ ਅਲੀ ਨੇ ਕਿਹਾ ਕਿ ਤੂੰ ਭਾਰਤ ਬਾਰੇ ਸੂਚਨਾਵਾਂ ਇਕੱਠੀਆਂ ਕਰਨ ਲਈ ਕੰਮ ਕਰੇਗਾ।
ਹੈਡਲੀ ਨੇ ਦਸਿਆ ਕਿ ਤਹੱਵਰ ਹੁਸੈਨ ਰਾਣਾ ਨੇ ਉਸ ਦੀ ਭਾਰਤੀ ਵੀਜ਼ਾ ਲੈਣ 'ਚ ਮਦਦ ਕੀਤੀ ਸੀ। ਹੇਡਲੀ ਨੇ ਦਸਿਆ ਕਿ ਪੰਜਾਬ ਦੇ ਇੱਕ ਸਕੂਲ 'ਚ ਉਸ ਦੀ ਰਾਣਾ ਨਾਲ ਮੁਲਾਕਾਤ ਹੋਈ ਸੀ। ਹੈਡਲੀ ਨੇ ਦਸਿਆ ਕਿ ਰਾਣਾ 5 ਸਾਲ ਤੱਕ ਉਸ ਦੇ ਨਾਲ ਸਕੂਲ 'ਚ ਪੜ੍ਹਿਆ। ਮੁੰਬਈ ਹਮਲਿਆਂ ਦੇ ਵਾਅਦਾ ਮੁਆਫ਼ ਗਵਾਹ ਹੇਡਲੀ ਨੇ ਦਸਿਆ ਕਿ ਮੇਰਾ ਭਾਰਤੀ ਵੀਜ਼ਾ ਦੇਖਣ ਤੋਂ ਬਾਅਦ ਸਾਜਿਦ ਮੀਰ ਅਤੇ ਮੇਜਰ ਇਕਬਾਲ ਕਾਫ਼ੀ ਖੁਸ਼ ਹੋਏ ਸਨ।