ਧਰਮ-ਜਾਤ ਅਧਾਰਿਤ ਰਾਜਨੀਤੀ ਮਨੁੱਖਤਾ ਦਾ ਅਪਮਾਨ : ਅਰਸ਼ੀ

ਸ਼ਾਹਕੋਟ (ਸੈਦਪੁਰੀ)
'ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਸਾਰੇ ਪਿੰਡਾਂ ਵਿਚ ਜਾਤ ਅਧਾਰਤ ਯੂਥ ਕਲੱਬ ਬਣਾਉਣ ਦਾ ਫੈਸਲਾ, ਜਿੱਥੇ 2017 ਦੀਆਂ ਚੋਣਾਂ ਵਿਚ ਗੁਮਰਾਹਕੁਨ ਤੌਰ ਤਰੀਕੇ ਨਾਲ ਵੋਟ ਬਟੋਰੂ ਨੀਤੀਆਂ ਦਾ ਹਿੱਸਾ ਹੈ, ਉਥੇ ਇਹ ਪਿੰਡਾਂ ਵਿਚ ਜਾਤ-ਪਾਤ ਦੇ ਵਖਰੇਵਿਆਂ ਨੂੰ ਹੋਰ ਪੱਕਾ ਕਰਨ ਲਈ ਅਧਾਰ ਮੁਹੱਈਆ ਕਰੇਗਾ'। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ 'ਨਵਾਂ ਜਮਾਨਾ' ਨਾਲ ਇੱਕ ਵਿਸ਼ੇਸ਼ ਭੇਂਟ ਰਾਹੀਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਸੇ ਲੜੀ ਦਾ ਹਿੱਸਾ ਹੈ, ਜਿਸ ਰਾਹੀਂ ਅਕਾਲੀ ਦਲ ਬਾਦਲ ਪਿਛਲੇ ਲੰਬੇ ਸਮੇਂ ਤੋਂ ਵੋਟਾਂ ਖਾਤਰ ਧਰਮ ਦੀ ਗਲਤ ਵਰਤੋਂ ਕਰਦਾ ਆ ਰਿਹਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਕੀਤੇ ਗਏ ਫੈਸਲੇ ਅਨੁਸਾਰ ਹਰੇਕ ਪਿੰਡ ਵਿਚ ਦਲਿਤ ਵਰਗ ਦੇ ਨੌਜਵਾਨਾਂ ਲਈ ਭਾਈ ਜੀਵਨ ਸਿੰਘ ਰੰਘਰੇਟਾ ਯੂਥ ਕਲੱਬ ਅਤੇ ਜਨਰਲ ਵਰਗ ਦੇ ਨੌਜਵਾਨਾਂ ਲਈ ਦਸਮੇਸ਼ ਯੂਥ ਕਲੱਬ ਬਣਾਇਆ ਜਾਵੇਗਾ।
ਕਾਮਰੇਡ ਅਰਸ਼ੀ ਨੇ ਇਸ ਫੈਸਲੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਗੱਠਜੋੜ ਸਰਕਾਰ ਦੇ ਰਾਜ ਵਿਚ ਪਿਛਲੇ 9 ਸਾਲਾਂ ਤੋਂ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿਚ ਨਸ਼ਿਆਂ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ। ਸਰਕਾਰ ਨੇ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਬੁਖਲਾਹਟ ਅੰਦਰ ਅਜਿਹਾ ਫੈਸਲਾ ਲੈ ਲਿਆ ਹੈ, ਜੋ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਵਾਲਾ ਸਾਬਤ ਹੋਵੇਗਾ। ਕਮਿਊਨਿਸਟ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੋਕ ਸਰੋਕਾਰਾਂ ਪ੍ਰਤੀ ਇਮਾਨਦਾਰ ਹੁੰਦੀ ਤਾਂ ਪਿੰਡਾਂ ਅੰਦਰ ਪਹਿਲਾ ਹੀ ਧਰਮ ਤੇ ਜਾਤ ਆਧਰਤ ਪਈਆਂ ਵੰਡੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਸਨ, ਪਰ ਕਿਉਂਕਿ ਸਰਕਾਰ ਨੂੰ ਲੋਕ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਕਰਕੇ ਧਰਮ ਤੇ ਜਾਤ ਅਧਾਰਤ ਰਾਜਨੀਤੀ ਰਾਹੀਂ ਮਨੁੱਖਤਾ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੌੜੀ ਸਿਆਸਤ ਨੂੰ ਸ਼ਰੋਮਣੀ ਕਮੇਟੀ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਪੰਜਾਬ ਵਿਚ ਸਿੱਖ ਧਰਮ ਦੇ ਹੋ ਰਹੇ ਨੁਕਸਾਨ ਲਈ ਸ਼ਰੋਮਣੀ ਕਮੇਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਕਿਉਂਕਿ ਉਹ ਸੱਤਾਧਾਰੀ ਆਕਾਵਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ।
ਆਖਰ ਵਿਚ ਕਾਮਰੇਡ ਅਰਸ਼ੀ ਨੇ ਕਿਹਾ ਕਿ ਧਰਮ ਤੇ ਜਾਤ ਨੂੰ ਵਰਤ ਕੇ ਵੋਟਾਂ ਲੈਣ ਖਾਤਰ ਲੋਕਾਂ ਅੰਦਰ ਵਖਰੇਵੇਂ ਪੈਦਾ ਕਰਨ ਵਾਲੇ ਲਏ ਜਾ ਰਹੇ ਫੈਸਲੇ ਸਰਕਾਰ ਦੇ ਹੀ ਉਲਟ ਭੁਗਤਣਗੇ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲ ਸਿੰਘ ਸੁਲਹਾਣੀ ਨੇ ਕਲੱਬਾਂ ਬਣਾਉਣ ਦੇ ਫੈਸਲੇ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਨੇ ਇਤਿਹਾਸ ਦਾ ਉਹ ਸੁੰਦਰ ਸਫਾ ਵੀ ਮਚਕੋੜ ਸੁੱਟਿਆ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਭਾਈ ਜੀਵਨ ਸਿੰਘ ਦੀ ਅਨੂਠੀ ਸਾਂਝ ਤੇ ਇੱਕਮਿਕਤਾ ਦਰਸਾਈ ਹੋਈ ਹੈ।