ਆਲਟੋ ਕਾਰ ਨਹਿਰ 'ਚ ਡੁੱਬਣ ਦੇ ਮਾਮਲੇ ਨੇ ਨਵਾਂ ਮੋੜ ਲਿਆ


ਸ੍ਰੀ ਮਾਛੀਵਾੜਾ ਸਾਹਿਬ
(ਹਰਪ੍ਰੀਤ ਸਿੰਘ/ਜਗਦੀਸ਼ ਰਾਏ)
ਕੱਲ ਸਵੇਰੇ ਸਰਹਿੰਦ ਨਹਿਰ ਦੇ ਗੜੀ ਪੁਲ ਨੇੜੇ ਆਲਟੋ ਕਾਰ ਨਹਿਰ 'ਚ ਡੁੱਬ ਜਾਣ ਤੇ ਉਸ 'ਚ ਰੁੜ੍ਹ ਗਏ 3 ਬੱਚੇ ਅਤੇ ਉਨ੍ਹਾਂ ਦੀਆਂ 3 ਮਾਵਾਂ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਕਾਰ ਚਾਲਕ ਦਲਵੀਰ ਸਿੰਘ 'ਤੇ ਉਸਦੇ ਹੀ ਸਹੁਰੇ ਗੁਰਦੇਵ ਸਿੰਘ ਨੇ ਉਸ ਦੀਆਂ ਧੀਆਂ, ਪੋਤਿਆ, ਦੋਹਤੇ ਅਤੇ ਨੂੰਹ ਨੂੰ ਜਾਣ ਬੁੱਝ ਕੇ ਨਹਿਰ 'ਚ ਕਾਰ ਸੁੱਟ ਕੇ ਪਾਣੀ 'ਚ ਡੁਬੋ ਕੇ ਮਾਰਨ ਦੀ ਸ਼ਿਕਾਇਤ ਦਰਜ ਕਰਵਾ ਉਸ 'ਤੇ ਮਾਮਲਾ ਦਰਜ ਕਰਵਾ ਦਿੱਤਾ ਹੈ।
ਮਾਛੀਵਾੜਾ ਪੁਲਸ ਕੋਲ ਗੁਰਦੇਵ ਸਿੰਘ ਵਾਸੀ ਕਠੂਆ ਥਾਣਾ ਸ਼ਾਹਬਾਦ (ਹਰਿਆਣਾ) ਨੇ ਬਿਆਨ ਦਰਜ ਕਰਵਾਏ ਕਿ ਉਸਦੀ ਛੋਟੀ ਲੜਕੀ ਗੁਰਪ੍ਰੀਤ ਕੌਰ, ਜਵਾਈ ਦਲਵੀਰ ਸਿੰਘ, ਦੋਹਤਾ ਖੁਸ਼ਵੀਰ ਸਿੰਘ, ਇੱਕ ਹੋਰ ਲੜਕੀ ਮਨਪ੍ਰੀਤ ਕੌਰ, ਦੋਹਤੇ ਮਨਕੀਰਤ ਸਿੰਘ, ਉਸਦੀ ਨੂੰਹ ਰਜਵਿੰਦਰ ਕੌਰ ਤੇ ਪੋਤਾ ਕੰਵਲਪ੍ਰੀਤ ਸਿੰਘ ਆਲਟੋ ਗੱਡੀ 'ਚ ਸਵਾਰ ਹੋ ਕੇ ਰਾਹੋਂ ਨੇੜੇ ਪਿੰਡ ਰਤਨਾਣਾ ਵਿਖੇ ਵਿਆਹ 'ਚ ਆਏ ਸਨ ਅਤੇ ਉਹ ਵੀ ਆਪਣੇ ਮੋਟਰਸਾਈਕਲ ਰਾਹੀਂ ਇਸ ਵਿਆਹ ਵਿਚ 7 ਫਰਵਰੀ ਨੂੰ ਸ਼ਾਮਿਲ ਹੋਣ ਲਈ ਆਇਆ ਸੀ। ਵਿਆਹ ਤੋਂ ਬਾਅਦ 7 ਫਰਵਰੀ ਸ਼ਾਮ ਵੇਲੇ ਮੇਰਾ ਜਵਾਈ ਦਲਵੀਰ ਸਿੰਘ ਮੇਰੀ ਧੀ ਗੁਰਪ੍ਰੀਤ ਕੌਰ ਨੂੰ ਜਲਦ ਹੀ ਘਰ ਜਾਣ ਲਈ ਮਜਬੂਰ ਕਰਨ ਲੱਗ ਪਿਆ ਤੇ ਕਾਫ਼ੀ ਮਾੜਾ ਚੰਗਾ ਬੋਲਿਆ, ਜਿਸ 'ਤੇ ਮੈਂ ਉਸਨੂੰ ਸਮਝਾਇਆ, ਪਰ ਉਹ ਨਹੀਂ ਹਟਿਆ। ਬਿਆਨਕਰਤਾ ਅਨੁਸਾਰ ਪਹਿਲਾਂ ਵੀ ਮੇਰਾ ਜਵਾਈ ਮੇਰੀ ਲੜਕੀ ਨੂੰ ਕਾਫ਼ੀ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ 8 ਫਰਵਰੀ ਨੂੰ ਮੇਰਾ ਜਵਾਈ ਉਕਤ ਸਾਰੇ ਪਰਵਾਰਕ ਮੈਂਬਰਾਂ ਨੂੰ ਆਪਣੀ ਆਲਟੋ ਕਾਰ ਰਾਹੀਂ ਲੈ ਕੇ ਉਥੋਂ ਵਾਪਿਸ ਚੱਲ ਪਿਆ ਤੇ ਮੈਂ ਵੀ ਅਜੀਤ ਸਿੰਘ ਵਾਸੀ ਉਧੋਵਾਲ ਕਲਾਂ ਰਾਹੀਂ ਮੋਟਰਸਾਈਕਲ 'ਤੇ ਆਪਣੇ ਜਵਾਈ ਨੂੰ ਰੋਕਣ ਲਈ ਪਿੱਛੇ-ਪਿੱਛੇ ਚੱਲ ਪਿਆ। ਜਦੋਂ ਮੇਰਾ ਜਵਾਈ ਦਲਵੀਰ ਸਿੰਘ ਕਰੀਬ 6.30 ਵਜੇ ਆਪਣੀ ਕਾਰ ਨੂੰ ਮਾਛੀਵਾੜਾ ਨੇੜੇ ਨਹਿਰ ਦੇ ਗੜੀ ਪੁਲ ਕੋਲ ਪੁੱਜਾ ਤਾਂ ਉਸਨੇ ਜਾਣਬੁੱਝ ਕੇ ਕਾਰ ਨਹਿਰ 'ਚ ਸੁੱਟ ਦਿੱਤੀ ਤੇ ਆਪ ਕਾਰ ਦੀ ਤਾਕੀ ਖੋਲ੍ਹ ਕੇ ਉਸ 'ਚੋਂ ਉਤਰ ਗਿਆ ਅਤੇ ਸਾਰੀ ਕਾਰ ਨਹਿਰ 'ਚ ਡੁੱਬ ਗਈ। ਕਾਰ 'ਚ ਸਵਾਰ ਲੜਕੀ ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਨੂੰਹ ਰਜਵਿੰਦਰ ਕੌਰ, ਦੋਹਤੇ ਖੁਸ਼ਵੀਰ ਤੇ ਮਨਕੀਰਤ ਅਤੇ ਪੋਤਰਾ ਕੰਵਲਪ੍ਰੀਤ ਸਾਰੇ ਹੀ ਨਹਿਰ 'ਚ ਡੁੱਬ ਗਏ। ਜਦੋਂ ਕਾਰ ਬਾਹਰ ਕੱਢੀ ਗਈ ਤਾਂ ਰਜਵਿੰਦਰ ਕੌਰ ਦੀ ਲਾਸ਼ ਕਾਰ 'ਚੋਂ ਬਰਾਮਦ ਹੋਈ, ਜਦਕਿ ਮਨਪ੍ਰੀਤ ਦੀ ਲਾਸ਼ ਦੋਰਾਹਾ ਪੁਲ ਨੇੜਿਓਂ ਪਾਣੀ 'ਚ ਤੈਰਦੀ ਬਰਾਮਦ ਹੋਈ। ਪੁਲਸ ਵੱਲੋਂ ਗੁਰਦੇਵ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਉਸਦੇ ਜਵਾਈ ਦਲਵੀਰ ਸਿੰਘ ਖਿਲਾਫ਼ 6 ਪਰਵਾਰਕ ਮੈਂਬਰਾਂ ਨੂੰ ਜਾਣਬੁੱਝ ਕੇ ਨਹਿਰ 'ਚ ਡੁੱਬੋ ਕੇ ਮਾਰਨ ਦੇ ਦੋਸ਼ ਤਹਿਤ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਨਹਿਰ 'ਚ ਡੁੱਬ ਕੇ ਪਾਣੀ 'ਚ ਰੁੜ੍ਹ ਗਈ ਗੁਰਪ੍ਰੀਤ ਕੌਰ ਤੇ 3 ਬੱਚੇ ਖੁਸ਼ਵੀਰ ਸਿੰਘ, ਮਨਕੀਰਤ ਸਿੰਘ, ਕੰਵਲਪ੍ਰੀਤ ਸਿੰਘ ਦੀ ਪੁਲਸ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਤਲਾਸ਼ ਕੀਤੀ ਜਾ ਰਹੀ ਹੈ।