ਪੰਚਾਇਤੀ ਜਗ੍ਹਾ 'ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਅੱਜ

ਭੀਖੀ (ਗੁਰਿੰਦਰ ਔਲਖ/ਧਰਮਵੀਰ ਸ਼ਰਮਾ)
ਕੁਝ ਦੇਰ ਪਹਿਲਾਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਬਿਆਨ ਰਾਹੀਂ ਕਿਹਾ ਸੀ ਕਿ ਪੰਚਾਇਤੀ ਜਗ੍ਹਾ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ, ਪਰ ਸੂਬੇ ਵਿੱਚ ਵੱਖ-ਵੱਖ ਥਾਵਾਂ ਤੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਅਜਿਹੀ ਹੀ ਇੱਕ ਖ਼ਬਰ ਭੀਖੀ ਕਸਬੇ ਵਿਖੇ ਨਗਰ ਪੰਚਾਇਤ ਦੀ ਕਥਿਤ ਮਿਲੀਭੁਗਤ ਨਾਲ ਪੰਚਾਇਤੀ ਜ਼ਮੀਨ 'ਤੇ ਧਾਰਮਿਕ ਆਸਥਾ ਦੀ ਓਟ 'ਚ ਨਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਭੀਖੀ ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿਖੇ ਹੋਈ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਵਿਹਲੜਾਂ ਨੂੰ ਅੱਗੇ ਕਰਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਪਿੱਛੇ ਪਈ ਪੰਚਾਇਤੀ ਜਗ੍ਹਾ (ਛੱਪੜ ਵਾਲੀ) 'ਤੇ ਮੰਦਿਰ ਬਣਾਉਣ ਦੇ ਨਾਂਅ 'ਤੇ ਨਜਾਇਜ਼ ਕਬਜਾ ਕਰਵਾਇਆ ਜਾ ਰਿਹਾ ਹੈ। ਇਸ ਜਗ੍ਹਾ ਨੂੰ ਰੋਕਣ ਲਈ ਪਹਿਲਾਂ ਵੀ ਕਈ ਵਾਰ ਹੱਥਕੰਡੇ ਅਪਣਾਏ ਜਾ ਚੁੱਕੇ ਹਨ, ਪਰ ਜਨਤਕ ਵਿਰੋਧ ਕਾਰਨ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਤੋਂ ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਸੀ। ਆਗੂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਪੰਚਾਇਤੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਬੀਤੇ ਐਤਵਾਰ ਨਗਰ ਪੰਚਾਇਤ ਦੇ ਪ੍ਰਧਾਨ 'ਤੇ ਕੌਂਸਲਰਾਂ ਨਾਲ ਜਨਤਕ ਜਥੇਬੰਦੀਆਂ ਦੀ ਇਸ ਮਸਲੇ ਨੂੰ ਲੈ ਕੇ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਨਗਰ ਪੰਚਾਇਤ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਉੱਚ ਅਧਿਕਾਰੀਆਂ ਦਾ ਮਾਮਲਾ ਧਿਆਨ ਵਿੱਚ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪਰ ਦੋ ਦਿਨ ਬੀਤ ਜਾਣ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਆਗੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਗੱਲ ਲਿਆਂਦੀ ਗਈ ਸੀ। ਪ੍ਰਸ਼ਾਸਨ ਨੇ ਉੱਥੇ ਪੁਲਸ ਭੇਜ ਕੇ ਭਰਤ ਤਾਂ ਪਾਉਣੀ ਬੰਦ ਕਰਵਾ ਦਿੱਤੀ ਸੀ, ਪਰ ਉਸ ਜਗ੍ਹਾ ਤੋਂ ਨਜਾਇਜ਼ ਕਬਜ਼ਾ ਨਹੀਂ ਹਟਵਾਇਆ। ਮੀਟਿੰਗ ਵਿੱਚ ਸਭਨਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਹੋਇਆ ਕਿ ਬੁੱਧਵਾਰ ਨੂੰ ਨਗਰ ਪੰਚਾਇਤ ਭੀਖੀ ਅੱਗੇ ਧਰਨਾ ਦਿੱਤਾ ਜਾਵੇਗਾ। ਇਹ ਸੰਘਰਸ਼ ਓਨੀ ਦੇਰ ਜਾਰੀ ਰਹੇਗਾ, ਜਦੋਂ ਤੱਕ ਨਜਾਇਜ਼ ਕਬਜ਼ਾ ਨਹੀਂ ਹਟਾਇਆ ਜਾਂਦਾ। ਇਸ ਮੌਕੇ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਦੇ ਦਰਸ਼ਨ ਟੇਲਰ, ਸਾਬਕਾ ਕੌਂਸਲਰ ਜਰਨੈਲ ਸਿੰਘ ਢਿੱਲੋਂ, ਇਨਕਲਾਬੀ ਨੌਜਵਾਨ ਸਭਾ ਦੇ ਨਵਜੋਤ ਰੋਹੀ, ਰਾਜਿੰਦਰ ਜਾਫ਼ਰੀ, ਨਵਯੁੱਗ ਸਾਹਿਤ ਕਲਾ ਮੰਚ ਦੇ ਅਵਤਾਰ ਸਿੰਘ, ਮਿਸਤਰੀ ਬਲਦੇਵ ਸਿੰਘ, ਤਰਕਸ਼ੀਲ ਸੁਸਾਇਟੀ ਦੇ ਭੁਪਿੰਦਰ ਫ਼ੌਜੀ, ਮਜ਼ਦੂਰ ਮੁਕਤੀ ਮੋਰਚਾ ਦੇ ਦਿਨੇਸ਼ ਸੋਨੀ, ਕਿਸਾਨ ਯੂਨੀਅਨ ਦੇ ਬਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸੰਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੋਠਾ ਪਹਿਲਾਂ ਤੋਂ ਹੀ ਉਸਰਿਆ ਹੋਇਆ ਹੈ ਤੇ ਸਾਡੇ ਧਿਆਨ ਵਿੱਚ ਇਸ 'ਤੇ ਕਬਜ਼ਾ ਕਰਨ ਦੀ ਗੱਲ ਆਈ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਇਸ ਜਗ੍ਹਾ 'ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਬੰਧੀ ਦਫ਼ਤਰ ਵੱਲਂੋ ਚਿੱਠੀ ਰਾਹੀਂ ਭੀਖੀ ਪੁਲਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਤੇ ਜੇਕਰ ਕਿਸੇ ਵੱਲੋਂ ਕਬਜ਼ਾ ਕੀਤਾ ਜਾਂਦਾ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।