ਬੀ ਐੱਸ ਐੱਫ ਹੱਥੋਂ ਮਾਰੇ ਗਏ ਭਾਰਤੀ ਤਸਕਰਾਂ ਦੀ ਹੋਈ ਸ਼ਨਾਖਤ

ਵਲਟੋਹਾ (ਗੁਰਬਾਜ ਸਿੰਘ)
ਪਾਕਿਸਤਾਨੋਂ ਆਈ ਹੈਰੋਇਨ ਦੀ ਖੇਪ ਨੂੰ ਭਾਰਤ ਵਿਚ ਦਾਖਲ ਕਰਨ ਲਈ ਭਾਰਤ-ਪਾਕਿ ਸਰਹੱਦ 'ਤੇ ਜ਼ੀਰੋ ਲਾਈਨ ਉਪਰ ਬੀ ਐੱਸ ਐੱਫ ਦੇ ਜਵਾਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਭਾਰਤੀ ਸਮੱਗਲਰਾਂ ਦੀ ਬੀ ਐੱਸ ਐੱਫ ਵੱਲੋਂ ਪਹਿਚਾਣ ਕਰਕੇ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਇਨ੍ਹਾਂ ਤਸਕਰਾਂ ਦੀ ਪਹਿਚਾਣ ਸੁਖਚੈਨ ਸਿੰਘ ਉਰਫ ਚੈਨਾ (24 ਸਾਲ) ਪੁੱਤਰ ਹਰਬੰਸ ਸਿੰਘ ਵਾਸੀ ਭੂਰਾ ਕੋਹਨਾ ਅਤੇ ਨਿਸ਼ਾਨ ਸਿੰਘ (25) ਪੁੱਤਰ ਬਿੱਕਰ ਸਿੰਘ ਨਿਵਾਸੀ ਵਰਨਾਲਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਜਿਮੀਂਦਾਰ ਪਰਵਾਰ ਨਾਲ ਸੰਬੰਧਤ ਇਹ ਦੋਵੇਂ ਨੌਜਵਾਨ ਖੇਤੀਬਾੜੀ ਕਰਕੇ ਆਪਣੇ ਪਰਵਾਰ ਦਾ ਪਾਲਣ-ਪੋਸ਼ਣ ਕਰਦੇ ਸਨ, ਪਰ ਗਰੀਬੀ ਅਤੇ ਬੇਰੁਜ਼ਗਾਰੀ ਦੇ ਚੱਲਦਿਆਂ ਇਨ੍ਹਾਂ ਨੌਜਵਾਨਾਂ ਨੇ ਛੇਤੀ ਅਮੀਰ ਹੋਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ਾ ਤਸਕਰੀ ਦਾ ਰਾਹ ਚੁਣ ਲਿਆ ਅਤੇ ਪਿਛਲੇ ਦਿਨੀਂ ਨਸ਼ੇ ਦੀ ਵੱਡੀ ਖੇਪ ਬਾਰਡਰ ਪਾਰ ਕਰਵਾਉਣ ਲਈ ਜਦ ਇਹ ਸਰਹੱਦ 'ਤੇ ਪਹੁੰਚੇ ਤਾਂ ਬੀ ਐੱਸ ਐੱਫ ਨਾਲ ਹੋਏ ਮੁਕਾਬਲੇ ਦੌਰਾਨ ਇਹ ਦੋ ਭਾਰਤੀ ਅਤੇ ਦੋ ਪਾਕਿਸਤਾਨੀ ਤਸਕਰ ਮਾਰੇ ਗਏ।
ਐੱਸ ਐੱਸ ਪੀ ਮਨਮੋਹਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਾਰੇ ਗਏ ਤਸਕਰਾਂ ਖਿਲਾਫ ਥਾਣਾ ਖੇਮਕਰਨ ਵਿਖੇ ਧਾਰਾ 307/148/149 ਆਈ ਪੀ ਸੀ, ਐੱਨ ਡੀ ਪੀ ਐੱਸ, ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਬੇਰੁਜ਼ਗਾਰੀ ਦੇ ਚੱਲਦਿਆਂ ਸਰਹੱਦੀ ਨੌਜਵਾਨਾਂ 'ਚ ਵੱਧ ਰਿਹੈ ਤਸਕਰੀ ਦਾ ਰੁਝਾਨ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਸੁਖਬੀਰ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਵਿਚ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਸੂਬੇ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ, ਪਰ ਇਨ੍ਹਾਂ ਦਾਅਵਿਆਂ ਦੀ ਫੂਕ ਸਰਹੱਦੀ ਏਰੀਏ ਵਿਚ ਨਿਕਲਦੀ ਹੈ। ਪਿਛਲੇ ਲੰਬੇ ਸਮੇਂ ਤੋਂ ਸਰਹੱਦੀ ਏਰੀਏ ਵਿਚ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਇਸ ਇਲਾਕੇ ਦੇ ਨੌਜਵਾਨ ਤਸਕਰੀ ਦੇ ਰਾਹ ਨੂੰ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਏਰੀਏ ਵਿਚ ਨੌਜਵਾਨਾਂ ਨੂੰ ਨਾ ਤਾਂ ਸਰਕਾਰ ਵੱਲੋਂ ਕੋਈ ਨੌਕਰੀ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਲਈ ਕੋਈ ਵਿਸ਼ੇਸ਼ ਉਪਰਾਲੇ ਕੀਤੇ ਗਏ, ਜਿਸ ਦਾ ਫਾਇਦਾ ਉਠਾ ਕੇ ਨਸ਼ੇ ਦੇ ਵੱਡੇ ਵਪਾਰੀ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਨਸ਼ੇ ਦੀ ਤਸਕਰੀ ਵਿਚ ਧੱਸ ਰਹੇ ਹਨ।