ਦੋ ਧਿਰਾਂ 'ਚ ਲੜਾਈ, ਫਾਈਰਿੰਗ ਕਾਰਨ ਦੋ ਜ਼ਖਮੀ

ਮਾਨਸਾ (ਜਸਪਾਲ ਹੀਰੇਵਾਲਾ)-ਸਥਾਨਕ ਚੁੰਗਲੀ ਘਰ ਕੋਲ ਦੋ ਧਿਰਾਂ 'ਚ ਹੋਈ ਫਾਈਰਿੰਗ ਹਿੰਸਕ ਰੂਪ ਧਾਰਨ ਕਰ ਗਈ। ਦੋਨੋਂ ਗੁੱਟਾਂ ਦੇ ਆਦਮੀ ਕਾਫੀ ਫੱਟੜ ਦੱਸੇ ਜਾਂਦੇ ਹਨ ਅਤੇ ਦੋ ਨੌਜਵਾਨ ਗੋਲੀ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਫਾਈਰਿੰਗ ਕਰਨ ਵਾਲੇ 6 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹੋਈ ਲੜਾਈ ਸੰਬੰਧੀ ਕਾਰਨ ਦੀ ਖਬਰ ਲਿਖਣ ਤੱਕ ਕੋਈ ਪੁਸ਼ਟੀ ਨਹੀਂ ਹੋਈ, ਪ੍ਰੰਤੂ ਸ਼ਹਿਰ ਵਾਸੀਆਂ ਵੱਲਂੋ ਇਸ ਮਾਮਲੇ ਨੂੰ ਕਈ ਤਰ੍ਹਾਂ ਦੀ ਲੜੀ ਨਾਲ ਜੋੜਿਆ ਜਾ ਰਿਹੈ। ਪੁਲਸ ਅਤੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਗੁਰਦਰਸ਼ਨ ਸਿੰਘ ਰਾਜੂ ਵਾਸੀ ਘਰਾਂਗਣਾ ਅਤੇ ਜਸਕਰਨ ਸਿੰਘ ਵਾਸੀ ਮਾਨਸਾ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ 'ਚ ਕੰਮ ਕਰਦੇ ਹਨ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਉਹ ਇੱਕ ਦੁਕਾਨ 'ਤੇ ਬੈਠੇ ਸਨਕਾਲਜ ਗਰੁੱਪ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਦੇਖ ਕੇ ਗੰਡਾਸੇ ਨਾਲ ਵਾਰ ਕੀਤਾ ਤੇ ਫਿਰ ਫਾਈਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਰਣਜੀਤ ਰਾਏ ਨੇ ਕਿਹਾ ਕਿ ਗੁਰਦਰਸ਼ਨ ਸਿੰਘ ਰਾਜੂ ਦੇ ਢੂਹੀ 'ਚ ਅਤੇ ਜਸਕਰਨ ਸਿੰਘ ਦੇ ਖੱਬੇ ਮੋਢੇ 'ਤੇ ਫਾਇਰ ਲੱਗਾ ਹੈ, ਜਿਸ ਨਾਲ ਉਹ ਜ਼ਖਮੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤਫਤੀਸ਼ੀ ਏ ਐੱਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਦੇ ਬਿਆਨਾਂ 'ਤੇ ਕਰਮ ਸਿੰਘ, ਗੁੱਲੂ, ਬੌਬੀ, ਗੁਰਸੇਵਕ ਸਿੰਘ, ਜੌਲੀ ਅਤੇ ਝੰਡਾ ਸਿੰਘ ਖਿਲਾਫ ਧਾਰਾ 307, 451,324,148,149- 25,27,54,59 ਆਈ ਪੀ ਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ।