ਕਨੱ੍ਹਈਆ ਕੁਮਾਰ ਨੂੰ ਫੌਰਨ ਰਿਹਾਅ ਕੀਤਾ ਜਾਵੇ : ਅਰਸ਼ੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਾਥੀ ਕਨੱ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸਖਤ ਨਿਖੇਧੀ ਕੀਤੀ। ਸਾਥੀ ਅਰਸ਼ੀ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਜੇ ਐੱਨ ਯੂ ਵਿਚ ਦੇਸ਼-ਵਿਰੋਧੀ, ਪਾਕਿਸਤਾਨ ਪੱਖੀ ਅਤੇ ਵੱਖਵਾਦੀ ਨਾਅਰੇ ਲਾਏ ਜਾਣ ਦੀ ਨਿੰਦਿਆ ਕਰਦਿਆਂ ਮੰਗ ਕੀਤੀ ਕਿ ਬਕਾਇਦਾ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਵੇ, ਨਾ ਕਿ ਨਿਰਦੋਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਉਹਨਾਂ ਕਨ੍ਹਈਆ ਕੁਮਾਰ ਉਤੇ ਦੇਸ਼-ਧ੍ਰੋਹ ਦੀ ਧਾਰਾ ਲਾ ਕੇ ਗ੍ਰਿਫਤਾਰ ਕਰਨ ਨੂੰ ਸੰਘ-ਪਰਵਾਰ ਦੀ ਬਦਲਾ-ਲਊ ਕਾਰਵਾਈ ਕਰਾਰ ਦਿੱਤਾ। ਕਨ੍ਹਈਆ ਕੁਮਾਰ ਏ ਆਈ ਐੱਸ ਐੱਫ ਦਾ ਆਗੂ ਅਤੇ ਖੱਬੇ-ਪੱਖੀ ਹੋਣ ਵਜੋਂ ਦੇਸ਼ਭਗਤ, ਇਨਕਲਾਬੀ ਹੈ, ਉਹਦੀ ਜਥੇਬੰਦੀ ਦਾ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਰੱਖਿਆ ਹਿੱਤ ਬਹੁਤ ਸ਼ਾਨਦਾਰ ਰੋਲ ਰਿਹਾ ਹੈ।
ਸਾਥੀ ਅਰਸ਼ੀ ਨੇ ਸੰਘ-ਪਰਵਾਰ ਦੀਆਂ ਜੇ ਐੱਨ ਯੂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਦੀ ਨਿਖੇਧੀ ਕੀਤੀ ਅਤੇ ਸਾਥੀ ਕਨ੍ਹਈਆ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਏ ਆਈ ਐੱਸ ਐੱਫ ਦਾ ਹਰ ਕਿਸਮ ਦੇ ਅੱਤਵਾਦ ਵਿਰੁੱਧ, ਸਾਮਰਾਜ ਵਿਰੁੱਧ ਲੜਦਿਆਂ, ਸ਼ਹੀਦ ਭਗਤ ਸਿੰਘ ਦੀਆਂ ਰਵਾਇਤਾਂ ਉਤੇ ਚਲਦਿਆਂ ਵਿਦਿਆਰਥੀਆਂ, ਸਿੱਖਿਆ ਪ੍ਰਣਾਲੀ, ਸਮਾਜਿਕ ਪ੍ਰਗਤੀ ਅਤੇ ਦੇਸ ਦੀ ਏਕਤਾ-ਅਖੰਡਤਾ ਲਈ ਕੁਰਬਾਨੀਆਂ ਦੇਣ ਦਾ ਸ਼ਾਨਦਾਰ ਇਤਿਹਾਸ ਹੈ, ਜਿਸਨੂੰ ਫਿਰਕੂ ਤੇ ਫਾਸ਼ੀ ਮੁਖੀ ਸੰਘ-ਪਰਵਾਰ ਤੋਂ 'ਦੇਸ਼ਭਗਤੀ' ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਦਿਆਰਥੀ ਅਤੇ ਲੋਕ ਨਾ ਸਾਡੇ ਬਾਹਰਲੇ ਤੇ ਨਾ ਹੀ ਅੰਦਰਲੇ ਦੁਸ਼ਮਣਾਂ ਦੀਆਂ ਸਾਡੀ ਸਾਂਝ ਨੂੰ ਤੋੜਣ ਦੀਆਂ ਤਰਕੀਬਾਂ ਕਾਮਯਾਬ ਹੋਣ ਦੇਣਗੇ। ਉਹਨਾਂ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਅਲੀ ਜਾਵੇਦ ਨੂੰ ਵੀ ਬਿਨਾਂ ਵਜ੍ਹਾ ਤੰਗ-ਪਰੇਸ਼ਾਨ ਕਰਨ ਅਤੇ ਝੂਠੇ ਕੇਸਾਂ ਵਿਚ ਲਪੇਟਣ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਬਕਾਇਦਾ ਨਿਆਂਪੂਰਨ ਜਾਂਚ ਕਰਕੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜੇ ਕੀਤਾ ਜਾਵੇ ਅਤੇ ਖੱਬੇ-ਪੱਖੀ ਆਗੂਆਂ ਨੂੰ ਫਸਾਉਣ ਲਈ ਕੁਚਾਲਾਂ ਨਾ ਚੱਲੀਆਂ ਜਾਣ।