ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਹਮਲੇ ਦੀ ਨਿਖੇਧੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨੇ ਜੇ ਐੱਨ ਯੂ ਦਿੱਲੀ ਦੇ ਵਿਦਿਆਰਥੀ ਕੌਂਸਲ ਦੇ ਚੁਣੇ ਹੋਏ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਉਤੇ ਗ੍ਰਿਫਤਾਰ ਕਰਨ, ਹੋਰ ਵਿਦਿਆਰਥੀ ਆਗੂਆਂ ਨੂੰ ਹੈਰਾਨ-ਪਰੇਸ਼ਾਨ ਕਰਨ ਅਤੇ ਸੀ ਪੀ ਆਈ (ਅੱੈਮ) ਦੇ ਕੇਂਦਰੀ ਹੈੱਡ ਕੁਆਟਰ ਉਤੇ ਆਰ ਐੱਸ ਐੱਸ ਦੀ ਸਰਪ੍ਰਸਤੀ ਹਾਸਲ ਬੰਦਿਆਂ ਵੱਲੋਂ ਇੱਟਾਂ, ਵੱਟੇ ਮਾਰਨ ਅਤੇ ਭੜਕਾਊ ਨਾਅਰੇ ਲਿਖਣ ਦਾ ਯਤਨ ਕਰਨ ਦੀ ਸਖਤ ਨਿਖੇਧੀ ਕੀਤੀ ਹੈ।
ਚਾਰ ਖੱਬੀਆਂ ਪਾਰਟੀਆਂ ਦੇ ਸੂਬਾ ਸਕੱਤਰਾਂ-ਸਰਵ ਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦੇਸ਼-ਵਿਰੋਧੀ ਨਾਅਰੇ ਮਾਰਨ ਦੀ ਹੋਈ ਮੰਦਭਾਗੀ ਘਟਨਾ ਨੂੰ ਬਹਾਨਾ ਬਣਾ ਕੇ ਦੇਸ਼ ਵਿਚ ਰਾਜ ਕਰ ਰਹੀ ਹਿੰਦੂ ਫਾਸ਼ੀਵਾਦੀ ਵਿਚਾਰਧਾਰਾ ਦੀ ਪੈਰੋਕਾਰ ਬੀ ਜੇ ਪੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਸਮੂਹ ਖੱਬੀਆਂ ਧਿਰਾਂ ਉਤੇ ਹਮਲਾ ਕਰ ਰਹੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕਰਨਾ ਅਤੇ ਹੋਰ ਵਿਦਿਆਰਥੀ ਆਗੂਆਂ ਨੂੰ ਹੈਰਾਨ-ਪਰੇਸ਼ਾਨ ਕਰਨਾ ਇਸ ਹਮਲੇ ਦਾ ਇਕ ਹਿੱਸਾ ਹੀ ਹੈ। ਹੁਣ ਸੀ ਪੀ ਆਈ (ਐੱਮ) ਦੇ ਹੈੱਡ ਕੁਆਟਰ ਉਤੇ ਕੀਤਾ ਗਿਆ ਹਮਲਾ ਇਸ ਸਾਜ਼ਿਸ਼ ਨੂੰ ਹੋਰ ਵਧੇਰੇ ਸਪੱਸ਼ਟ ਕਰਦਾ ਹੈ।
ਸਾਥੀਆਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਦੇਸ਼ ਸਾਹਮਣੇ ਆਉਂਦੇ ਰਹੇ ਸੰਕਟਾਂ ਦੌਰਾਨ ਖੱਬੀਆਂ ਸ਼ਕਤੀਆਂ ਵੱਲੋਂ ਉੱਘਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ, ਇਤਿਹਾਸ ਇਸ ਦਾ ਗਵਾਹ ਹੈ। ਖੱਬੀਆਂ ਸ਼ਕਤੀਆਂ ਨੂੰ ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੇ ਪੈਰੋਕਾਰਾਂ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਭੋਰਾ ਭਰ ਵੀ ਹਿੱਸਾ ਨਾ ਪਾਉਣ ਵਾਲਿਆਂ ਤੋਂ ਆਪਣੀ ਦੇਸ਼ ਭਗਤੀ ਲਈ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ। ਸਾਰਾ ਦੇਸ਼ ਜਾਣਦਾ ਹੈ ਕਿ ਪੰਜਾਬ ਤੇ ਆਸਾਮ ਵਿਚ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਹਜ਼ਾਰਾਂ ਕਮਿਊਨਿਸਟ ਕਾਰਕੁਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ।
ਪੰਜਾਬ ਦੀਆਂ ਚਾਰੇ ਖੱਬੀਆਂ ਪਾਰਟੀਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕਨ੍ਹਈਆ ਕੁਮਾਰ ਨੂੰ ਫੌਰੀ ਤੌਰ 'ਤੇ ਰਿਹਾਅ ਕੀਤਾ ਜਾਵੇ ਅਤੇ ਹੋਰ ਵਿਦਿਆਰਥੀ ਆਗੂਆਂ ਨੂੰ ਹੈਰਾਨ-ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਸੀ ਪੀ ਆਈ (ਅੱੈਮ) ਹੈੱਡ ਕੁਆਟਰ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚਾਰੇ ਪਾਰਟੀਆਂ ਨੇ ਰਾਜ ਵਿਚਲੀਆਂ ਆਪਣੀਆਂ ਇਕਾਈਆਂ ਨੂੰ ਢੁਕਵੇਂ ਰੂਪ ਵਿਚ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ।