ਜੇ ਐੱਨ ਯੂ ਪਾਕਿਸਤਾਨੀ ਤੇ ਚੀਨੀ ਏਜੰਟਾਂ ਦਾ ਗੜ੍ਹ ਬਣੀ : ਸ਼ਿਵ ਸੈਨਾ


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲੇ 'ਤੇ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਦੋਲਨ ਦੀ ਹਮਾਇਤ ਕਰ ਰਹੇ ਸਿਆਸਤਦਾਨਾਂ ਦੀ ਚੋਣ ਰੱਦ ਕੀਤੀ ਜਾਵੇ ਅਤੇ ਭਾਰਤ ਵਿਰੋਧੀ ਨਾਅਰੇ ਲਾਉਣ ਵਾਲਿਆਂ ਨੂੰ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਵਿਰਾਟ ਕੋਹਲੀ ਮਾਮਲੇ ਦਾ ਜ਼ਿਕਰ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾ ਦੇ ਇੱਕ ਪ੍ਰਸੰਸਕ ਨੂੰ ਭਾਰਤੀ ਝੰਡਾ ਲਹਿਰਾਉਣ 'ਤੇ ਪਾਕਿਸਤਾਨ 'ਚ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਗਿਆ ਸੀ। ਸ਼ਿਵ ਸੈਨਾ ਨੇ ਕਿਹਾ ਕਿ ਭਾਰਤ ਵਿਰੁੱਧ ਨਾਅਰੇ ਲਾਉਣ ਵਾਲੇ ਸਾਰੇ ਲੋਕਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾਵੇ। ਪਾਰਟੀ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਹੁਣ ਨਾ ਸਿਰਫ਼ ਦੇਸ਼ ਵਿਰੋਧੀਆਂ ਦਾ ਸਗੋਂ ਪਾਕਿਸਤਾਨੀ ਅਤੇ ਚੀਨੀ ਏਜੰਟਾਂ ਦਾ ਗੜ੍ਹ ਬਣ ਗਿਆ ਹੈ, ਜਿਹੜੇ ਸਰਕਾਰ ਦੇ ਪੈਸੇ 'ਤੇ ਰਾਸ਼ਟਰ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋ ਰਹੇ ਹਨ।
ਆਪਣੇ ਮੁੱਖ ਪੱਤਰ ਸਾਮਨਾ 'ਚ ਸ਼ਿਵ ਸੈਨਾ ਨੇ ਕਿਹਾ ਕਿ ਜੇ ਚੁਣੇ ਹੋਏ ਪ੍ਰਤੀਨਿਧ ਰਾਸ਼ਟਰ ਵਿਰੋਧੀਆਂ ਦੀ ਹਮਾਇਤ ਕਰਦੇ ਹਨ ਤਾਂ ਸੰਵਿਧਾਨ 'ਚ ਇਹ ਵਿਵਸਥਾ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਚੋਣ ਰੱਦ ਕਰ ਦਿੱਤੀ ਜਾਵੇ, ਕਿਉਂਕਿ ਉਹ ਪਾਕਿਸਤਾਨੀ ਅੱਤਵਾਦੀਆਂ ਦੇ ਮੁਕਾਬਲੇ ਦੇਸ਼ ਦਾ ਜ਼ਿਆਦਾ ਨੁਕਸਾਨ ਕਰ ਰਹੇ ਹਨ ਅਤੇ ਲੋਕਤੰਤਰ ਤੇ ਦੇਸ਼ ਦੀ ਅਜ਼ਾਦੀ ਦਾ ਗਲਾ ਘੁਟ ਰਹੇ ਹਨ। ਪਾਰਟੀ ਨੇ ਕਿਹਾ ਕਿ ਉਨ੍ਹਾ ਅਦਾਰਿਆਂ 'ਚ ਤਲਾਸ਼ੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ, ਜਿੱਥੇ ਯਾਕੂਬ ਮੇਮਨ ਅਤੇ ਅਫ਼ਜ਼ਲ ਗੁਰੂ ਵਰਗੇ ਅੱਤਵਾਦੀਆਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।
ਸੰਪਾਦਕੀ 'ਚ ਕਿਹਾ ਗਿਆ ਕਿ ਜੇ ਵਿਰਾਟ ਕੋਹਲੀ ਦੇ ਕਿਸੇ ਪ੍ਰਸੰਸਕ ਨੂੰ ਭਾਰਤੀ ਝੰਡਾ ਲਹਿਰਾਉਣ 'ਤੇ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾ ਸਕਦਾ ਹੈ ਤਾਂ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਵਾਲਿਆਂ ਨਾਲ ਨਰਮੀ ਕਿਉਂ ਵਰਤੀ ਜਾਵੇ।