ਜੇ ਬੰਦੂਕ ਹੁੰਦੀ ਤਾਂ ਗੋਲੀ ਮਾਰ ਦਿੰਦਾ : ਭਾਜਪਾ ਵਿਧਾਇਕ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਟਿਆਲਾ ਹਾਊਸ ਕੋਰਟ 'ਚ ਜੇ ਐਨ ਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹੱਹੀਆ ਕੁਮਾਰ ਦੀ ਪੇਸ਼ੀ ਸਮੇਂ ਸੀ ਪੀ ਆਈ ਦੇ ਕਾਰਕੁਨ ਅਮੋਕ ਜਮਈ ਨਾਲ ਕੁੱਟਮਾਰ ਦੇ ਮਾਮਲੇ 'ਚ ਸ਼ਾਮਲ ਭਾਜਪਾ ਦੇ ਦਿੱਲੀ ਤੋਂ ਵਿਧਾਇਕ ਓ ਪੀ ਸ਼ਰਮਾ ਨੇ ਕਿਹਾ ਹੈ ਕਿ ਜੇ ਬੰਦੂਕ ਹੁੰਦੀ ਤਾਂ ਉਹ ਗੋਲੀ ਮਾਰ ਦਿੰਦਾ। ਸ਼ਰਮਾ ਨੇ ਕਿਹਾ ਕਿ ਕੀ ਜੇ ਕੋਈ ਮਾਂ ਨੂੰ ਗਾਲ ਕੱਢੇਗਾ ਤਾਂ ਉਸ ਨੂੰ ਮਾਰਾਂਗੇ ਨਹੀਂ। ਮੰਗਲਵਾਰ ਨੂੰ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਜਦੋਂ ਉਹ ਅਦਾਲਤ ਤੋਂ ਬਾਹਰ ਆ ਰਿਹਾ ਸੀ ਤਾਂ ਕੁਝ ਸੱਜਣ, ਜਿਨ੍ਹਾ ਨੂੰ ਉਹ ਨਹੀਂ ਜਾਣਦਾ, ਉਹ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਗਾ ਰਹੇ ਸਨ। ਸ਼ਰਮਾ ਨੇ ਕਿਹਾ ਕਿ ਉਸ ਨੇ ਨੌਜਵਾਨਾਂ ਨੂੰ ਨਾਹਰੇਬਾਜ਼ੀ ਕਰਨ ਤੋਂ ਰੋਕਿਆ ਅਤੇ ਉਹ ਸਮਝਾਉਣ ਦੇ ਬਾਵਜੂਦ ਨਹੀਂ ਰੁਕੇ ਅਤੇ ਬਾਅਦ 'ਚ ਹੱਥੋਪਾਈ ਹੋ ਗਏ ਅਤੇ ਉਸ ਦੇ ਸਿਰ 'ਚ ਸੱਟ ਵੱਜੀ।
ਵਿਸ਼ਵਾਸ ਨਗਰ ਤੋਂ ਭਾਜਪਾ ਵਿਧਾਇਕ ਨੇ ਦਸਿਆ ਕਿ ਝਗੜੇ ਤੋਂ ਬਾਅਦ ਅਮੋਕ ਭੱਜਣ ਲੱਗਿਆ ਅਤੇ ਉਸ ਨੇ ਉਸ ਦਾ ਪਿੱਛਾ ਕੀਤਾ ਸੀ। ਪੁਲਸ ਕਮਿਸ਼ਨਰ ਬੀ ਐਸ ਬੱਸੀ ਨੇ ਕਿਹਾ ਹੈ ਕਿ ਸ਼ਰਮਾ ਨੇ ਸ਼ਿਕਾਇਤ ਕੀਤੀ ਹੈ ਕਿ ਅਦਾਲਤ 'ਚ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਸ਼ਰਮਾ ਦੀ ਮੈਡੀਕਲ ਜਾਂਚ ਕਰਵਾਈ ਗਈ, ਪਰ ਕੋਈ ਗੰਭੀਰ ਸੱਟ ਨਹੀਂ ਹੈ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ।