ਕਾਮਰੇਡ ਏ ਬੀ ਬਰਧਨ ਦੀ ਯਾਦ 'ਚ ਸ਼ੋਕ ਸਮਾਗਮ

ਮੋਗਾ (ਅਮਰਜੀਤ ਬੱਬਰੀ)
ਸਮਾਜ ਦੇ ਦੱਬੇ-ਕੁਚਲੇ ਵਰਗ ਦੇ ਹਮਦਰਦ ਮਸੀਹਾ, ਹਿੰਦੋਸਤਾਨ ਟਰੇਡ ਯੂਨੀਅਨ ਲਹਿਰ ਦੇ ਸਿਰਮੌਰ ਹਰਮਨ ਪਿਆਰੇ ਆਗੂ ਕਾ. ਏ.ਬੀ. ਬਰਧਨ, ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਹ ਆਲ ਇੰਡੀਆ ਫੈਡਰੇਸ਼ਨ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਦੇ 1962 ਤੋਂ ਲੈ ਕੇ ਫਾਊਂਡਰ ਪ੍ਰਧਾਨ ਚਲੇ ਆ ਰਹੇ ਸਨ। ਇਸ ਦੇ ਨਾਲ-ਨਾਲ ਉਹ ਆਲ ਇੰਡੀਆ ਪਾਵਰ ਇੰਪਲਾਈਜ਼ ਅਤੇ ਇੰਜੀਨੀਅਰਜ਼ ਕੋਆਡੀਨੇਸ਼ਨ ਕਮੇਟੀ ਦੇ ਕਨਵੀਨਰ ਵੀ ਸਨ। ਉਹਨਾਂ ਦੀ ਯਾਦ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ ਪੰਜਾਬ) ਵੱਲੋਂ ਸ਼ੋਕ ਸਮਾਗ਼ਮ ਦਾ ਆਯੋਜਨ ਸਰਵ-ਸਾਥੀ ਸਤਨਾਮ ਸਿੰਘ ਛਲੇੜੀ, ਜਸਬੀਰ ਸਿੰਘ, ਰਾਜ ਕੁਮਾਰ ਤਿਵਾੜੀ, ਜਗਦੇਵ ਸਿੰਘ ਬਾਹੀਆ, ਹਰਭਜਨ ਸਿੰਘ, ਰਮਨ ਭਾਰਦਵਾਜ, ਰਣਜੀਤ ਸਿੰਘ ਬਿੰਜੋਕੀ, ਗੁਰਬਖਸ਼ ਸਿੰਘ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਕੋਣੇ-ਕੋਣੇ ਤੋਂ ਬਿਜਲੀ ਮੁਲਾਜ਼ਮਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗ਼ਮ ਦੀ ਕਾਰਵਾਈ ਪ੍ਰੈੱਸ ਦੇ ਨਾਂਅ ਜਾਰੀ ਕਰਦਿਆਂ ਜਗਦੀਸ਼ ਸ਼ਰਮਾ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਸਮਾਗ਼ਮ ਵਿੱਚ ਮੁੱਖ ਤੌਰ 'ਤੇ ਕਾ. ਮੋਹਨ ਸ਼ਰਮਾ ਐਡੀਸ਼ਨਲ ਜਨਰਲ ਸਕੱਤਰ ਆਲ ਇੰਡੀਆ ਫੈਡਰੇਸ਼ਨ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਅਤੇ ਏਟਕ ਦੇ ਕੌਮੀ ਆਗੂ ਕਾ. ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਪੰਜਾਬ, ਕਾ. ਬੰਤ ਬਰਾੜ ਪ੍ਰਧਾਨ ਏਟਕ ਪੰਜਾਬ, ਕਾ. ਹਰਭਜਨ ਸਿੰਘ ਟਰੇਡ ਯੂਨੀਅਨ ਆਗੂ, ਕਾ. ਗੁਰਨਾਮ ਸਿੰਘ ਗਿੱਲ ਸਾਬਕਾ ਪ੍ਰਧਾਨ ਫੈਡਰੇਸ਼ਨ, ਕਾ. ਅਮਰੀਕ ਮਸੀਤਾਂ ਐਫੀ ਆਗੂ, ਕਾ. ਸੁਖਦੇਵ ਸ਼ਰਮਾ ਐਫੀ ਅਤੇ ਉਸਾਰੀ ਵਰਕਰਜ਼ ਯੂਨੀਅਨ, ਕਾ. ਐਸ.ਪੀ. ਸਿੰਘ ਐਫੀ ਆਗੂ ਵੱਲੋਂ ਕਾ. ਏ.ਬੀ. ਬਰਧਨ ਨੂੰ ਯਾਦ ਕਰਦਿਆਂ ਦੱਸਿਆ ਗਿਆ ਕਿ ਉਹ ਇੱਕ ਸਾਦਗੀ ਭਰਿਆ ਜਵਿਨ ਬਤੀਤ ਕਰਨ ਵਾਲੇ, ਮਜ਼ਦੂਰਾਂ ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਰਹੇ ਸਰਵੋਤਮ ਯੋਧਾ, ਸਿਧਾਂਤਾਂ ਦੇ ਪ੍ਰਪੱਕ ਨੇਤਾ ਅਤੇ ਉੱਘੇ ਲੇਖਕ ਸਨ। ਕਾ. ਬਰਧਨ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਅੱਜ ਜਦੋਂ ਦੇਸ਼ ਅੰਦਰ ਧਰਮਾਂ, ਮਜ਼੍ਹਬਾਂ ਦੇ ਨਾਂਅ 'ਤੇ ਵੰਡੀਆ ਪਾ ਕੇ ਸਮਾਜ ਨੂੰ ਫਿਰਕਾਪ੍ਰਸਤੀ ਵੱਲ ਨੂੰ ਧੱਕਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦਰਸਾਏ ਰਸਤੇ 'ਤੇ ਚੱਲ ਕੇ ਸਮਾਜ ਨੂੰ ਜੋੜ ਕੇ ਰੱਖਣ ਦਾ ਜ਼ਿੰਮਾ ਚੁੱਕਣਾ ਚਾਹੀਦਾ ਹੈ। ਇਹੀ ਕਾ. ਬਰਧਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਕਾ. ਜਗਰੂਪ ਮੁੱਖ ਸਲਾਹਕਾਰ ਰੋਜ਼ਗਾਰ ਪ੍ਰਾਪਤੀ ਮੁਹਿੰਮ ਨੇ ਕਿਹਾ ਕਿ ਸਰਕਾਰ ਦੀ ਸ਼ਹਿ 'ਤੇ ਫਿਰਕਾਪ੍ਰਸਤੀ ਨੂੰ ਵਧਾਇਆ ਜਾ ਰਿਹਾ ਹੈ।
ਮਜ਼ਹਬਾਂ ਦੇ ਨਾਂਅ 'ਤੇ ਵੰਡੀਆਂ ਪਾ ਕੇ ਕਿਰਤੀ ਵਰਗ ਦਾ ਧਿਆਨ ਉਹਨਾਂ ਦੇ ਅਸਲੀ ਮੁੱਦਿਆਂ ਤੋਂ ਪਾਸੇ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕਿਵੇਂ ਇਸ ਸਰਕਾਰ ਨੇ ਕੁੱਲ 18 ਲੱਖ ਕਰੋੜ ਦੇ ਬੱਜਟ ਵਿੱਚ 6 ਲੱਖ ਕਰੋੜ ਕਾਰਪੋਰੇਟ ਘਰਾਣਿਆਂ ਨੂੰ ਹੀ ਸਹੂਲਤਾਂ ਦੇ ਰੂਪ ਵਿੱਚ ਦੇ ਦਿੱਤਾ। ਇਸ ਬੱਜਟ ਬਾਰੇ ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਵਾਰ ਸਰਕਾਰ ਕਿਰਤੀ ਲੋਕਾਂ, ਆਮ ਲੋਕਾਂ, ਮੁਲਾਜ਼ਮਾਂ 'ਤੇ ਹੋਰ ਕਟੌਤੀਆਂ ਲਾਗੂ ਕਰੇਗੀ। ਹੋਰਨਾਂ ਤੋਂ ਇਲਾਵਾ ਇਸ ਸਮਾਗ਼ਮ ਵਿੱਚ ਸਾਥੀ ਜਗਸੀਰ ਖੋਸਾ ਮਨਰੇਗਾ ਆਗੂ, ਸਾਥੀ ਪ੍ਰਗਟ ਸਿੰਘ ਬੱਧਨੀ ਕਿਸਾਨ ਆਗੂ, ਸਾਥੀ ਜਗਦੀਸ਼ ਚਾਹਲ ਪੰਜਾਬ ਰੋਡਵੇਜ਼ ਆਗੂ, ਸ੍ਰੀਮਤੀ ਅਮਰਜੀਤ ਕੌਰ ਆਸ਼ਾ ਵਰਕਰਜ਼ ਆਗੂ, ਵਿਦਿਆਰਥੀ ਆਗੂ ਵਿੱਕੀ ਮਹੇਸਰੀ ਅਤੇ ਨੌਜਵਾਨ ਆਗੂ ਸੁਖਜਿੰਦ ਮਹੇਸਰੀ, ਇਸਤਰੀ ਸਭਾ ਆਗੂ ਨਰਿੰਦਰ ਕੌਰ ਸੋਹਲ, ਸਾਥੀ ਕਸ਼ਮੀਰ ਸਿੰਘ ਗਦਾਈਆ, ਬਲਕਰਨ ਮੋਗਾ, ਨਰਿੰਦਰ ਸੈਣੀ, ਭੁਪਿੰਦਰਪਾਲ ਸਿੰਘ ਬਰਾੜ, ਰਣਜੀਤ ਗਿੱਲ, ਸੁਖਦੇਵ ਸਿੰਘ ਗੌਸਲ, ਮੁਸ਼ਤਾਕ ਮਸੀਹ ਆਦਿ ਨੇ ਕਾ. ਏ.ਬੀ. ਬਰਧਨ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ।