ਮੀਡੀਆ 'ਤੇ ਹਮਲੇ ਵਿਰੁੱਧ ਸੈਂਕੜੇ ਪੱਤਰਕਾਰਾਂ ਵੱਲੋਂ ਵਿਸ਼ਾਲ ਰੋਸ ਮਾਰਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਵਿਰੁੱਧ ਦਰਜ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਦੀ ਕਵਰੇਜ ਕਰ ਰਹੇ ਪੱਤਰਕਾਰਾਂ 'ਤੇ ਪਟਿਆਲਾ ਹਾਊਸ ਅਦਾਲਤ 'ਚ ਹੋਏ ਹਮਲੇ ਵਿਰੁੱਧ ਸੈਂਕੜੇ ਪੱਤਰਕਾਰਾਂ ਨੇ ਮੰਗਲਵਾਰ ਨੂੰ ਰੋਸ ਮਾਰਚ ਕੀਤਾ।
ਵੱਖ-ਵੱਖ ਪੱਤਰਕਾਰ ਸੰਸਥਾਵਾ ਨਾਲ ਜੁੜੇ ਇਨ੍ਹਾਂ ਪੱਤਰਕਾਰਾਂ ਨੇ ਪ੍ਰੈਸ ਕਲੱਬ ਤੋਂ ਸੁਪਰੀਮ ਕੋਰਟ ਤੱਕ ਮਾਰਚ ਕਰਦਿਆਂ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਦੇ ਸਮੱਰਥਨ ਅਤੇ ਹਮਲੇ ਦੌਰਾਨ ਪੁਲਸ ਦੀ ਨਾ-ਅਹਿਲੀਅਤ ਵਿਰੁੱਧ ਨਾਅਰੇ ਲਗਾ ਰਹੇ ਸਨ ਤੇ ਮੰਗ ਕਰ ਰਹੇ ਸਨ ਕਿ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੱਤਰਕਾਰਾਂ ਦਾ ਇੱਕ ਵਫ਼ਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲਿਆ ਅਤੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ। ਪੱਤਰਕਾਰਾਂ ਨੇ ਪਟਿਆਲਾ ਹਾਊਸ ਅਦਾਲਤ 'ਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਉਪਰ ਹਮਲੇ ਵੇਲੇ ਪੁਲਸ ਦੀ ਚੁੱਪ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਪੁਲਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਸੀ। ਉਨ੍ਹਾ ਇਸ ਹਮਲੇ ਨੂੰ ਅਦਾਲਤ ਦੀ ਹੱਤਕ ਕਰਾਰ ਦਿੱਤਾ, ਕਿਉਂਕਿ ਇਹ ਘਟਨਾ ਅਦਾਲਤੀ ਕੰਪਲੈਕਸ ਦੌਰਾਨ ਵਾਪਰੀ ਹੈ।
ਪੱਤਰਕਾਰਾਂ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਚਿੰਤਾ ਦਾ ਮਾਮਲਾ ਹੈ ਕਿ ਪੱਤਰਕਾਰਾਂ 'ਤੇ ਹਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾ ਹੈਰਾਨੀ ਪ੍ਰਗਟਾਈ ਕਿ ਇਸ ਮਾਮਲੇ 'ਚ ਦੋ ਐਫ਼ ਆਈ ਆਰ ਦਰਜ ਕੀਤੀਆਂ ਗਈਆਂ ਹਨ ਤੇ ਉਨ੍ਹਾ ਵਿੱਚ ਕਿਸੇ ਵੀ ਵਿਅਕਤੀ ਦਾ ਨਾਂਅ ਨਹੀਂ ਲਿਆ ਗਿਆ। ਸਿਰਫ਼ ਅਣਪਛਾਤੇ ਵਿਅਕਤੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਕਿਹਾ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲੇ ਵਕੀਲਾਂ ਵਿਰੁੱਧ ਫੌਰੀ ਕਾਰਵਾਈ ਹੋਵੇ ਤੇ ਐਫ਼ ਆਈ ਆਰ ਨਾਂਅ 'ਤੇ ਦਰਜ ਕੀਤੀ ਜਾਵੇਗੀ।