ਸਰਬ-ਪਾਰਟੀ ਮੀਟਿੰਗ 'ਚ ਜੇ ਐੱਨ ਯੂ ਮੁੱਦੇ ਦੀ ਗੂੰਜ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਬਾਰੇ ਲਗਾਤਾਰ ਵਧ ਰਹੇ ਰੇੜਕੇ ਦੀ ਗੂੰਜ ਮੰੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਵੀ ਸੁਣਾਈ ਦਿੱਤੀ ਅਤੇ ਵਿਰੋਧੀ ਪਾਰਟੀਆਂ ਨੇ ਗ੍ਰਿਫਤਾਰ ਆਗੂ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਦਾ ਸਖਤ ਵਿਰੋਧ ਕੀਤਾ, ਜਦਕਿ ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਵੱਲੋਂ ਲਗਾਏ ਗਏ ਨਾਅਰੇ ਸਖਤ ਇਤਰਾਜ਼ਯੋਗ ਸਨ। ਸਰਕਾਰ ਨੇ ਕਿਹਾ ਕਿ ਉਹ 23 ਫਰਵਰੀ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਬੱਜਟ ਸਮਾਗਮ ਦੌਰਾਨ ਸਦਨ ਵਿੱਚ ਜੇ ਐੱਨ ਯੂ ਨਾਲ ਜੁੜੇ ਵਿਵਾਦ 'ਤੇ ਚਰਚਾ ਕਰਨ ਲਈ ਤਿਆਰ ਰਹੇ ਅਤੇ ਮੋਦੀ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੂੰ ਦੂਰ ਕਰੇਗੀ। ਦੋ ਘੰਟੇ ਤੋਂ ਵੀ ਵੱਧ ਸਮਾਂ ਤੱਕ ਚੱਲੀ ਮੀਟਿੰਗ ਤੋਂ ਬਾਅਦ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਵਿਰੋਧੀ ਪਾਰਟੀਆਂ ਦੀਆਂ ਸਭ ਚਿੰਤਾਵਾਂ ਨੂੰ ਦੂਰ ਕਰੇਗੀ। ਉਨ੍ਹਾ ਕਿਹਾ ਕਿ ਕੇਵਲ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹਨ, ਸਗੋਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ।
ਸੰਸਦ ਦੇ ਬੱਜਟ ਸਮਾਗਮ ਤੋਂ ਪਹਿਲਾਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਚਰਚਾ ਦੇ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਇਹ ਪਹਿਲੀ ਅਜਿਹੀ ਮੀਟਿੰਗ ਹੈ। ਮੋਦੀ ਨੇ ਮੀਟਿੰਗ ਦੌਰਾਨ ਕਿਹਾ ਕਿ ਵਿਰੋਧੀ ਧਿਰ ਦੀ ਤਰਫੋਂ ਉਠਾਏ ਮੁੱਦਿਆਂ ਦਾ ਜੁਆਬ ਅਸੀਂ ਦੇਵਾਂਗੇ ਅਤੇ ਉਨ੍ਹਾਂ ਦਾ ਨਿਪਟਾਰਾ ਕਰਾਂਗੇ। ਉਨ੍ਹਾ ਆਸ ਪ੍ਰਗਟਾਈ ਕਿ ਇਸ ਮੀਟਿੰਗ ਵਿੱਚ ਬਣਿਆ ਸੁਹਿਰਦ ਮਾਹੌਲ ਸੰਸਦ ਵਿੱਚ ਵੀ ਨਜ਼ਰ ਆਵੇਗਾ।
ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਆਮ ਸਹਿਮਤੀ ਸੀ ਕਿ ਸੰਸਦ ਸੁਚਾਰੂ ਢੰਗ ਨਾਲ ਚੱਲਣੀ ਚਾਹੀਦੀ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੇ ਸਭ ਵਿਦਿਆਰਥੀਆਂ ਨਾਲੋਂ ਆਪਣੇ ਆਪ ਨੂੰ ਵੱਖ ਕਰਦੀ ਹੈ, ਜਿਹੜੇ ਦੇਸ਼ ਦੀ ਅਖੰਡਤਾ ਤੇ ਸੰਵਿਧਾਨ ਨੂੰ ਨਿਸ਼ਾਨਾ ਬਣਾ ਕੇ ਨਾਅਰੇਬਾਜ਼ੀ ਕਰ ਰਹੇ ਹਨ। ਇਸ ਦੌਰਾਨ ਹੀ ਉਨ੍ਹਾ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇ ਐੱਨ ਯੂ ਵਿਦਿਆਰਥੀ ਯੂਨੀਅਨ ਦੇ ਗ੍ਰਿਫਤਾਰ ਪ੍ਰਧਾਨ ਕਨੱ੍ਹਈਆ ਕੁਮਾਰ ਖਿਲਾਫ ਦੇਸ਼ ਧ੍ਰੋਹ ਦਾ ਕੋਈ ਸਬੂਤ ਨਹੀਂ ਹੈ। ਆਪਣੀ ਪਾਰਟੀ ਲੀਡਰਸ਼ਿਪ ਨੂੰ ਦੇਸ਼ ਧ੍ਰੋਹੀਆਂ ਨਾਲ ਜੋੜ ਕੇ ਬਦਨਾਮ ਕਰਨ ਲਈ ਭਾਜਪਾ ਆਗੂਆਂ 'ਤੇ ਹਮਲਾ ਬੋਲਦਿਆਂ ਉਨ੍ਹਾ ਕਿਹਾ ਕਿ ਸਰਕਾਰ ਨੂੰ ਉਨ੍ਹਾ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਦ ਤੋਂ ਭਾਜਪਾ ਸੱਤਾ ਵਿੱਚ ਆਈ ਹੈ, ਉਸ ਵੇਲੇ ਤੋਂ ਦੇਸ਼ ਦਾ ਮਾਹੌਲ ਖਰਾਬ ਹੋਇਆ ਹੈ ਤੇ ਸਰਕਾਰ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ।
ਵੈਂਕਈਆ ਨੇ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਦੇਸ਼ ਧ੍ਰੋਹੀ ਸ਼ਬਦ ਦੀ ਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਇਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੇ ਸੰਦਰਭ ਵਿੱਚ 'ਹਿਟਲਰ' ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ। ਉਨ੍ਹਾ ਕਿਹਾ ਕਿ ਸਰਕਾਰ ਨਿਯਮ ਅਧੀਨ ਕਿਸੇ ਵੀ ਮੁੱਦੇ 'ਤੇ ਚਰਚਾ ਲਈ ਤਿਆਰ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਰਕਾਰ ਇਸ ਦਿਸ਼ਾ ਵਿੱਚ ਅਹਿਦ ਕਰਨਾ ਚਾਹੁੰਦੀ ਹੈ। ਜੇ ਐੱਨ ਯੂ 'ਚ ਜੋ ਕੁੱਝ ਵੀ ਹੋਇਆ, ਉਸ ਬਾਰੇ ਖੁੱਲ੍ਹ ਕੇ ਚਰਚਾ ਹੋਵੇ। ਪੋਸਟਰਾਂ ਦੀ ਵਰਤੋਂ ਕੀਤੀ ਗਈ... ਕੁਝ ਨੇ ਕਿਹਾ ਕਿ ਪੁਲਸ ਨੂੰ ਉਥੇ ਨਹੀਂ ਜਾਣਾ ਚਾਹੀਦਾ ਸੀ। ਮਾਹੌਲ ਕਾਫੀ ਚੰਗਾ ਤੇ ਸੁਹਿਰਦ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗੱਲ ਵੀ ਉਠੀ ਕਿ ਮੀਡੀਆ ਨੇ ਰਾਈ ਦਾ ਪਹਾੜ ਬਣਾ ਦਿੱਤਾ ਹੈ।
ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਨੰਦ ਸ਼ਰਮਾ ਨੇ ਕਿਹਾ ਕਿ ਜੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕ ਹੀ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ ਤਾਂ ਉਨ੍ਹਾਂ ਦੀ ਪਰਤਵੀਂ ਗੂੰਜ ਸੁਣਾਈ ਦੇਵੇਗੀ। ਜੇ ਉਨ੍ਹਾ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਕਈ ਚੀਜ਼ਾਂ ਅਜਿਹੀਆਂ ਨਾ ਹੁੰਦੇਆਂ, ਜੋ ਸਾਨੂੰ ਦੇਖਣ ਨੂੰ ਮਿਲ ਰਹੀਆਂ ਹਨ। ਵਿਦਿਆਰਥੀ ਆਗੂ ਕਨੱ੍ਹਈਆ ਦਾ ਸਮੱਰਥਨ ਕਰਦਿਆਂ ਆਜ਼ਾਦ ਨੇ ਕਿਹਾ ਕਿ ਉਸ ਨੇ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਹੜੇ ਦੇਸ਼ ਦੀ ਅਖੰਡਤਾ ਤੇ ਸੰਵਿਧਾਨ ਦੇ ਖਿਲਾਫ ਹੋਵੇ। ਦੇਸ਼ ਧਰੋਹ ਦੇ ਦੋਸ਼ ਵਿੱਚ ਉਸ ਦੀ ਗ੍ਰਿਫਤਾਰੀ ਅਣਉਚਿਤ ਹੈ।
ਮੀਟਿੰਗ ਦੌਰਾਨ ਹੈਦਰਾਬਾਦ ਯੂਨੀਵਰਸਿਟੀ 'ਚ ਇੱਕ ਦਲਿਤ ਖੋਜਾਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦਾ ਮਾਮਲਾ ਵੀ ਉਠਿਆ। ਸੀ ਪੀ ਆਈ ਦੇ ਕੌਮੀ ਸਕੱਤਰ ਡੀ ਰਾਜਾ ਨੇ ਮੀਟਿੰਗ ਦੌਰਾਨ ਮੋਦੀ ਨੂੰ ਪੁੱਛਿਆ ਕਿ ਗ੍ਰਹਿ ਮੰਤਰੀ ਖੁਦ ਹੀ ਕੰਮ ਕਰ ਰਹੇ ਹਨ ਜਾਂ ਜੇ ਐੱਨ ਯੂ ਵਿਦਿਆਰਥੀਆਂ ਖਿਲਾਫ ਕਾਰਵਾਈ ਲਈ ਉਨ੍ਹਾਂ ਪੂਰੀ ਸਰਕਾਰ ਵੱਲੋਂ ਪ੍ਰਵਾਨਗੀ ਮਿਲੀ ਹੈ। ਰਾਜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕੋਈ ਭਰੋਸਾ ਤਾਂ ਨਹੀਂ ਦਿੱਤਾ, ਪਰ ਇਸ ਮੁੱਦੇ ਨੂੰ ਦੇਖਣ ਦਾ ਵਾਅਦਾ ਕੀਤਾ ਹੈ।
ਸੀ ਪੀ ਐੱਮ ਦੇ ਸਲੀਮ ਨੇ ਕਿਹਾ ਕਿ ਇੰਨਾ ਕੁਝ ਚਾਰੋਂ ਪਾਸੇ ਹੋ ਰਿਹਾ ਹੈ, ਤਾਂ ਸੁਭਾਵਿਕ ਰੂਪ ਨਾਲ ਇਸ ਦੀ ਗੂੰਜ ਜਮਹੂਰੀਅਤ ਦੇ ਅੰਦਰ ਵਿੱਚ ਸੁਣਾਈ ਦੇਵੇਗੀ। ਮੰਦਰ 'ਚ ਘੰਟੀ ਵੱਜੇਗੀ।