Latest News
ਅਮਲਾਂ ਦੇ ਹੋਣਗੇ ਨਿਬੇੜੇ

Published on 16 Feb, 2016 11:23 AM.

ਪਿਛਲੇਰੇ ਸਾਲ ਜਦੋਂ ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹੁਦਾ ਸੰਭਾਲੇ ਨੂੰ ਛੇ ਮਹੀਨੇ ਵੀ ਨਹੀਂ ਸੀ ਹੋਏ, ਉਨ੍ਹਾ ਨੇ ਸਵੱਛ ਭਾਰਤ ਦੇ ਨਵੇਂ ਨਾਅਰੇ ਨਾਲ ਇੱਕ ਦਿਨ ਆਪ ਝਾੜੂ ਫੜ ਕੇ ਦਿੱਲੀ ਤੋਂ ਸਫ਼ਾਈ ਦੀ ਮੁਹਿੰਮ ਸ਼ੁਰੂ ਕੀਤੀ ਸੀ। ਕਈ ਲੋਕ ਇਸ ਨਵੇਂ ਆਗੂ ਦੀ ਨਵੀਂ ਮੁਹਿੰਮ ਤੋਂ ਬਹੁਤ ਉਤਸ਼ਾਹਤ ਸਨ। ਅਸਲੀ ਸਥਿਤੀ ਇਹ ਸੀ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਪਣੀ ਮੁਹਿੰਮ ਦਾ ਮੁੱਢ ਬੰਨ੍ਹਣ ਵਾਲੀ ਤਕਰੀਰ ਕਰਨ ਪਿੱਛੋਂ ਪਰਤ ਗਏ, ਉਨ੍ਹਾ ਦਾ ਭਾਸ਼ਣ ਸੁਣਨ ਲਈ ਲਿਆਂਦੇ ਲੋਕਾਂ ਦੇ ਬੈਠਣ ਵਾਲੀ ਥਾਂ ਖਾਣ-ਪੀਣ ਦੇ ਸਾਮਾਨ ਦੇ ਖ਼ਾਲੀ ਡੂਨਿਆਂ ਤੇ ਡਿਸਪੋਜ਼ੇਬਲ ਪਲੇਟਾਂ, ਕੱਪਾਂ ਨਾਲ ਭਰੀ ਪਈ ਸੀ। ਸਫ਼ਾਈ ਮੁਹਿੰਮ ਦਾ ਹਿੱਸਾ ਬਣਨ ਦੇ ਲਈ ਆਈ ਭੀੜ ਗੰਦ ਪਾ ਕੇ ਤੁਰਦੀ ਬਣੀ ਤੇ ਬਾਅਦ ਵਿੱਚ ਮਿਉਂਸਪਲ ਕਾਰਪੋਰੇਸ਼ਨ ਦੇ ਸਫ਼ਾਈ ਕਰਮਚਾਰੀ ਇਸ ਗੰਦ ਨੂੰ ਹੂੰਝਣ ਲਈ ਉਚੇਚੇ ਸੱਦਣੇ ਪਏ ਸਨ। ਸਫ਼ਾਈ ਮੁਹਿੰਮ ਬਾਰੇ ਸ਼ੰਕੇ ਵੀ ਓਦੋਂ ਹੀ ਪੈਦਾ ਹੋ ਗਏ ਸਨ।
ਅਸੀਂ ਇਸ ਮੁਹਿੰਮ ਵਿੱਚ ਇਸ ਦੇ ਬਾਅਦ ਕਈ ਹਾਸੋਹੀਣੇ ਪੜਾਅ ਵੀ ਵੇਖੇ ਸਨ। ਕਈ ਥਾਂਈਂ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਫ਼ਾਈ ਮੁਹਿੰਮ ਦੀ ਰਸਮ ਪੂਰਤੀ ਕਰਨ ਵਾਸਤੇ ਗਏ ਤਾਂ ਪਹਿਲਾਂ ਸਾਫ਼ ਪਾਰਕਾਂ ਵਿੱਚ ਗੰਦ ਪਾਉਣ ਲਈ ਉਚੇਚੇ ਬੰਦੇ ਭੇਜੇ ਗਏ ਤੇ ਫਿਰ ਜਾ ਕੇ ਸਫ਼ਾਈ ਦੇ ਫੋਟੋ ਖਿਚਵਾਏ ਗਏ ਸਨ। ਕੁਝ ਥਾਂਈਂ ਤਾਂ ਇਹ ਵੀ ਹੋਇਆ ਕਿ ਮੰਤਰੀ ਜੀ ਨੇ ਜਾ ਕੇ ਕੈਮਰੇ ਵਾਲਿਆਂ ਨੂੰ ਰੋਕ ਦਿੱਤਾ ਤੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਕਿ ਥੋੜ੍ਹਾ ਜਿਹਾ ਗੰਦ ਹੋਰ ਪਾ ਲਵੋ, ਫਿਰ ਅਸੀਂ ਸਾਫ਼ ਕਰ ਦੇਵਾਂਗੇ। ਮੀਡੀਆ ਇਸ ਗੱਲ ਨੂੰ ਵੀ ਕੈਮਰਿਆਂ ਵਿੱਚ ਰਿਕਾਰਡ ਕਰ ਕੇ ਆਪਣੇ ਚੈਨਲਾਂ ਉੱਤੇ ਵਿਖਾਉਣ ਲੱਗ ਪਿਆ। ਇਸ ਨਾਲ ਬਹੁਤ ਜਲੂਸ ਨਿਕਲਿਆ ਸੀ।
ਕਿਉਂਕਿ ਇਹ ਮੁਹਿੰਮ ਮੁੱਢ ਵਿੱਚ ਹੀ ਡਰਾਮੇਬਾਜ਼ੀ ਦਾ ਸ਼ਿਕਾਰ ਹੋ ਗਈ ਸੀ, ਇਸ ਲਈ ਬਾਅਦ ਵਿੱਚ ਵੀ ਡਰਾਮੇਬਾਜ਼ੀ ਬਹੁਤੀ ਹੁੰਦੀ ਰਹੀ ਤੇ ਕੰਮ ਬਹੁਤ ਘੱਟ ਹੋਇਆ ਹੈ। ਕੱਲ੍ਹ ਸ਼ਹਿਰੀ ਵਿਕਾਸ ਮੰਤਰਾਲੇ ਨੇ ਜਦੋਂ ਸਵੱਛਤਾ ਬਾਰੇ ਅੰਕੜੇ ਜਾਰੀ ਕੀਤੇ ਤਾਂ ਜਿਹੜੀ ਸ਼ਰਮਨਾਕ ਸਥਿਤੀ ਸਾਹਮਣੇ ਆਈ ਹੈ, ਉਸ ਨੂੰ ਵੇਖ ਕੇ ਕੋਈ ਭਾਰਤੀ ਨਾਗਰਿਕ ਆਪਣੇ ਦੇਸ਼ ਦੇ ਹਾਲਾਤ ਉੱਤੇ ਕਿਸੇ ਤਰ੍ਹਾਂ ਖੁਸ਼ੀ ਮਹਿਸੂਸ ਨਹੀਂ ਕਰ ਸਕਦਾ।
ਜਿਹੜੇ ਚੰਡੀਗੜ੍ਹ ਬਾਰੇ ਸਾਰੇ ਜਾਣਦੇ ਹਨ ਕਿ ਆਧੁਨਿਕ ਤਰਜ਼ ਉੱਤੇ ਬਣਾਇਆ ਗਿਆ ਸੀ, ਉਹ ਇਸ ਸੂਚੀ ਵਿੱਚ ਦੂਸਰੀ ਥਾਂ ਹੈ, ਤੇ ਇਸ ਉੱਤੇ ਤਸੱਲੀ ਕੀਤੀ ਜਾ ਸਕਦੀ ਹੈ। ਪੁਰਾਣਾ ਰਿਆਸਤੀ ਸ਼ਹਿਰ ਮੈਸੂਰ ਜਦੋਂ ਇਸ ਸੂਚੀ ਵਿੱਚ ਸਿਖ਼ਰ ਉੱਤੇ ਲਿਖਿਆ ਲੱਭਾ ਹੈ ਤਾਂ ਲੋਕਾਂ ਨੂੰ ਬੁਰਾ ਨਹੀਂ ਲੱਗਣਾ। ਤਿਰੁਚਰਾਪਲੀ ਤੀਸਰੇ ਥਾਂ ਦਿੱਸਣ ਦੀ ਹੱਕਦਾਰ ਹੈ ਤੇ ਦਿੱਸਦੀ ਹੈ, ਪਰ ਚੌਥੇ ਥਾਂ ਨਵੀਂ ਦਿੱਲੀ ਲਿਖਿਆ ਵੇਖ ਕੇ ਇੱਕ ਚੁਸਤੀ ਲੱਭ ਜਾਂਦੀ ਹੈ। ਦਿੱਲੀ ਵਿੱਚ ਇੱਕ ਦੀ ਥਾਂ ਤਿੰਨ ਦਿੱਲੀਆਂ ਹਨ ਤੇ ਜਿਹੜੀ ਚੌਥੇ ਥਾਂ ਨਵੀਂ ਦਿੱਲੀ ਲਿਖੀ ਗਈ ਹੈ, ਉਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਾਰੇ ਕੇਂਦਰੀ ਮੰਤਰੀਆਂ ਦੇ ਘਰ ਤੇ ਵਿਦੇਸ਼ਾਂ ਦੇ ਦੂਤ ਘਰ ਹਨ। ਦਿੱਲੀ ਦੇ ਬਾਕੀ ਦੋਵੇਂ ਕਾਰਪੋਰੇਸ਼ਨਾਂ ਦਾ ਇਲਾਕਾ ਵੀ ਭਾਜਪਾ ਦੇ ਮੇਅਰ ਕੰਟਰੋਲ ਕਰਦੇ ਹਨ, ਪਰ ਉਹ ਇਸ ਸੂਚੀ ਵਿੱਚ ਬਹੁਤ ਹੇਠਾਂ ਚਲੇ ਗਏ ਹਨ। ਇੱਕੋ ਦਿੱਲੀ ਵਿੱਚ ਇੱਕ ਪਾਸੇ ਸਫ਼ਾਈ ਤੇ ਦੂਸਰੇ ਪਾਸੇ ਗੰਦ ਮੰਨਣਾ ਪੈ ਗਿਆ ਹੈ।
ਹੋਰ ਵੀ ਮਾੜੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਜਿਹੜੇ ਗੁਜਰਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰਾਂ ਸਾਲ ਮੁੱਖ ਮੰਤਰੀ ਰਹੇ ਹਨ, ਉਸ ਦੀ ਰਾਜਧਾਨੀ ਇਨ੍ਹਾਂ ਦਸਾਂ ਵਿੱਚ ਨਹੀਂ ਹੈ ਅਤੇ ਦੋ ਹੋਰ ਸ਼ਹਿਰ ਆਪਣੇ ਕਾਰੋਬਾਰ ਦੇ ਕਾਰਨ ਪਹਿਲਾਂ ਤੋਂ ਸਾਫ਼ ਰੱਖੇ ਜਾਣ ਵਾਲੇ ਹਨ। ਕੁੱਲ ਤੇਹੱਤਰ ਸ਼ਹਿਰਾਂ ਵਿੱਚੋਂ ਰਾਜਧਾਨੀ ਦਾ ਨੰਬਰ ਬਤਾਲੀਵਾਂ ਹੈ ਅਤੇ ਇਸ ਤੋਂ ਪ੍ਰਧਾਨ ਮੰਤਰੀ ਦੀ ਮੁਹਿੰਮ ਨੂੰ ਲੋਕਾਂ ਦੇ ਹੁੰਗਾਰੇ ਦਾ ਪਤਾ ਲੱਗ ਸਕਦਾ ਹੈ।
ਫਿਰ ਵੀ ਜੇ ਕੋਈ ਭੁਲੇਖਾ ਰਹਿੰਦਾ ਹੋਵੇ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਰਲੀਮੈਂਟਰੀ ਚੋਣ ਹਲਕੇ ਵਾਰਾਣਸੀ ਦੇ ਸ਼ਹਿਰ ਤੋਂ ਲੱਗ ਸਕਦਾ ਹੈ। ਦਸ ਲੱਖ ਤੋਂ ਵੱਧ ਆਬਾਦੀ ਵਾਲੇ ਕੁੱਲ ਤੇਹੱਤਰ ਸ਼ਹਿਰਾਂ ਵਿੱਚ ਵਾਰਾਣਸੀ ਦੇ ਇਸ ਸ਼ਹਿਰ ਦਾ ਪੈਂਹਠਵਾਂ ਨੰਬਰ ਹੈ। ਪਿਛਲੇ ਸਾਲ ਤੋਂ ਗੰਗਾ ਸਫ਼ਾਈ ਦੇ ਨਾਂਅ ਉੱਤੇ ਵੀਹ ਹਜ਼ਾਰ ਕਰੋੜ ਰੁਪਏ ਸਵੱਛ ਭਾਰਤ ਮਿਸ਼ਨ ਹੇਠ ਜਦੋਂ ਦਿੱਤੇ ਗਏ ਤਾਂ ਇਸ ਦਾ ਵੱਡਾ ਹਿੱਸਾ ਵਾਰਾਣਸੀ ਵਿੱਚ ਸਫ਼ਾਈ ਦੇ ਲਈ ਖ਼ਰਚ ਕੀਤੇ ਜਾਣ ਦਾ ਜ਼ਿਕਰ ਹੁੰਦਾ ਰਿਹਾ ਹੈ। ਕਿਸੇ ਵੀ ਦੇਸ਼ ਤੋਂ ਕੋਈ ਵੱਡਾ ਲੀਡਰ ਆਵੇ ਤਾਂ ਵਾਰਾਣਸੀ ਦਾ ਚੱਕਰ ਲਵਾਉਣ ਦਾ ਯਤਨ ਕੀਤਾ ਜਾਂਦਾ ਹੈ। ਪਿੱਛੇ ਜਿਹੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਜਦੋਂ ਆਏ ਤਾਂ ਵਾਰਾਣਸੀ ਵਿੱਚ ਆਰਤੀ ਕਰਨ ਵੀ ਪਹੁੰਚੇ ਸਨ। ਫਿਰ ਵੀ ਉਸ ਸ਼ਹਿਰ ਦੀ ਹਾਲਤ ਮੰਦੀ ਹੈ। ਇਸ ਤੋਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਕੰਮ ਅਮਲ ਵਿੱਚ ਨਹੀਂ ਹੋ ਰਿਹਾ, ਗੱਲਾਂ ਹੀ ਬਹੁਤੀਆਂ ਹੁੰਦੀਆਂ ਹਨ।
ਜਾਂਦੇ-ਜਾਂਦੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਏਥੇ ਵੀ ਹਾਲਤ ਚੰਗੀ ਨਹੀਂ। ਸਿਰਫ਼ ਦੋ ਸ਼ਹਿਰਾਂ ਦਾ ਜ਼ਿਕਰ ਇਨ੍ਹਾਂ ਤੇਹੱਤਰ ਸ਼ਹਿਰਾਂ ਵਿੱਚ ਹੋਇਆ ਹੈ ਤੇ ਉਨ੍ਹਾਂ ਵਿੱਚੋਂ ਚੌਤੀਵੇਂ ਨੰਬਰ ਉੱਤੇ ਲੁਧਿਆਣਾ ਲਿਖਿਆ ਹੋਇਆ ਹੈ ਤੇ ਅੰਮ੍ਰਿਤਸਰ ਦਾ ਨੰਬਰ ਉਨੰਜਵਾਂ ਹੈ। ਪੈਸਾ ਤਾਂ ਇਨ੍ਹਾਂ ਸ਼ਹਿਰਾਂ ਵਿੱਚ ਵੀ ਚੋਖਾ ਖ਼ਰਚ ਕੀਤਾ ਗਿਆ ਹੈ। ਫਿਰ ਵੀ ਪੰਜਾਬ ਦਾ ਕੋਈ ਸ਼ਹਿਰ ਨਾ ਤਿੰਨ ਵਿੱਚ ਦਿਖਾਈ ਦੇਂਦਾ ਹੈ ਤੇ ਨਾ ਤੇਰਾਂ ਵਿੱਚ ਦਿੱਸਦਾ, ਸਗੋਂ ਲੁਧਿਆਣੇ ਵਰਗਾ ਸ਼ਹਿਰ ਵੀ ਚੌਤੀਵੇਂ ਥਾਂ ਲਿਖਿਆ ਹੈ। ਇੰਜ ਲੱਗਦਾ ਹੈ ਕਿ ਏਥੇ ਵੀ ਹਾਲਤ ਬਾਕੀ ਦੇਸ਼ ਦੇ ਵਰਗੀ ਹੈ ਕਿ ਪੈਸਾ ਹੀ ਖ਼ਰਚ ਕੀਤਾ ਜਾਂਦਾ ਹੈ, ਅਮਲੀ ਕਾਰਜ ਉਸ ਤਰ੍ਹਾਂ ਨਹੀਂ ਕੀਤੇ ਜਾਂਦੇ, ਜਿਸ ਤਰ੍ਹਾਂ ਕਰਨ ਦੀ ਲੋੜ ਹੈ। ਖ਼ਰਚ ਕੀਤਾ ਜਾਂਦਾ ਇਹ ਪੈਸਾ ਇਸ ਦੇਸ਼ ਦੇ ਲੋਕਾਂ ਦਾ ਹੈ ਤੇ ਉਨ੍ਹਾਂ ਦੀ ਇੱਛਾ ਤੇ ਲੋੜ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ। ਨਿਬੇੜੇ ਤਾਂ ਆਖਰ ਨੂੰ ਅਮਲਾਂ ਨਾਲ ਹੀ ਹੋਣੇ ਹਨ ਤੇ ਅਮਲ ਬਹੁਤੇ ਚੰਗੇ ਨਤੀਜੇ ਨਹੀਂ ਦੇ ਰਹੇ।

811 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper