ਰਾਹੁਲ ਗਾਂਧੀ ਵਿਰੁੱਧ ਦੇਸ਼ ਧਰੋਹ ਦਾ ਕੇਸ ਦਰਜ

ਇਲਾਹਾਬਾਦ (ਨ ਜ਼ ਸ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਦੇ ਮਾਮਲੇ 'ਚ ਇਲਾਹਾਬਾਦ ਹਾਈ ਕੋਰਟ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਰਾਹੁਲ ਗਾਂਧੀ ਜੇ ਐੱਨ ਯੂ ਦੇ ਵਿਦਿਆਰਥੀਆਂ ਦਾ ਸਮੱਰਥਨ ਕਰਨ ਲਈ ਕੈਂਪਸ ਗਏ ਸਨ। ਉਹਨਾ ਕਿਹਾ ਸੀ ਕਿ ਉਹ ਦੇਸ਼ ਵਿਰੋਧੀ ਨਾਅਰਿਆਂ ਦਾ ਸਮੱਰਥਨ ਨਹੀਂ ਕਰਦੇ ਹਨ, ਪਰ ਬੋਲਣ ਦੀ ਆਜ਼ਾਦੀ ਦੀ ਹਮਾਇਤ ਕਰਦੇ ਹਨ। ਰਾਹੁਲ ਗਾਂਧੀ ਵਿਰੁੱਧ ਇਲਾਹਾਬਾਦ ਦੇ ਸੀ ਜੇ ਐਮ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਸੀ। ਇਸ ਅਰਜ਼ੀ 'ਚ ਰਾਹੁਲ ਗਾਂਧੀ ਉੱਪਰ ਦੇਸ਼ ਵਿਰੋਧੀ ਨਾਹਰੇ ਲਾਉਣ ਦੇ ਦੋਸ਼ੀਆਂ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਗਿਆ ਹੈ। ਵਿਦਿਆਰਥੀਆਂ ਦੀ ਹਮਾਇਤ 'ਚ ਰਾਹੁਲ ਗਾਂਧੀ ਨੇ ਜੇ ਐੱਨ ਯੂ 'ਚ ਜ਼ੋਰਦਾਰ ਭਾਸ਼ਣ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ਵਿਦਿਆਰਥੀਆਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਦੇਸ਼ ਧਰੋਹ ਹੈ। ਉਨ੍ਹਾ ਨੇ ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਬਾਰੇ ਕਿਹਾ ਸੀ ਕਿ ਇੱਕ ਨੌਜਵਾਨ ਨੇ ਆਪਣੀ ਗੱਲ ਰੱਖੀ ਹੈ ਅਤੇ ਸਰਕਾਰ ਉਸ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਰਹੀ ਹੈ। ਆਪਣੇ ਭਾਸ਼ਣ 'ਚ ਰਾਹੁਲ ਗਾਂਧੀ ਨੇ ਭਾਜਪਾ ਆਗੂਆਂ ਦੀ ਜ਼ੋਰਦਾਰ ਆਲੋਚਨਾ ਕੀਤੀ ਸੀ। ਇਸ ਦੇ ਜਵਾਬ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਆਪਣੇ ਬਿਆਨ ਤੋਂ ਬਾਅਦ ਸੋਚਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਨਾਲ ਹਨ ਜਾਂ ਦੇਸ਼ ਧਰੋਹੀਆਂ ਦੇ ਹੱਕ 'ਚ ਹਨ।