ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਦੇਸ਼ ਭਰ 'ਚ ਕਈ ਥਾਵਾਂ 'ਤੇ ਛਾਪੇ

ਨਵੀਂ ਦਿੱਲੀ (ਨ ਜ਼ ਸ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਦੇਸ਼ ਵਿਰੋਧੀ ਨਾਅਰੇ ਲਾਉਣ ਦੇ ਮਾਮਲੇ 'ਚ ਪੁਲਸ ਦੋਸ਼ੀ ਵਿਦਿਆਰਥੀਆਂ ਦੀ ਭਾਲ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਉੱਤਰ ਪ੍ਰਦੇਸ਼, ਬਿਹਾਰ ਤੇ ਸ੍ਰੀਨਗਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਦਿੱਲੀ ਅਤੇ ਜੰਮੂ ਦੇ ਕਈ ਇਲਾਕਿਆਂ 'ਚ ਦੇਸ਼ ਧਰੋਹੀ ਨਾਅਰੇ ਲਾਉਣ ਦੇ ਦੋਸ਼ੀ ਉਮਰ ਖਾਲਿਦ ਸਮੇਤ 5 ਦੋਸ਼ੀਆਂ ਦੀ ਭਾਲ 'ਚ ਛਾਪੇ ਮਾਰੇ। ਇਸੇ ਦਰਮਿਆਨ ਗ੍ਰਹਿ ਮੰਤਰਾਲੇ ਨੇ ਇਸ ਖਬਰ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਨੱ੍ਹਈਆ ਨੇ ਦੇਸ਼ ਵਿਰੋਧੀ ਹਰਕਤ ਨਹੀਂ ਕੀਤੀ ਅਤੇ ਨਾ ਹੀ ਦੇਸ਼ ਵਿਰੁੱਧ ਨਾਅਰੇ ਲਾਏ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਕਨੱ੍ਹਈਆ ਕੁਮਾਰ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾ ਕਿਹਾ ਕਿ ਸਿਰਫ ਨਾਅਰੇ ਲਾਉਣਾ ਹੀ ਦੇਸ਼ ਧਰੋਹ ਦੇ ਦਾਇਰੇ 'ਚ ਨਹੀਂ ਆਉਂਦਾ। ਪਰ ਨਾਲ ਹੀ ਕਿਹਾ ਕਿ ਨਾਅਰੇ ਲਾਉਣ ਤੋਂ ਬਿਨਾਂ ਕਈ ਹਰਕਤਾਂ ਦੇਸ਼ ਧਰੋਹ ਦੇ ਮਾਮਲੇ 'ਚ ਆਉਂਦੀਆਂ ਹਨ। ਉਨ੍ਹਾ ਕਿਹਾ ਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਸਮਾਂ ਆਉਣ 'ਤੇ ਅਸੀਂ ਪੂਰੀ ਜਾਣਕਾਰੀ ਦਿਆਂਗੇ।
ਸੂਤਰਾਂ ਅਨੁਸਾਰ ਪੁਲਸ ਕਨ੍ਹੱਈਆ ਦੀ ਆਵਾਜ਼ ਦੇ ਸੈਂਪਲ ਦਾ ਮਿਲਾਨ ਕਰੇਗੀ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਪੂਰੀ ਜਾਂਚ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਟੀ ਵੀ ਰਿਪੋਰਟਾਂ ਅਨੁਸਾਰ ਦਿੱਲੀ ਪੁਲਸ ਦੀ ਪੁਛਗਿੱਛ 'ਚ ਕਨੱ੍ਹਈਆ ਕੁਮਾਰ ਨੇ ਕਿਹਾ ਕਿ ਉਸ ਨੇ ਦੇਸ਼ ਵਿਰੋਧੀ ਨਾਅਰੇ ਨਹੀਂ ਲਾਏ ਸਨ ਅਤੇ ਉਹ ਪ੍ਰੋਗਰਾਮ ਖਤਮ ਹੋ ਜਾਣ ਮਗਰੋਂ ਹੀ ਉੱਥੇ ਪੁੱਜਾ ਸੀ।
ਜੇ ਐੱਨ ਯੂ 'ਚ ਨਾਅਰੇਬਾਜ਼ੀ ਮਗਰੋਂ ਵਰਕਰ ਉਮਰ ਖਾਲਿਦ, ਆਸ਼ੂਤੋਸ਼ ਕੁਮਾਰ, ਅਨਰਿਬਨ ਭਟਾਚਾਰੀਆ, ਰਾਮਾਨਾਗਾ, ਅਨੰਤ ਪ੍ਰਕਾਸ਼ ਦੀ ਭਾਲ 'ਚ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਦਿੱਲੀ ਪੁਲਸ ਅਨੁਸਾਰ ਉਮਰ ਖਾਲਿਦ ਦਾ ਕਈ ਅੱਤਵਾਦੀ ਜਥੇਬੰਦੀਆਂ ਨਾਲ ਸੰਪਰਕ ਹੈ। ਪੁਲਸ ਅਨੁਸਾਰ ਫੋਨ ਰਿਕਾਰਡ ਤੋਂ ਵੀ ਇਹ ਸਬੂਤ ਮਿਲੇ ਹਨ ਕਿ ਉਹ ਪਾਕਿਸਤਾਨ ਦੇ ਕਈ ਲੋਕਾਂ ਦੇ ਸੰਪਰਕ 'ਚ ਸੀ ਅਤੇ ਉਸ ਦੇ ਆਈ ਐੱਸ ਆਈ ਨਾਲ ਸੰਬੰਧਾਂ ਬਾਰੇ ਪਤਾ ਗ੍ਰਿਫਤਾਰੀ ਮਗਰੋਂ ਪੁੱਛਗਿੱਛ 'ਤੇ ਹੀ ਚੱਲ ਸਕੇਗਾ।