ਚੋਣਾਂ ਆਪਣੇ ਬਲਬੂਤੇ 'ਤੇ ਲੜਾਂਗੇ : ਕਸ਼ਯਪ

ਰੂਪਨਗਰ (ਖੰਗੂੜਾ)
ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਸਾਲ 2017 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪਾਰਟੀ ਨਾਲ ਸਮਝੌਤਾ ਬਾਰੇ ਕੋਈ ਗੱਲਬਾਤ ਨਹੀਂ ਹੋਈ। ਪਾਰਟੀ ਆਪਣੇ ਬਲਬੂਤੇ 'ਤੇ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਣ ਲਈ ਜ਼ੋਰਦਾਰ ਤਿਆਰੀ ਕਰ ਰਹੀ ਹੈ। ਇਸ ਗੱਲ ਦਾ ਖੁਲਾਸਾ ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਨਰਿੰਦਰ ਕਸ਼ਯਪ ਮੈਂਬਰ ਰਾਜ ਸਭਾ ਨੇ ਰੂਪਨਗਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਕੀਤਾ। ਉਹ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਮਿਲ ਕੇ ਲੜਣ ਬਾਰੇ ਬੋਲ ਰਹੇ ਸਨ। ਉਨ੍ਹਾ ਕਿਹਾ ਕਿ ਇਹ ਸਿਰਫ਼ ਅਖਬਾਰੀ ਚਰਚਾ ਹੀ ਹੈ, ਜਿਨ੍ਹਾਂ ਬਾਰੇ ਉਹ ਵੀ ਅਖਬਾਰਾਂ 'ਚ ਹੀ ਪੜ੍ਹ ਰਹੇ ਹਨ। ਉਨ੍ਹਾ ਸਪੱਸ਼ਟ ਕੀਤਾ ਕਿਸੇ ਪਾਰਟੀ ਨਾਲ ਸਮਝੌਤਾ ਕਰਨ ਬਾਰੇ ਜੇਕਰ ਕਿਸੇ ਪਾਰਟੀ ਤੋਂ ਕੋਈ ਠੋਸ ਸੁਝਾਅ ਆਉਂਦਾ ਹੈ ਤਾਂ ਅਸੀ ਉਸ ਨੂੰ ਰਾਸ਼ਟਰੀ ਪ੍ਰਧਾਨ ਮਾਇਆਵਤੀ ਕੋਲ ਰੱਖਾਂਗੇ ਅਤੇ ਅੰਤਮ ਫੈਸਲਾ ਰਾਸ਼ਟਰੀ ਪ੍ਰਧਾਨ ਨੇ ਹੀ ਲੈਣਾ ਹੈ।
ਸ਼੍ਰੀ ਕਸ਼ਯਪ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਬਸਪਾ ਵੱਲਂੋ 15 ਮਾਰਚ ਨੂੰ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਜਨਮ ਦਿਨ ਦੇ ਮੌਕੇ ਇਕ ਵਿਸ਼ਾਲ ਇਤਿਹਾਸਕ ਮਹਾਂ ਰੈਲੀ ਨਵਾਂਸ਼ਹਿਰ ਦੀ ਨਵੀਂ ਅਨਾਜ ਮੰਡੀ 'ਚ ਕੀਤੀ ਜਾ ਰਹੀ ਹੈ, ਜਿਸ ਦੇ ਮੁੱਖ ਮਹਿਮਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਰਾਜ ਸਭਾ ਮੈਂਬਰ ਭੈਣ ਮਾਇਆਵਤੀ ਹੋਣਗੇ। ਇਸ ਰੈਲੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਪਾਰਟੀ ਵਰਕਰ ਤੇ ਸਮਰਥਕ ਸ਼ਿਕਰਤ ਕਰਨਗੇ। ਉਨ੍ਹਾ ਦਾਅਵਾ ਕੀਤਾ ਕਿ ਇਹ ਇਤਿਹਾਸਕ ਰੈਲੀ ਪੰਜਾਬ ਦੀ ਰਾਜਨੀਤੀ ਦਾ ਰੁਖ ਬਦਲ ਕੇ ਰੱਖ ਦੇਵੇਗੀ ਅਤੇ ਬਸਪਾ ਪੰਜਾਬ ਪ੍ਰਦੇਸ਼ ਦੇ ਲੋਕਾਂ ਸਾਹਮਣੇ ਅਕਾਲੀ-ਭਾਜਪਾ ਸਰਕਾਰ ਦੇ ਮਜ਼ਬੂਤ ਬਦਲ ਦੇ ਰੂਪ ਵਿਚ ਉਭਰੇਗੀ।
ਉਨ੍ਹਾ ਪੱਤਰਕਾਰਾਂ ਵੱਲੋਂ ਰਾਖਵਾਂਕਰਨ ਨੂੰ ਲੈ ਕੇ ਹਰਿਆਣਾ 'ਚ ਜਾਟ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਜਾਟਾਂ ਨੂੰ ਓ ਬੀ ਸੀ ਵਰਗਾਂ 'ਚ ਰਾਖਵਾਂਕਰਨ ਦੇਣ ਦੀ ਵਿਰੋਧੀ ਨਹੀਂ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਇਸ ਸੰਬੰਧ ਵਿੱਚ ਦਿੱਤੇ ਗਏ ਫੈਸਲੇ ਬਾਰੇ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕਣ ਕਾਰਨ ਅੱਜ ਹਰਿਆਣਾ 'ਚ ਇਹ ਸਥਿਤੀ ਪੈਦਾ ਹੋਈ ਹੈ। ਪੰਜਾਬ ਵਿੱਚ ਵੀ ਸੈਣੀ ਸਮਾਜ ਵੱਲੋਂ ਓ ਬੀ ਸੀ ਤਹਿਤ ਰਾਖਵਾਂਕਰਨ ਦੀ ਮੰਗ ਜਾਇਜ਼ ਹੈ, ਕਿਉਂ ਜੋ ਹੋਰ ਰਾਜਾਂ ਵਿੱਚ ਸੈਣੀ ਸਮਾਜ ਨੂੰ ਇਸ ਦਾ ਲਾਭ ਪਹਿਲਾ ਹੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਵਾਹਰ ਲਾਲ ਯੂਨੀਵਰਸਿਟੀ ਦੇ ਮੁੱਦੇ ਨੂੰ ਸਹੀ ਢੰਗ ਨਾਲ ਕਾਬੂ ਨਾ ਕਰਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵੱਲੋਂ ਫੈਸਲੇ ਲੈਣ 'ਚ ਕਾਹਲ ਕੀਤੀ ਗਈ ਹੈ।
ਸ੍ਰੀ ਕਸ਼ਯਪ ਨੇ ਇਸ ਮੌਕੇ ਪੰਜਾਬ ਵਿੱਚ ਅਕਾਲੀ- ਭਾਜਪਾ ਵਾਲੀ ਬਾਦਲ ਸਰਕਾਰ ਦੇ 9 ਸਾਲਾਂ ਦੌਰਾਨ ਪੰਜਾਬ ਨੂੰ ਜੰਗਲ ਰਾਜ 'ਚ ਤਬਦੀਲ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਧਾਰਮਕ ਬੇਅਦਬੀ, ਕਿਸਾਨਾਂ ਦੀ ਕਰਜ਼ਿਆਂ ਨਾਲ ਦੁਰਦਸ਼ਾ, ਦਲਿਤਾਂ ਦੇ ਕਤਲ, ਨਰਮੇ ਦੀ ਤਬਾਹੀ, ਧਾਨ ਦੀ ਫਸਲ ਦੀ ਬੇਕਦਰੀ, ਨਸ਼ਿਆਂ ਨਾਲ ਨੌਜਵਾਨੀ ਦੀ ਤਬਾਹੀ, ਬੇਰੁਜ਼ਗਾਰੀ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। ਜੇਕਰ ਕਿਤੇ ਵਿਕਾਸ ਹੋਇਆ ਤਾ ਉਹ ਕੁਝ ਇੱਕ ਖੇਤਰਾਂ ਤੱਕ ਹੀ ਸੀਮਤ ਹੈ। ਕਾਂਗਰਸ ਵੀ ਆਪਣੇ ਲੰਬੇ ਰਾਜ ਦੌਰਾਨ ਲੋਕਾਂ ਨਾਲ ਕੋਈ ਇਨਸਾਫ ਨਹੀਂ ਕਰ ਸਕੀ। ਕਾਂਗਰਸ ਵੀ ਆਪਣੇ ਨਾਲ ਲੋਕਾਂ ਨੂੰ ਜੌੜ ਨਹੀਂ ਪਾ ਰਹੀ। ਕੇਂਦਰ ਦੀ ਮੋਦੀ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਆਪਣੇ-ਆਪਣੇ ਸ਼ਾਸਨਕਾਲ ਦੌਰਾਨ ਲੋਕਾਂ ਨਾਲ ਕੀਤੇ ਵਾਅਦਾ ਪੂਰਾ ਕਰਨ 'ਚ ਅਸਫਲ ਰਹੀਆਂ ਹਨ। ਲੋਕਾਂ ਦਾ ਹੁਣ ਮੋਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਪ੍ਰਤੀ ਵੀ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਲੋਕ ਸੱਤਾਧਾਰੀ ਅਕਾਲੀ/ਭਾਜਪਾ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਤੋਂ ਪਰੇਸ਼ਾਨ ਹਨ ਅਤੇ ਪੰਜਾਬ ਵਿੱਚ ਬਦਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਅਕਾਲੀ/ ਭਾਜਪਾ ਦਾ ਕੋਈ ਬਦਲ ਹੈ ਤਾ ਉਹ ਬਸਪਾ ਹੀ ਰਾਜ ਦੇ ਲੋਕਾਂ ਦੀਆਂ ਇਛਾਵਾਂ 'ਤੇ ਪੂਰੀ ਉਤਰ ਸਕਦੀ ਹੈ, ਕਿਉਂਕਿ ਸਾਡੇ ਕੋਲ ਲੋਕਾਂ ਦੀਆਂ ਇਛਾਵਾਂ ਪੂਰਾ ਕਰਨ ਲਈ ਮਜ਼ਬੂਤ ਇੱਛਾ-ਸ਼ਕਤੀ ਹੈ। ਇਸ ਦਾ ਸਬੂਤ 15 ਮਾਰਚ ਦੀ ਨਵਾਂਸ਼ਹਿਰ ਦੀ ਵਿਸ਼ਾਲ ਰੈਲੀ ਸਾਬਤ ਕਰੇਗੀ।
ਸ੍ਰੀ ਕਸ਼ਯਪ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਸੱਤਾ ਹਾਸਲ ਕਰਨ ਲਈ ਸਵਰਥੀ ਲੋਕ ਵੱਖ-ਵੱਖ ਤਰ੍ਹਾਂ ਦੇ ਲਾਰੇ ਲਗਾ ਕੇ ਲੋਕਾਂ ਗੁੰਮਰਾਹ ਕਰਨ ਲਈ ਸਰਗਰਮ ਹਨ, ਜਦਕਿ ਬਸਪਾ ਆਪਣੀ ਕਹਿਣੀ ਅਤੇ ਕਥਨੀ ਤੇ ਖਰਾ ਉਤਰਨ ਵਾਲੀ ਦ੍ਰਿੜ੍ਹ ਇੱਛਾ-ਸ਼ਕਤੀ ਵਾਲੀ ਪਾਰਟੀ ਹੈ।
ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ, ਦੀਪ ਸਿੰਘ ਰਾਹੀ, ਰਾਜਿੰਦਰ ਸਿੰਘ ਰਾਜਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਐਡਵੋਕੇਟ ਚਰਨਜੀਤ ਸਿੰਘ ਘਈ, ਹਰਜੀਤ ਸਿੰਘ ਲੌਂਗੀਆ ਤੇ ਰਛਪਾਲ ਸਿੰਘ ਆਦਿ ਬਸਪਾ ਆਗੂ ਹਾਜ਼ਰ ਸਨ। ਨਰਿੰਦਰ ਕਸ਼ਯਪ ਨੇ ਇਸ ਮੌਕੇ ਗੁਰੂ ਰਵਿਦਾਸ ਜੀ ਮਹਾਰਾਜ ਦੇ 22 ਫਰਵਰੀ ਨੂੰ ਪ੍ਰਕਾਸ਼ ਦਿਹਾੜੇ ਦੀ ਸਭ ਨੂੰ ਵਧਾਈ ਵੀ ਦਿੱਤੀ।