ਭੀਖੀ ਦੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਸਟਾਫ਼ ਦੀ ਉਡੀਕ 'ਚ

ਭੀਖੀ (ਗੁਰਿੰਦਰ ਔਲਖ)
ਜੇਕਰ ਗੌਰ ਨਾਲ਼ ਦੇਖਿਆ ਜਾਵੇ ਤਾਂ ਸੂਬੇ ਦੇ ਜ਼ਿਲ੍ਹਾ ਹੈਡਕੁਆਟਰ ਤੇ ਉੱਪ ਮੰਡਲਾਂ 'ਚ ਅਨੇਕਾਂ ਸਰਕਾਰੀ ਇਮਾਰਤਾਂ ਲਵਾਰਸ ਪਈਆਂ ਦਿਸਦੀਆਂ ਹਨ। ਇਸ ਸੰਬੰਧੀ ਸਮੇਂ-ਸਮੇਂ 'ਤੇ ਮੀਡੀਆ ਵਿੱਚ ਖ਼ਬਰਾਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਸਰਕਾਰੀ ਇਮਾਰਤਾਂ 'ਤੇ ਕਰੋੜਾ ਰੁਪਏ ਖ਼ਰਚ ਕੇ ਉਸ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ਦੀ ਮਿਸਾਲ ਭੀਖੀ ਦੇ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਤੋਂ ਮਿਲਦੀ ਹੈ। ਇਸ ਦਾ ਕੋਈ ਵਾਲੀ-ਵਾਰਸ ਨਹੀਂ ਨਜ਼ਰ ਆ ਰਿਹਾ। ਇਹ ਦੱਸਣਾ ਉਚਿੱਤ ਹੋਵੇਗਾ ਕਿ ਪਹਿਲਾਂ ਪਸ਼ੂ ਹਸਪਤਾਲ ਨਗਰ ਪੰਚਾਇਤ ਦਫ਼ਤਰ ਦੇ ਬਿਲਕੁਲ ਸਾਹਮਣੇ ਵਾਲ਼ੀ ਜਗ੍ਹਾ 'ਤੇ ਚਿਰਾਂ ਤੋਂ ਚੱਲ ਰਿਹਾ ਸੀ, ਪਰ ਪੰਚਾਇਤ ਵੱਲੋਂ ਇਸ ਜਗ੍ਹਾ ਨੂੰ ਵਪਾਰਕ ਮਕਸਦ ਲਈ ਵੇਚ ਦਿੱਤਾ ਗਿਆ, ਜਿੱਥੇ ਅੱਜਕੱਲ੍ਹ ਦੁਕਾਨਾਂ ਦੀ ਉਸਾਰੀ ਚੱਲ ਰਹੀ ਹੈ। ਪਸ਼ੂ ਹਸਪਤਾਲ ਨੂੰ ਬੁਢਲਾਡਾ ਰੋਡ 'ਤੇ ਪੰਚਾਇਤ ਵੱਲੋਂ ਜਗ੍ਹਾ ਦੇ ਦਿੱਤੀ ਗਈ। ਹੁਣ ਪਸ਼ੂ ਹਸਪਤਾਲ ਆਰਜ਼ੀ ਤੌਰ 'ਤੇ ਪੁਰਾਣੇ ਵਾਟਰ ਵਰਕਸ ਦੇ ਇੱਕ ਪੁਰਾਣੇ ਕਮਰੇ ਵਿੱਚ ਚਲਾਇਆ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਬੁਢਲਾਡਾ ਰੋਡ 'ਤੇ ਹਸਪਤਾਲ ਲਈ ਦਿੱਤੀ ਜਗ੍ਹਾ 'ਤੇ ਡੇਢ ਸਾਲ ਪਹਿਲਾਂ ਇਮਾਰਤ ਬਣ ਕੇ ਤਿਆਰ ਹੋ ਗਈ ਸੀ, ਜਿਸ 'ਤੇ ਰੰਗ-ਰੋਗਨ ਸਮੇਤ ਲੱਗਭੱਗ ਸਾਰੇ ਕੰਮ ਮੁਕੱਮਲ ਹੋ ਗਏ ਸਨ, ਪਰ ਪਤਾ ਨਹੀਂ ਕਿਉਂ ਸਾਰਾ ਕੁਝ ਤਿਆਰ-ਬਰ-ਤਿਆਰ ਹੋਣ ਦੇ ਬਾਵਜੂਦ ਹਸਪਤਾਲ ਇੱਥੇ ਤਬਦੀਲ ਨਹੀਂ ਕੀਤਾ ਗਿਆ। ਪਿਛਲੇ ਡੇਢ ਸਾਲ ਤੋਂ ਇਸ ਇਮਾਰਤ ਦੀ ਦੇਖਭਾਲ ਨਾ ਹੋਣ ਕਾਰਨ ਇਹ ਇਮਾਰਤ ਖੰਡਰ ਬਣਦੀ ਜਾ ਰਹੀ ਸੀ। ਜਦੋਂ ਇਸ ਸੰਬੰਧੀ ਅਖਬਾਰਾਂ 'ਚ ਕੁਝ ਸਮਾਂ ਪਹਿਲਾਂ ਖ਼ਬਰ ਪ੍ਰਮੁੱਖਤਾ ਨਾਲ਼ ਪ੍ਰਕਾਸ਼ਤ ਕੀਤੀ ਸੀ ਤਾਂ ਪ੍ਰਸ਼ਾਸਨ ਵੱਲੋਂ ਇਸ ਇਮਾਰਤ 'ਤੇ ਫਿਰ ਧਿਆਨ ਦਿੱਤਾ ਜਾਣ ਲੱਗਾ। ਇਮਾਰਤ ਨੂੰ ਫਿਰ ਤੋਂ ਰੰਗ-ਰੋਗਨ ਕਰਕੇ ਚਮਕਾ ਦਿੱਤਾ ਗਿਆ। ਭੀਖੀ ਵਾਸੀਆਂ ਨੂੰ ਲੱਗਣ ਲੱਗਾ ਕਿ ਹੁਣ ਉਨ੍ਹਾਂ ਨੂੰ ਆਪਣੇ ਪਸ਼ੂ ਦੂਰ ਲਿਜਾਣ ਦੀ ਬਜਾਏ ਇਸੇ ਇਮਾਰਤ ਵਿੱਚ ਸੇਵਾਵਾਂ ਮਿਲਣਗੀਆਂ, ਪਰ ਭੀਖੀ ਵਾਸੀਆਂ ਦੀ ਇਸ ਆਸ ਨੂੰ ਅਜੇ ਵੀ ਬੂਰ ਨਹੀਂ ਪਿਆ। ਲੋਕ ਹੈਰਾਨ ਹਨ ਕਿ ਲੱਖਾਂ ਰੁਪਏ ਖਰਚ ਕੇ ਖੜ੍ਹੀ ਕੀਤੀ ਇਹ ਇਮਾਰਤ ਵਿੱਚ ਆਖ਼ਰ ਕਦੋਂ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਸੰਬੰਧੀ ਜਦੋਂ ਵਿਭਾਗ ਦੇ ਡਿਪਟੀ ਡਾਇਰੈਕਟਰ ਅਮ੍ਰਿਤਪਾਲ ਸਿੰਘ ਨਾਲ਼ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਅਜੇ ਕੁੱਝ ਕੰੰਮ ਬਾਕੀ ਰਹਿੰਦੇ ਹਨ। ਜਦੋਂ ਵੀ ਸਾਨੂੰ ਕੰਮ ਪੂਰੇ ਹੋਣ ਦੀ ਇਤਲਾਹ ਮਿਲ ਜਾਵੇਗੀ ਤਾਂ ਜਲਦੀ ਹੀ ਸਾਜ਼ੋ-ਸਾਮਾਨ ਸਮੇਤ ਅਮਲੇ ਨੂੰ ਇਸ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਮਾਰਤ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ, ਪਰ ਸਟਾਫ਼ ਅਜੇ ਆਉਣਾ ਨਹੀਂ ਚਾਹੁੰਦਾ। ਹੁਣ ਸਮਾਂ ਹੀ ਦੱਸੇਗਾ ਕਿ ਤਿਆਰ ਹੋ ਚੁੱਕੀ ਪਸ਼ੂ ਹਸਪਤਾਲ ਦੀ ਇਮਾਰਤ ਵਿੱਚ ਕਦੋਂ ਪਸ਼ੂਆਂ ਦਾ ਇਲਾਜ਼ ਸ਼ੁਰੂ ਹੋਵੇਗਾ ਜਾਂ ਫਿਰ ਇਹ ਲਵਾਰਿਸ ਹੀ ਰਹੇਗੀ।