ਹਿਟਲਰਸ਼ਾਹੀ ਤਰੀਕਿਆਂ ਨਾਲ ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ : ਬੰਤ ਬਰਾੜ

ਅੰਮ੍ਰਿਤਸਰ, (ਜਸਬੀਰ ਸਿੰਘ)
ਏਕਤਾ ਭਵਨ ਪੁਤਲੀਘਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕਾਡਰ ਦੀ ਮੀਟਿੰਗ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸਾਬਕਾ ਸਟੇਟ ਸਕੱਤਰ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਮੀਟਿੰਗ 'ਚ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦੀਆਂ ਸ੍ਰੀ ਬਰਾੜ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਚੁਣੇ ਹੋਏ ਪ੍ਰਧਾਨ ਘਨ੍ਹਈਆ ਕੁਮਾਰ ਉਪਰ ਦੇਸ਼-ਧਰੋਹ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਸੰਸਾਰ ਪੱਧਰ ਉਪਰ ਨਾਮਣੇ ਵਾਲੀ ਇਸ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਕੋਝੀ ਸਾਜ਼ਿਸ਼ ਰਚੀ ਜਾ ਰਹੀ ਹੈ। ਬੀ ਜੇ ਪੀ ਦੀ ਸਰਕਾਰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਫਿਰਕੂ ਵਿਚਾਰਧਾਰਾ ਜ਼ਬਰਦਸਤੀ ਦੇਸ਼ ਦੇ ਲੋਕਾਂ ਉਪਰ ਲਾਗੂ ਕਰ ਰਹੀ ਹੈ। ਅਦਾਲਤਾਂ ਦੇ ਅੰਦਰ ਹੀ ਪੱਤਰਕਾਰਾਂ, ਵਕੀਲਾਂ, ਘਨ੍ਹਈਆ ਕੁਮਾਰ ਅਤੇ ਉਸ ਦੇ ਹਮਾਇਤੀਆਂ ਉਪਰ ਹਮਲਿਆਂ ਨੇ ਇਹਨਾਂ ਦੀ ਫਾਸ਼ਿਸ਼ਟ ਵਿਚਾਰਧਾਰਾ ਨੂੰ ਨੰਗਾ ਕਰ ਦਿੱਤਾ ਹੈ। ਸ੍ਰੀ ਬਰਾੜ ਨੇ ਕਿਹਾ ਕਿ ਇਹਨਾਂ ਘਟਨਾਵਾਂ, ਖਾਸ ਕਰਕੇ ਦਿੱਲੀ ਦੀਆਂ ਅਦਾਲਤਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਦਿੱਲੀ ਪੁਲਸ ਦਾ ਫਿਰਕੂ ਚਿਹਰਾ ਵੀ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਪੁਲਸ ਕਮਿਸ਼ਨਰ ਸੰਘ ਪਰਵਾਰ ਦੀ ਬੋਲੀ ਰਿਹਾ ਹੈ ਅਤੇ ਸੰਘ ਪਰਵਾਰ ਦੇ ਹੁਕਮਾਂ ਨੂੰ ਲਾਗੂ ਕਰ ਰਿਹਾ ਹੈ ਅਤੇ ਉਹਨਾਂ ਦੀ ਗੁੰਡਾਗਰਦੀ ਨੂੰ ਛੁਪਾਉਣ ਲਈ ਵਾਰ-ਵਾਰ ਝੂਠ ਬੋਲ ਰਿਹਾ ਹੈ। ਮੀਡੀਆ ਰਾਹੀਂ ਦਿੱਲੀ ਪੁਲਸ ਦੇ ਕਮਿਸ਼ਨਰ ਅਤੇ ਕੇਂਦਰ ਸਰਕਾਰ ਦਾ ਝੂਠ ਨੰਗਾ ਹੋ ਗਿਆ ਹੈ। ਬੀ ਜੇ ਪੀ ਅਤੇ ਸੰਘ ਪਰਵਾਰ ਦੇ ਨੰਗੇ ਨਾਚ ਵਿਰੁੱਧ ਦੇਸ਼ ਦੇ ਵਿਦਿਆਰਥੀ ਅਤੇ ਆਮ ਲੋਕ ਉਠ ਖੜੇ ਹੋਏ ਹਨ। ਉਹਨਾ ਜ਼ੋਰ ਦੇ ਕਿਹਾ ਕਿ ਹਿਟਲਰਸ਼ਾਹੀ ਤਰੀਕਿਆਂ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਲੋਕ ਜਾਗਰਤ ਹਨ। ਕਮਿਊਨਿਸਟ ਪਾਰਟੀ ਹਰ ਤਰ੍ਹਾਂ ਦੀ ਫਿਰਕੂ ਅਤੇ ਧੌਂਸਵਾਦੀ ਗੱਲ ਦਾ ਡਟ ਦੇ ਵਿਰੋਧ ਕਰੇਗੀ।
ਮੀਟਿੰਗ ਵਿੱਚ ਇਕ ਵੱਖਰਾ ਮਤਾ ਪਾਸ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀਆਂ ਦੇ ਪ੍ਰਧਾਨ ਘਨ੍ਹਈਆ ਕੁਮਾਰ ਨੂੰ ਫੌਰੀ ਰਿਹਾਅ ਕਰਨ ਅਤੇ ਉਹਨਾ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਿਸ ਲੈਣ ਦੀ ਮੰਗ ਕੀਤੀ ਗਈ। ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਆਸਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ਫਿਰਕੂ ਲੀਹਾਂ ਉਪਰ ਵੰਡਣਾ ਕਿਸੇ ਵੀ ਤਰ੍ਹਾਂ ਦੇਸ਼ ਦੇ ਹਿੱਤ ਵਿੱਚ ਨਹੀਂ।